ਏਂਜਸੀ
ਤਿਰੂਨੇਲਵੇਲੀ, 12 ਅਪ੍ਰੈਲ : ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਤਿਰੂਨੇਲਵੇਲੀ ਵਿੱਚ ਇੱਕ ਚੋਣ ਰੈਲੀ ਕੀਤੀ। ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਵਿਚਾਰਧਾਰਾ ਦੀ ਜੰਗ ਚੱਲ ਰਹੀ ਹੈ। ਇੱਕ ਪਾਸੇ ਨਿਆਂ, ਆਜ਼ਾਦੀ ਅਤੇ ਬਰਾਬਰੀ ਹੈ, ਦੂਜੇ ਪਾਸੇ ਆਰਐਸਐਸ, ਪੀਐਮ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਈਡੀ, ਸੀਬੀਆਈ ਤੇ ਆਈਟੀ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ। ਪ੍ਰਧਾਨ ਮੰਤਰੀ ਖੁਦ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਦੇ ਹਨ। ਕਾਂਗਰਸ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਰੋਧੀ ਨੇਤਾਵਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰਾਹੁਲ ਨੇ ਕਿਹਾ ਕਿ ਭਾਰਤ ਦੀਆਂ ਕਈ ਭਾਸ਼ਾਵਾਂ, ਸੱਭਿਆਚਾਰ ਅਤੇ ਇਤਿਹਾਸ ਹਨ। ਸਾਡੇ ਲਈ ਸਭ ਕੁਝ ਬਰਾਬਰ ਅਤੇ ਮਹੱਤਵਪੂਰਨ ਹੈ। ਹਾਲਾਂਕਿ, ਮੋਦੀ ਕਹਿੰਦੇ ਹਨ ਕਿ ਇੱਕ ਦੇਸ਼, ਇੱਕ ਨੇਤਾ ਅਤੇ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਇਹ ਉਹੀ ਹੈ ਜਿਸ ਬਾਰੇ ਲੜਾਈ ਹੈ। ਤਾਮਿਲ, ਬੰਗਾਲੀ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਤੋਂ ਬਿਨਾਂ ਭਾਰਤ ਸੰਪੂਰਨ ਨਹੀਂ ਹੋ ਸਕਦਾ। ਰਾਹੁਲ ਨੇ ਅੱਗੇ ਕਿਹਾ ਕਿ ਭਾਜਪਾ ਨੇਤਾ ਖੁੱਲ੍ਹ ਕੇ ਕਹਿੰਦੇ ਹਨ ਕਿ ਜੇਕਰ ਉਹ ਦੁਬਾਰਾ ਸੱਤਾ ’ਚ ਆਏ ਤਾਂ ਸੰਵਿਧਾਨ ਨੂੰ ਬਦਲ ਦੇਣਗੇ।