Monday, May 06, 2024  

ਕੌਮੀ

ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਹੱਥ ਜੋੜ ਕੇ ਮੰਗੀ ਮੁਆਫ਼ੀ

April 16, 2024

ਬੈਂਚ ਨੇ ਮੁਆਫ਼ੀ ਪ੍ਰਵਾਨ ਕਰਨ ਬਾਰੇ ਕੁਝ ਨਹੀਂ ਕਿਹਾ

ਏਜੰਸੀਆਂ
ਨਵੀਂ ਦਿੱਲੀ/16 ਅਪ੍ਰੈਲ : ਵੱਖ-ਵੱਖ ਬਿਮਾਰੀਆਂ ਦੇ ਇਲਾਜ ਨਾਲ ਸਬੰਧਤ ਪਤੰਜਲੀ ਆਯੁਰਵੇਦ ਦੀ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਅਤੇ ਐਲੋਪੈਥਿਕ ਦਵਾਈ ਦੇ ‘ਵਿਰੁੱਧ’ ਬਿਆਨ ਦੇਣ ਦੇ ਮਾਮਲੇ ਵਿੱਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਅਦਾਲਤ ਵਿੱਚ ਨਿੱਜੀ ਤੌਰ ’ਤੇ ਹੱਥ ਜੋੜ ਕੇ ਅਦਾਲਤ ਤੋਂ ਮੁਆਫ਼ੀ ਮੰਗੀ। ਜਿਸ ਤੇ ਅਦਾਲਤ ਨੇ ਕਿਹਾ ਕਿ ਅਜੇ ਇਨ੍ਹਾਂ ਦੀ ਮੁਆਫ਼ੀ ਪ੍ਰਵਾਨ ਕਰਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਜਨਤਕ ਮੁਆਫ਼ੀ ਮੰਗਣ ਲਈ ਮੁਆਫ਼ੀਨਾਮਾ ਪ੍ਰਕਾਸ਼ਿਤ ਕਰਨ ਦਾ ਮੌਕਾ ਦਿੱਤਾ ਹੈ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਦੇ ਡਾਇਰੈਕਟਰ ਬਾਲਕ੍ਰਿਸ਼ਨ ਦੀ ਅਦਾਲਤ ਵਿੱਚ ਪੇਸ਼ ਹੋਣ ਅਤੇ ਮੁਆਫੀ ਮੰਗਣ ਅਤੇ ਇਸ਼ਤਿਹਾਰ ਦੇ ਰਾਹੀਂ ਮੁਆਫੀਨਾਮੇ ਨੂੰ ਪ੍ਰਕਾਸ਼ਿਤ ਕਰਨ ਦੀ ਪੇਸ਼ਕਸ਼ ਦਾ ਨੋਟਿਸ ਲੈਂਦਿਆਂ ਸਪੱਸ਼ਟ ਕਿਹਾ, ‘ਅਸੀਂ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਤੁਹਾਡੀ ਮੁਆਫੀ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।
ਬੈਂਚ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਾਇਰ ਇਸ ਪਟੀਸ਼ਨ ’ਤੇ ਅਗਲੀ ਸੁਣਵਾਈ 23 ਅਪ੍ਰੈਲ ਨੂੰ ਹੋਵੇਗੀ। ਸਿਖਰਲੀ ਅਦਾਲਤ ਨੇ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਪ੍ਰਬੰਧ ਨਿਰਦੇਸ਼ਕ ਆਚਾਰੀਆ ਬਾਲਕ੍ਰਿਸ਼ਨ ਨੂੰ ਅਗਲੀ ਸੁਣਵਾਈ ਵਾਲੇ ਦਿਨ ਨਿੱਜੀ ਤੌਰ ’ਤੇ ਅਦਾਲਤ ’ਚ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋ ਕੇ ਮੁਆਫੀ ਮੰਗੀ। ਬਾਬਾ ਰਾਮਦੇਵ ਨੇ ਕਿਹਾ, ‘ਸਾਡਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਪਹਿਲੀ ਵਾਰ, ਅਸੀਂ ਆਯੁਰਵੇਦ ਨਾਲ ਸਬੰਧਤ 5000 ਤੋਂ ਵੱਧ ਖੋਜਾਂ ਕੀਤੀਆਂ। ਸਬੂਤ ਅਧਾਰਤ ਦਵਾਈ ਬਣਾਉਣ ਦੀ ਸਭ ਤੋਂ ਵੱਡੀ ਕੋਸ਼ਿਸ਼ ਕੀਤੀ ਗਈ ਹੈ। ”ਇਸ ’ਤੇ ਬੈਂਚ ਨੇ ਬਾਬਾ ਰਾਮਦੇਵ ਨੂੰ ਸਵਾਲ ਕਰਦੇ ਹੋਏ ਕਿਹਾ, ‘ਜੇ ਤੁਹਾਡੀਆਂ ਆਯੁਰਵੈਦਿਕ ਦਵਾਈਆਂ ਇੰਨੀਆਂ ਪ੍ਰਭਾਵਸ਼ਾਲੀ ਹਨ ਤਾਂ ਤੁਹਾਨੂੰ ਉਨ੍ਹਾਂ ਲਈ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈਣੀ ਚਾਹੀਦੀ ਸੀ, ਤੁਹਾਨੂੰ ਐਲੋਪੈਥਿਕ ਦਵਾਈਆਂ ਨੂੰ ਨਿੰਦਣ ਦੀ ਲੋੜ ਕਿਉਂ ਮਹਿਸੂਸ ਹੋਈ। ਇਹ ਗੈਰ-ਜ਼ਿੰਮੇਵਾਰਾਨਾ ਵਿਵਹਾਰ ਸੀ।’’ ਇਸ ਤੋਂ ਬਾਅਦ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਮੁਆਫੀ ਮੰਗੀ ਅਤੇ ਫਿਰ ਕਿਹਾ, ‘ਅਸੀਂ ਹੁਣ ਤੋਂ ਇਸ ਦਾ ਧਿਆਨ ਰੱਖਾਂਗੇ।’ ਰਾਮਦੇਵ ਨੇ ਕਿਹਾ, ‘ਮੈਂ ਅੱਜ ਤੋਂ ਕੋਈ ਵੀ ਬਿਆਨ ਦਿੰਦੇ ਸਮੇਂ ਸਾਵਧਾਨ ਰਹਾਂਗਾ।” ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਵੱਲੋਂ ਪੇਸ਼ ਹੋ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਇਸ਼ਤਿਹਾਰ ਰਾਹੀਂ ਮੁਆਫ਼ੀਨਾਮਾ ਪ੍ਰਕਾਸ਼ਤ ਕਰਨ ਦਾ ਮੌਕਾ ਦਿੱਤਾ, ਤਾਂ ਜੋ ਪਤਾ ਲੱਗ ਸਕੇ ਕਿ ਉਹ ਸੱਚਮੁੱਚ ਆਪਣੀ ਗ਼ਲਤੀ ’ਤੇ ਪਸਚਤਾਪ ਕਰਨਾ ਚਾਹੁੰਦੇ ਹਨ ਜਾਂ ਨਹੀਂ।
ਸੁਣਵਾਈ ਦੌਰਾਨ ਬੈਂਚ ਨੇ ਯੋਗ ਗੁਰੂ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਇਹ ਵੀ ਕਿਹਾ ਕਿ ਯੋਗਾ ਬਾਰੇ ਜਾਗਰੂਕਤਾ ਫੈਲਾਉਣ ਦੇ ਤੁਹਾਡੇ ਯਤਨਾਂ ਕਾਰਨ ਤੁਸੀਂ ਲੋਕਾਂ ਵਿੱਚ ਬਹੁਤ ਸਤਿਕਾਰਯੋਗ ਹੋ, ਪਰ ਤੁਸੀਂ ਇਲਾਜ ਦੇ ਹੋਰ ਰੂਪਾਂ ਦੀ ਆਲੋਚਨਾ ਨਹੀਂ ਕਰ ਸਕਦੇ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਦੋ ਵਾਰ (2 ਅਤੇ 10 ਅਪ੍ਰੈਲ) ਨੂੰ ਉਨ੍ਹਾਂ ਦੀ ਮੁਆਫੀ ਨੂੰ ਗੁੰਮਰਾਹਕੁੰਨ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ।
ਸਿਖਰਲੀ ਅਦਾਲਤ ਨੇ 10 ਅਪ੍ਰੈਲ ਨੂੰ ਉਨ੍ਹਾਂ ਦੀ ਮੁਆਫੀ ਨੂੰ ਰੱਦ ਕਰਦਿਆਂ ਕਿਹਾ ਸੀ ਅਸੀਂ ਇਸ ਹਲਫਨਾਮੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਾਂ। ਇਹ (ਅਪਮਾਨ) ਜਾਣ ਬੁੱਝ ਕੇ ਕੀਤਾ ਗਿਆ ਸੀ। ਉਨ੍ਹਾਂ (ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ) ਨੂੰ ਨਤੀਜੇ ਭੁਗਤਣੇ ਪੈਣਗੇ। ਅਸੀਂ ਇਸ ਮਾਮਲੇ ਵਿੱਚ ਉਦਾਰਵਾਦੀ ਨਹੀਂ ਬਣਨਾ ਚਾਹੁੰਦੇ।”
ਬੈਂਚ ਨੇ ਵਿਰੋਧੀ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਬਲਬੀਰ ਸਿੰਘ ਨੂੰ ਕਿਹਾ ਸੀ ਕਿ ਉਹ (ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ) ਅਦਾਲਤੀ ਕਾਰਵਾਈ ਨੂੰ ਬਹੁਤ ਹਲਕੇ ਢੰਗ ਨਾਲ ਲੈ ਰਹੇ ਹਨ।
ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਵਿਦੇਸ਼ ਯਾਤਰਾ ਦੇ ਝੂਠੇ ਦਾਅਵੇ ਕਰਕੇ ਅਦਾਲਤ ਦੇ ਸਾਹਮਣੇ ਨਿੱਜੀ ਪੇਸ਼ੀ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਬੈਂਚ ਨੇ ਕਿਹਾ ਸੀ ਕਿ 30 ਮਾਰਚ ਨੂੰ ਦਿੱਤੇ ਹਲਫ਼ਨਾਮੇ ਵਿੱਚ 31 ਮਾਰਚ ਦੀਆਂ ਹਵਾਈ ਯਾਤਰਾ ਦੀਆਂ ਟਿਕਟਾਂ ਨੱਥੀ ਕੀਤੀਆਂ ਗਈਆਂ ਸਨ ਅਤੇ ਜਦੋਂ ਹਲਫ਼ਨਾਮਾ ਦਿੱਤਾ ਗਿਆ ਸੀ ਤਾਂ ਟਿਕਟਾਂ ਮੌਜੂਦ ਨਹੀਂ ਸਨ।
ਬੈਂਚ ਨੇ ਪਤੰਜਲੀ ’ਤੇ ਇਸ ਮਾਮਲੇ (ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ) ਵਿੱਚ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਅਯੋਗਤਾ ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਪੱਤਰਾਂ ਦੇ ਬਾਵਜੂਦ ਦਿਵਿਆ ਫਾਰਮੇਸੀ ਵਿਰੁੱਧ ਕੋਈ ਕਾਰਵਾਈ ਕਰਨ ਵਿੱਚ ਅਸਫਲ ਰਹਿਣ ’ਤੇ ਵੀ ਆਪਣਾ ਇਤਰਾਜ਼ ਦੁਹਰਾਇਆ ਸੀ।
ਬੈਂਚ ਨੇ ਕਿਹਾ ਸੀ, “ਅਸੀਂ ਇਹ ਦੇਖ ਕੇ ਹੈਰਾਨ ਹਾਂ ਕਿ ਫਾਈਲਾਂ ਨੂੰ ਅੱਗੇ ਭੇਜਣ ਤੋਂ ਇਲਾਵਾ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ। ਇਹ ਸਪੱਸ਼ਟ ਤੌਰ ’ਤੇ ਜ਼ਿੰਮੇਵਾਰੀ ਅਤੇ ਕੇਸ ਨੂੰ ਲਟਕਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਇਨ੍ਹਾਂ ਸਬੰਧਤ ਸਾਲਾਂ ਦੌਰਾਨ (ਉਤਰਾਖੰਡ) ਸਟੇਟ ਲਾਇਸੈਂਸਿੰਗ ਅਥਾਰਟੀ ਡੂੰਘੀ ਨੀਂਦ ਵਿੱਚ ਰਹੀ।
ਸਿਖਰਲੀ ਅਦਾਲਤ ਨੇ ਕਿਹਾ ਸੀ, ‘ਇਹ ਲਾਇਸੈਂਸਿੰਗ ਅਥਾਰਟੀ ਦੀ ਇੱਕ ਜਾਣਬੁੱਝ ਕੇ ਅਤੇ ਪੂਰੀ ਤਰ੍ਹਾਂ ਨਾਲ ਮੂਰਖਤਾ ਭਰਿਆ ਕੰਮ ਸੀ।’
ਬੈਂਚ ਨੇ ਅੱਗੇ ਕਿਹਾ, “ਅਸੀਂ ਮਾਣਹਾਨੀ ਨੋਟਿਸ ਜਾਰੀ ਕਰਨ ਲਈ ਤਿਆਰ ਹਾਂ, ਪਰ ਫਿਲਹਾਲ ਅਜਿਹਾ ਕਰਨ ਤੋਂ ਗੁਰੇਜ਼ ਕਰ ਰਹੇ ਹਾਂ। ਉਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਇਰ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 10 ਅਪ੍ਰੈਲ ਨੂੰ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਨਾਲ ਜੁੜੇ ਮਾਮਲੇ ਦੀ ਸੁਣਵਾਈ 16 ਅਪ੍ਰੈਲ ’ਤੇ ਪਾ ਦਿੱਤੀ ਸੀ, ਜਦੋਂ ਕਿ ਇਹ ਉੱਤਰਾਖੰਡ ਰਾਜ ਲਾਇਸੈਂਸਿੰਗ ਅਥਾਰਟੀ ਦੇ ਖਿਲਾਫ ਮਾਮਲੇ ਦੀ ਸੁਣਵਾਈ 30 ਅਪ੍ਰੈਲ ਨੂੰ ਕਰੇਗੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਪਣੀ ਪਟੀਸ਼ਨ ’ਚ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ’ਤੇ ਐਲੋਪੈਥੀ ਦਵਾਈ ਨੂੰ ਬਦਨਾਮ ਕਰਨ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ