ਲੇਖ

ਦਇਆ ਦੀ ਮੂਰਤ ਗੁਰੂ ਤੇਗ ਬਹਾਦਰ

April 22, 2024

ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ (ਵੈਸਾਖ ਵਦੀ 5) ਸੰਮਤ 1678, 1 ਅਪੈ੍ਰਲ 1621 ਨੂੰ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਉੱਦਰ ਤੋਂ ਅੰਮ੍ਰਿਤਸਰ ‘ਗੁਰੂ ਕੇ ਮਹਿਲ’ ਵਿੱਚ ਪ੍ਰਗਟ ਹੋਏ। ਆਪ ਪੰਜ ਭਰਾ ਸਨ। ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ ਤੇ ਬਾਬਾ ਅਟੱਲ ਰਾਇ ਜੀ। ਇੱਕ ਭੈਣ ਜਿੰਨ੍ਹਾਂ ਦਾ ਨਾਮ ਬੀਬੀ ਵੀਰੋ ਸੀ।ਆਪ ਸਭ ਤੋਂ ਛੋਟੇ ਸਨ। ਆਪ ਦਾ ਬਚਪਨ ਦਾ ਨਾਂ ‘ਤਿਆਗ ਮੱਲ’ ਸੀ। ਜਦ ਆਪ ਦਾ ਜਨਮ ਹੋਇਆ ਤਾਂ ਪਿਤਾ ਗੁਰੂ ਹਰਿਗੋਬਿੰਦ ਸਾਹਬ ਜੀ ਨੇ ਆਪ ਦੇ ਚਰਨਾਂ ’ਤੇ ਸੀਸ ਨਿਵਾਇਆ ਤੇ ਮੱਥਾ ਟੇਕਿਆ। ਭਾਈ ਬਿਧੀ ਚੰਦ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਇਹ ਬਾਲਕ ਸੱਚਾਈ ਦੇ ਰਾਹ ’ਤੇ ਜ਼ਬਰ ਜੁਲਮ ਨੂੰ ਮਿਟਾਉਣ ਲਈ ਆਖਰੀ ਸਵਾਸਾਂ ਤੱਕ ਲੜੇਗਾ। ਆਪ ਬਚਪਨ ਸਮੇਂ ਤੋਂ ਹੀ ਬੜੀ ਤੀਖਣ ਬੁੱਧੀ ਦੇ ਮਾਲਿਕ ਸਨ।
ਆਪ ਦਇਆ ਦੀ ਮੂਰਤ ਸਨ। ਇਤਿਹਾਸ ਵਿੱਚ ਆਉਂਦਾ ਹੈ ਕਿ ਆਪ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ। ਵਿਆਹ ਸਮੇਂ ਆਪ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਸਾਰੀ ਬਰਾਤ ਜਾਣ ਲਈ ਬਾਹਰ ਦਰਵਾਜ਼ੇ ਵਿੱਚ ਖੜੀ ਸੀ। ਆਪ ਵੀ ਨਾਲ ਖੜੇ ਸਨ। ਉੱਥੇ ਆਪ ਨੇ ਇੱਕ ਨੰਗਾ ਭਿਖਾਰੀ ਬੱਚਾ ਵੇਖਿਆ ਤਾਂ ਆਪਣੇ ਤਨ ਦੇ ਸਾਰੇ ਕੱਪੜੇ ਉਤਾਰ ਕੇ ਉਸ ਭਿਖਾਰੀ ਨੂੰ ਪਹਿਨਾ ਦਿੱਤੇ। ਆਪ ਵਾਪਸ ਮਹਿਲਾਂ ਵਿੱਚ ਭੱਜ ਗਏ। ਮਾਤਾ ਜੀ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ‘ਮਾਤਾ ਜੀ ਮੈਨੂੰ ਤਾਂ ਹੋਰ ਮਿਲ ਜਾਣਗੇ। ਉਸ ਨੂੰ ਕਿਸ ਨੇ ਦੇਣੇ ਹਨ।’ ਆਪ ਐਸੀ ਦਇਆ ਦੀ ਮੂਰਤ ਸਤਿਗੁਰੂ ਸਨ। ਆਪ ਨੂੰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਪੰਜਾਬੀ, ਬਿ੍ਰਜ਼ ਭਾਸ਼ਾ, ਗਣਿਤ ਤੇ ਸੰਗੀਤ ਦੀ ਸਿੱਖਿਆ ਵਿੱਚ ਡੂੰਘਾ ਗਿਆਨ ਪ੍ਰਾਪਤ ਕੀਤਾ।ਆਪ ਨੂੰ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਹਾਸਿਲ ਸੀ।
ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਜੀ ਦੀ ਪੁੱਤਰੀ ਗੁਜਰੀ ਜੀ ਨਾਲ 15 ਅੱਸੂ ਸੰਮਤ 1689, 1 ਅਕਤੂਬਰ 1632 ਈ: ਨੂੰ ਹੋਇਆ।22 ਦਸੰਬਰ 1666 ਈ: ਨੂੰ ਆਪ ਦੇ ਘਰ ਇੱਕ ਤੇਜਸਵੀ ਪੁੱਤਰ ਦਾ ਜਨਮ ਹੋਇਆ। ਜਿਸਦਾ ਨਾਂ ‘ਗੋਬਿੰਦ ਰਾਏ’ ਰੱਖਿਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੇ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ 8 ਮਾਰਚ 1644 ਈ: (11 ਚੇਤ, 1701 ਬਿ:) ਨੂੰ ਹੋਈ। ਉਸ ਤੋਂ ਬਾਅਦ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਅਕਤੂਬਰ 1661 ਈ: ਵਿੱਚ ਹੋਈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ, ਭਾਈ ਕਾਹਨ ਸਿੰਘ ਨਾਭਾ ਦੀ ਲਿੱਖਤ ‘ਮਹਾਨਕੋਸ਼’ ਦੇ ਪੰਨਾ. 600 ਦੇ ਅਨੁਸਾਰ ਆਪ ਚੇਤ ਸੁਦੀ 14 (24 ਚੇਤ) ਸੰਮਤ 1722 (20 ਮਾਰਚ ਸੰਨ 1665) ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਗੁਰਗੱਦੀ ਮਿਲਣ ਤੱਕ ਲਗਭਗ 20 ਸਾਲ ਦਾ ਲੰਬਾ ਸਮਾਂ ਆਪ ਪ੍ਰਭੂ ਭਗਤੀ ਵਿੱਚ ਲੀਨ ਰਹੇ। ਗੁਰਗੱਦੀ ਤੇ ਬਿਰਾਜ਼ਮਾਨ ਹੋਣ ਤੋਂ ਬਾਅਦ ਜਲਦੀ ਹੀ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਦੌਰੇ ਆਰੰਭੇ। ਜਿਸ ਵਿੱਚ ਆਪ ਬਾਬਾ ਬਕਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਬ (ਰਾਮਰਾਇ ਵੱਲੋਂ ਗੁਰੂ ਤੇਗ ਬਹਾਦਰ ਨੂੰ ਵੇਖ ਕੇ ਹਰਿਮੰਦਰ ਸਾਹਿਬ ਦਾ ਮੁੱਖ ਦਰਵਾਜਾ ਬੰਦ ਕਰ ਲੈਣ ਤੇ ਆਪ ਅਕਾਲ ਤਖਤ ਸਾਹਬ ਦੇ ਲਾਗੇ ਇੱਕ ਥੜੇ ਉੱਪਰ ਬੈਠ ਗਏ। ਜਿੱਥੇ ਅੱਜ ਕੱਲ ਗੁ: ਥੜ੍ਹਾ ਸਾਹਿਬ ਸੁਸ਼ੋਭਿਤ ਹੈ) ।
ਉੱਥੋਂ ਆਪ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨਤਾਰਨ, ਖੇਮਕਰਨ, ਕੀਰਤਪੁਰ ਤੇ ਬਿਲਾਸਪੁਰ ਗਏ। ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਆਪ ਸੈਫਾਬਾਦ, ਧਮਧਾਨ, ਦਿੱਲੀ, ਮਥੁਰਾ, ਬਿ੍ਰੰਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਸਸਰਾਮ, ਗਯਾ, ਪਟਨਾ, ਮੁਘੇਰ, ਢਾਕਾ ਤੇ ਅਸਾਮ ਸਿੱਖੀ ਦੇ ਪ੍ਰਚਾਰ ਹਿੱਤ ਗਏ। ਇੰਨ੍ਹਾਂ ਯਾਤਰਾਵਾਂ ਤਹਿਤ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੱਖਾਂ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ।
ਇੰਨ੍ਹੀਂ ਦਿਨੀਂ ਹੀ ਔਰੰਗਜ਼ੇਬ ਜਨਤਾ ’ਤੇ ਖੂਬ ਅੱਤਿਆਚਾਰ ਕਰ ਰਿਹਾ ਸੀ ਗੁਰੂ ਸਾਹਿਬ ਨੇ ਲੋਕਾਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਆ। ਇਹ ਔਰੰਗਜ਼ੇਬ ਲਈ ਨਾ-ਸਹਿਣਯੋਗ ਸੀ। ਉਧਰ ਰਾਮਰਾਇ (ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਲੜਕਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੱਡਾ ਭਰਾ ਸੀ, ਜਿਸਨੇ ਬਾਣੀ ਦੀ ਤੁਕ ਬਦਲਣ ਦਾ ਹੌਂਸਲਾ ਕੀਤਾ ਸੀ ਤੇ ਗੁਰੂ ਹਰਿਰਾਏ ਸਾਹਬ ਵੱਲੋਂ ਦੁਰਕਾਰਿਆ ਗਿਆ ਸੀ ਤਾਂ ਹੀ ਇਸ ਨੂੰ ਛੱਡ ਕੇ ਗੁਰਗੱਦੀ
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲੀ ਸੀ) ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਤੇ ਵੀ ਇਸ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਧਰ 25 ਮਈ 1675 ਈ: ਨੂੰ ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ। ਔਰੰਗਜ਼ੇਬ ਦੇ ਅੱਤਿਆਚਾਰਾਂ ਦੀ ਸਾਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ ਤਾਂ ਬਾਲ ਗੋਬਿੰਦ ਰਾਏ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਕਿਸੇ ਸੱਚੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਗੋਬਿੰਦ ਰਾਏ ਜੀ ਬੋਲੇ, ‘ਪਿਤਾ ਜੀ, ਆਪ ਤੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ ਹੈ??? ਇਹ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਫੈਸਲਾ ਕੀਤਾ।
ਆਪਣੇ ਤਿੰਨ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ।ਤਿੰਨ ਗੁਰਸਿੱਖਾਂ ਨੂੰ 10 ਨਵੰਬਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਕਾਹਨ ਸਿੰਘ ਨਾਭਾ ਦੀ ਲਿੱਖਤ ਅਨੁਸਾਰ ਗੁਰੂ ਜੀ ਨੂੰ12 ਮੱਘਰ ਸੁਦੀ 5 ਸੰਮਤ 1732 (12 ਮੱਘਰ, 11 ਨਵੰਬਰ ਸੰਨ 1675) ਨੂੰ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਸੀ।ਨੌਵੇਂ ਸਤਿਗੁਰੂ ਦੇ ਸ਼ਹੀਦੀ ਅਸਥਾਨ ਦਾ ਨਾਂ ‘ਸੀਸਗੰਜ਼’ ਹੈ ਜੋ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵਿਦਯਮਾਨ ਹੈ।ਦੀਵਾਨ ਘਨੱਈਆ ਲਾਲ ਆਪਣੀ ਪੁਸਤਕ ‘ਤਾਰੀਖ-ਏ-ਪੰਜਾਬ ‘ ਵਿੱਚ ਲਿੱਖਦਾ ਹੈ ਕਿ ‘ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਔਰੰਗਜ਼ੇਬ ਦੇ ਸਾਮਰਾਜ ਦਾ ਪਤਨ ਹੋਣਾ ਆਰੰਭ ਹੋ ਗਿਆ।’
‘ਤਵਾਰੀਖ ਗੁਰੂ ਖਾਲਸਾ’ ਵਿੱਚ ‘ਗਿਆਨੀ ਗਿਆਨ ਸਿੰਘ’ ਲਿੱਖਦਾ ਹੈ ਕਿ ‘ਗੁਰੂ ਜੀ ਦੀ ਸ਼ਹੀਦੀ ਤੇ ਦੇਵਤਿਆਂ ਨੇ ਫੁੱਲ ਬਰਸਾਏ। ਜ਼ਾਲਮ ਬਾਦਸ਼ਾਹ ਦਾ ਬੇੜਾ ਗਰਕ ਹੋਯਾ।’ਭਾਈ ਲੱਖੀ ਸ਼ਾਹ ਨੇ ਆਪਣੇ ਤਿੰਨ ਪੁੱਤਰਾਂ ਜਿੰਨ੍ਹਾਂ ਦੇ ਨਾਂ ਇਤਿਹਾਸ ਵਿੱੱਚ ਨਿਗਾਹੀਆ, ਹੇਮਾ ਤੇ ਹਾੜੀ ਕਰਕੇ ਆਉਂਦੇ ਹਨ ਤੇ ਚੌਥਾ ਸਿੱਖ ਭਾਈ ਧੂਮਾ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਸਾਹਬ ਜੀ ਦੇ ਧੜ੍ਹ ਨੂੰ ਆਪਣੇ ਰੂੰ ਵਾਲੇ ਗੱਡੇ ਵਿੱਚ ਛੁਪਾ ਕੇ ਆਪਣੇ ਘਰ ਲੈ ਆਂਦਾ ਤੇ ਘਰ ਨੂੰ ਅੱਗ ਲਗਾ ਕੇ ਸਸਕਾਰ ਕਰ ਦਿੱਤਾ।ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਚੱਕ ਨਾਨਕੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਦਲੇਰੀ ਬਹਾਦਰੀ ਤੇ ਸੂਰਬੀਰਤਾ ਤੋਂ ਖੁਸ਼ ਹੋ ਕੇ ‘ਰੰਗਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਬਖਸ਼ਿਸ਼ ਕੀਤਾ। 16 ਨਵੰਬਰ 1675 ਈ: ਨੂੰ ਗੁਰੂੁ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ।ਗੁਰੂ ਗੋਬਿੰਦ ਸਿੰਘ ਜੀ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਬਤ ਲਿੱਖਦੇ ਹਨ ਕਿ:
ਤੇਗ ਬਹਾਦਰ ਕੇ ਚਲਤ ਭਇਉ ਜਗਤ ਕੋ ਸੋਗ£
ਹੈ ਹੈ ਹੈ ਸਭ ਭਇਉ ਜੈ ਜੈ ਜੈ ਸੁਰਲੋਕ£
ਗੁਰੂ ਤੇਗ ਬਹਾਦਰ ਜੀ ਆਪਣੀ 54 ਵਰੇ੍ਹ 7 ਮਹੀਨੇ ਤੇ 10 ਦਿਨ ਦੀ ਸੰਸਾਰਿਕ ਆਯੂ ਦੌਰਾਨ 10 ਵਰ੍ਹੇ 7 ਮਹੀਨੇ ਤੇ 22 ਦਿਨ ਗੁਰਤਾ ਗੱਦੀ ’ਤੇ ਬਿਰਾਜ਼ਮਾਨ ਰਹੇ।
---0---
ਧਰਮਿੰਦਰ ਸਿੰਘ ਚੱਬਾ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ