Monday, May 06, 2024  

ਲੇਖ

ਸ਼ਹੀਦ ਗ਼ਦਰੀ ਭਾਈ ਰਾਮ ਸਿੰਘ ਧੁਲੇਤਾ ਦਾ ਜੀਵਨ ਅਧਿਆਇ

April 22, 2024

ਗ਼ਦਰ ਪਾਰਟੀ ਦੇ ਸੂਰਮਿਆਂ ਦੀਆਂ ਅਮਰ ਕਾਥਾਵਾਂ ਵੀ ਹਿਰਦੇ ਵਲੂੰਧਰਣ ਤੇ ਬਹੁਤ ਸੂਰਮਗਤੀ ਵਾਲੀਆਂ ਹਨ। ਸ਼ਹੀਦ ਗਦਰੀ ਭਾਈ ਰਾਮ ਸਿੰਘ ਧੁਲੇਤਾ ਨੇ ਗ਼ਦਰ ਪਾਰਟੀ ਵਿੱਚ ਘੁਸੇ ਬੇਈਮਾਨ ਪੰਡਤ ਰਾਮ ਚੰਦਰ ਦਾ ਭਰੀ ਕਚੈਹਰੀ ਵਿੱਚ ਕਤਲ ਕਰਕੇ ਉਸ ਦੀ ਬਦਨੀਤ ਤੋਂ ਗਦਰ ਪਾਰਟੀ ਨੂੰ ਬਚਾਇਆ ਸੀ। ਉਸ ਗਦਾਰ ਨੇ ਪਾਰਟੀ ਦੇ ਪੈਸੇ ਤੋਂ ਤਕੜੀ ਜਾਇਦਾਦ ਬਣਾ ਲਈ ਸੀ ਤੇ ਪਾਰਟੀ ਨੂੰ ਕੋਈ ਨਿਆਂ ਨਹੀਂ ਸੀ ਦਿੰਦਾ। ਰਾਮ ਸਿੰਘ ਨੇ ਆਪ ਪਾਰਟੀ ਨੂੰ ਤਕੜਾ ਪੈਸਾ ਦਿੱਤਾ ਹੋਇਆ ਸੀ।
ਭਾਈ ਰਾਮ ਸਿੰਘ ਕਨੇਡਾ ਵਿੱਚ ਧਨੀ ਹਿੰਦੁਸਤਾਨ ਵਾਸੀਆਂ ਚੋਂ ਸਭ ਤੋਂ ਵਧੇਰੇ ਪੈਸੇ ਵਾਲਾ ਮਨੁੱਖ ਸੀ। ਭਾਈ ਰਾਮ ਸਿੰਘ ਨੇ ਇੱਕ ਲੱਖ 25 ਹਜ਼ਾਰ ਡਾਲਰ ਦੀ ਕੀਮਤ ਦੀ ਜ਼ਮੀਨ ਖਰੀਦੀ ਹੋਈ ਸੀ ਤੇ ਹੋਰ ਧੰਦਿਆਂ ਵਿੱਚ ਵੀ ਬਹੁਤ ਪੈਸਾ ਲਾਇਆ ਤੇ ਕਮਾਇਆ ਹੋਇਆ ਸੀ। ਆਪ ਗਦਰ ਪਾਰਟੀ ਨੂੰ ਤੇ ਪੈਸਾ ਅਥਾਹ ਦਿੰਦੇ ਹੀ ਦਿੰਦੇ ਸਨ ਪਰ ਉਨ੍ਹਾਂ ਨੇ ਗੁਰਦੁਆਰੇ ਦੀ ਉਸਾਰੀ ਵਾਸਤੇ ਬਹੁਤ ਵੱਡੀ ਰਕਮ ਭੇਂਟ ਕੀਤੀ ਸੀ । ਜਦੋਂ ਵੀ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੈਸੇ ਦੀ ਲੋੜ ਪੈਂਦੀ ਤਾਂ ਕੁੱਛ ਡਾਲਰ ਤਾਂ ਉਹ ਆਮ ਹੀ ਦੇ ਦਿੰਦੇ ਸਨ।
ਆਪ 1913 ਵਿੱਚ ਗਦਰ ਪਾਰਟੀ ਬਣਾਉਣ ਵਾਲਿਆਂ ’ਚ ਮੋਢੀ ਸਨ। ਆਪ ਨੇ ਇਲਾਕੇ ਵਿੱਚ ਪ੍ਰਚਾਰ ਕਰਕੇ ਗਦਰ ਪਾਰਟੀ ਦੇ ਵੱਡੀ ਗਿਣਤੀ ਵਿੱਚ ਮੈਂਬਰ ਬਣਾਏ ਸਨ। ਗਦਰ ਪਾਰਟੀ ਦੇ ਆਗੂਆਂ ਨੇ ਗਦਰ ਅਖਬਾਰ ਚਲਾਉਣ ਲਈ ਉਨ੍ਹਾਂ ਨੂੰ ਵੈਨਕੂਵਰ ਤੋਂ ਸਾਨਫਰਾਂਸਿਸਕੋ ਬੁਲਾ ਲਿਆ। ਆਪ ਦੂਜੇ ਸਟਾਫ਼ ਦੀ ਤਰ੍ਹਾਂ ਪਾਰਟੀ ਦੇ ਹੈਡਕੁਆਰਟਰ ਗਦਰ ਆਸ਼ਰਮ ਵਿੱਚ ਹੀ ਰਹਿੰਦੇ ਤੇ ਜਿਸ ਤਰ੍ਹਾਂ ਦਾ ਖਾਣ ਨੂੰ ਮਿਲਦਾ ਖਾ ਲੈਂਦੇ ਸਨ। ਦਰਅਸਲ ਆਪ ਨੇ ਸਾਰਾ ਘਰੇਲੂ ਕਾਰੋਬਾਰ ਛੱਡ ਕੇ ਜ਼ਿੰਦਗੀ ਪਾਰਟੀ ਦੇ ਲੇਖੇ ਲਾ ਦਿੱਤੀ।
ਗਦਰ ਪਾਰਟੀ ਦੇ ਸੱਦੇ ਤੇ ਅਗਸਤ 1914 ਵਿੱਚ ਗ਼ਦਰੀਆਂ ਨੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਹਿੰਦ ਵੱਲ ਵਹੀਰਾਂ ਘੱਤ ਦਿੱਤੀਆਂ। ਤਕਰੀਬਨ 10 ਹਜ਼ਾਰ ਤੋਂ ਵਧੇਰੇ ਗਦਰੀ ਹਿੰਦ ਦੀ ਧਰਤੀ ਤੇ ਪਹੁੰਚ ਗਏ। ਬਹੁਤ ਸਾਰੇ ਗ਼ਦਰੀ ਤਾਂ ਅੰਗਰੇਜ਼ਾਂ ਨੇ ਸਮੁੰਦਰੀ ਜਹਾਜ਼ਾਂ ਤੋਂ ਉਤਰਦੇ ਹੀ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਪਰ ਫੜੇ ਜਾਣ ਵਾਲਿਆਂ ਤੋਂ ਵੀ ਕਿਤੇ ਵਧੇਰੇ ਆਪਣੇ ਟਿਕਾਣਿਆਂ ਤੇ ਪਹੁੰਚਣ ’ਚ ਕਾਮਯਾਬ ਹੋ ਗਏ ਸਨ। ਪਿੱਛੇ ਗਦਰ ਪਾਰਟੀ ਤੇ ਅਖਬਾਰ ਦੇ ਕਰਤਾ ਧਰਤਾ ਬਨ ਬੈਠੇ ਸਨ ਪੰਡਤ ਰਾਮ ਚੰਦਰ।
ਪੰਡਤ ਰਾਮ ਚੰਦਰ ਨੇ ਗ਼ਦਰੀ ਰਾਮ ਸਿੰਘ ਨੂੰ ਮਾਰਚ 1915 ਵਿੱਚ ਪੂਰਬ ਦੇ ਦੇਸ਼ਾਂ ਵਿੱਚ ਪਾਰਟੀ ਨੂੰ ਲਾਮਬੰਦ ਕਰਨ ਲਈ ਭੇਜ ਦਿੱਤਾ। ਏਧਰ ਦੀ ਗ਼ਦਰੀਆਂ ਦੀ ਯੋਜਨਾ ਫੇਲ ਹੋ ਗਈ ਤੇ ਭਾਈ ਰਾਮ ਸਿੰਘ ਪੰਡਤ ਰਾਮ ਚੰਦਰ ਦਾ ਸੁਨੇਹਾ ਲੈ ਕੇ ਭਾਈ ਭਗਵਾਨ ਸਿੰਘ ਪਾਸ ਮਨੀਲਾ ਪਹੁੰਚੇ ਗਏ। ਏਧਰ ਵੀ ਸਿਆਮ ਬਰਮਾ ਫਰੰਟ ਤੋਂ ਗ਼ਦਰੀਆਂ ਦੇ ਫੜੇ ਜਾਣ ਦੀਆਂ ਖਬਰਾਂ ਆ ਗਈਆਂ। ਪਰ ਰਾਮ ਸਿੰਘ ਭਾਈ ਭਗਵਾਨ ਸਿੰਘ ਨੂੰ ਮਿਲੇ ਤੇ ਉਨ੍ਹਾਂ ਨੇ ਜਦੋਂ ਭਾਈ ਰਾਮ ਸਿੰਘ ਦੇ ਬੂਟ ਦਾ ਤਲਾ ਪੁੱਟ ਕੇ ਗੁਪਤ ਸੁਨੇਹਾ ਕੱਢਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਕਿ ਤਲੇ ਵਿੱਚ ਸਿਰਫ ਗਦਰ ਅਖਬਾਰ ਦਾ ਇੱਕ ਪੁਰਾਣਾ ਵਰਕਾ ਹੀ ਸੀ। ਭਾਈ ਭਗਵਾਨ ਸਿੰਘ ਨੂੰ ਪੰਡਤ ਰਾਮ ਚੰਦਰ ਦੀ ਇਸ ਕਰਤੂਤ ’ਤੇ ਬੜਾ ਗੁੱਸਾ ਆਇਆ। ਭਾਈ ਰਾਮ ਸਿੰਘ, ਭਾਈ ਭਗਵਾਨ ਸਿੰਘ ਤੇ ਭਾਈ ਸੰਤੋਖ ਸਿੰਘ ਧਰ ਦਿਓ ਅਮਰੀਕਾ ਪਹੁੰਚ ਗਏ। ਉਨ੍ਹਾਂ ਵੇਖਿਆ ਕਿ ਪੰਡਤ ਰਾਮ ਚੰਦਰ ਤੇ ਡਿਕਟੇਟਰ ਬਣਿਆ ਹੋਇਆ ਤੇ ਇਸ ਨੇ ਗਦਰ ਪਾਰਟੀ ਦੇ ਪੈਸੇ ਨਾਲ ਆਪਣੀ ਤਕੜੀ ਜਾਇਦਾਦ ਬਣਾ ਲਈ ਹੈ। ਜਰਮਨੀ ਨੇ ਜਿਹੜਾ ਬਹੁਤ ਸਾਰਾ ਪੈਸਾ ਹਿੰਦੁਸਤਾਨ ਦੇ ਗਦਰ ਨੂੰ ਕਾਮਯਾਬ ਕਰਨ ਲਈ ਗਦਰ ਪਾਰਟੀ ਨੂੰ ਦਿੱਤਾ ਸੀ ਉਹ ਵੀ ਹੜੱਪ ਗਿਆ ਹੈ। ਭਾਈ ਭਗਵਾਨ ਸਿੰਘ ਨੇ ਉਸ ਤੋਂ ਹਿਸਾਬ ਮੰਗਿਆ ਤੇ ਉਸ ਨੇ ਕੋਰਾ ਜੁਆਬ ਦੇ ਦਿੱਤਾ£
ਭਾਈ ਸੰਤੋਖ ਸਿੰਘ ਨੇ ਜਨਵਰੀ 1917 ਵਿੱਚ ਗ਼ਦਰ ਪਾਰਟੀ ਦੀ ਮੀਟਿੰਗ ਸੱਦ ਕੇ ਪਾਰਟੀ ਦੀ ਆਰਜ਼ੀ ਕਮੇਟੀ ਚੁਣੀ। ਪੰਡਤ ਰਾਮ ਚੰਦਰ ਨੇ ਇਸ ਕਮੇਟੀ ਨੂੰ ਨਾ ਮੰਨਿਆ। ਇਸ ਤੋਂ ਬਾਅਦ ਆਰਜ਼ੀ ਕਮੇਟੀ ਦੀ ਫਰਿਜ਼ਨੋ ਵਿੱਚ ਮੀਟਿੰਗ ਹੋਈ ਤੇ ਪੰਡਤ ਰਾਮ ਚੰਦਰ ਨੇ ਇਸ ਮੀਟਿੰਗ ਦੇ ਫੈਸਲੇ ਵੀ ਨਾ ਮੰਨੇ। ਗ਼ਦਰ ਪਾਰਟੀ ਦੋ ਗਰੁੱਪਾਂ ਵਿੱਚ ਵੰਡੀ ਗਈ। ਇੱਕ ਦਾ ਆਗੂ ਭਾਈ ਭਗਵਾਨ ਸਿੰਘ ਤੇ ਦੂਜੇ ਦਾ ਰਾਮ ਚੰਦਰ ।
ਰਾਮ ਚੰਦਰ ਦਾ ਗ਼ਦਰ ਪਾਰਟੀ ਦੇ ਦਫ਼ਤਰ ਤੇ ਗਦਰ ਅਖਬਾਰ ਤੇ ਕਬਜ਼ਾ ਸੀ ਪਰ ਜਲਦੀ ਹੀ ਦਫ਼ਤਰ ਤੇ ਅਖਬਾਰ ਵਿੱਚ ਕੰਮ ਕਰਨ ਵਾਲੇ ਗਦਰੀ ਸਾਥੀਆਂ ਨੇ ਆਰਜ਼ੀ ਕਮੇਟੀ ਅਧੀਨ ਕੰਮ ਕਰਨਾ ਪ੍ਰਵਾਨ ਕਰ ਲਿਆ। ਆਰਜ਼ੀ ਕਮੇਟੀ ਨੇ ਰਾਮ ਚੰਦਰ ਦੇ ਇੰਨਾਂ ਸਾਥੀਆਂ ਦੀ ਮਦਦ ਨਾਲ ਦਫ਼ਤਰ, ਰਹਾਇਸ਼ ਤੇ ਅਖਬਾਰ ਤੇ ਕਬਜ਼ਾ ਕਰ ਲਿਆ।
ਗਦਰ ਪਾਰਟੀ ਦਾ ਕਾਨੂੰਨੀ ਤੌਰ ਤੇ ਨਾਮ ‘ਹਿੰਦੀ ਐਸੋਸੀਏਸ਼ਨ ਆਫ ਦਾ ਪੈਸਿਫਿਕ ਕੋਸਟ’ ਹੀ ਚੱਲਿਆ ਆਉਂਦਾ ਸੀ। ਪੰਡਤ ਰਾਮ ਚੰਦਰ ਨੇ ਬੇਈਮਾਨੀ ਦੀ ਚਾਲ ਚਲਦਿਆਂ ਜਨਵਰੀ 1917 ਵਿੱਚ ਵੱਖਰਾ ਨਾਮ ’ਗਦਰ ਪਾਰਟੀ’ ਰਜਿਸਟਰਡ ਕਰਵਾ ਲਿਆ। ਪਾਰਟੀ ਦੀ ਗ਼ਦਰ ਅਖ਼ਬਾਰ ਹੋਣ ਕਰਕੇ ਕਾਪੀ ਰਾਈਟ ਪੰਡਤ ਰਾਮ ਚੰਦਰ ਨੂੰ ਮਿਲ ਗਏ। ਭਾਈ ਭਗਵਾਨ ਸਿੰਘ ਨੂੰ ਹਿੰਦੀ ਐਸੋਸੀਏਸ਼ਨ ਆਫ ਦਾ ਪੈਸਿਫਿਕ ਕੋਸਟ ਦਾ ਅਧਿਕਾਰ ਮਿਲ ਗਿਆ। ਭਾਈ ਭਗਵਾਨ ਸਿੰਘ ਹੁਣਾਂ ਨੇ ਗਦਰ ਅਖਬਾਰ ਦੇ ਹੈਡਕੁਆਰਟਰ ਤੋਂ ਆਪਣਾ ਵੱਖਰਾ ਅਖਬਾਰ ‘ਯੁਗਾਂਤਰ’ ਨਾਂ ਥੱਲੇ ਕੱਢਣਾ ਸ਼ੁਰੂ ਕਰ ਦਿੱਤਾ।ਪੰਡਤ ਰਾਮ ਚੰਦਰ ਨੇ ਗ਼ਦਰ ਅਖਬਾਰ ਕਿਸੇ ਹੋਰ ਜਗ੍ਹਾ ਤੋਂ ਛਾਪਣਾ ਸ਼ੁਰੂ ਕਰ ਦਿੱਤਾ ਤੇ ਅਖਬਾਰ ਵਿੱਚ ਭਾਈ ਰਾਮ ਸਿੰਘ, ਭਾਈ ਸੰਤੋਖ ਸਿੰਘ ਤੇ ਭਾਈ ਭਗਵਾਨ ਸਿੰਘ ਨੂੰ ਪਾਰਟੀ ਚੋਂ ਕੱਢਣ ਦਾ ਐਲਾਨ ਕਰ ਦਿੱਤਾ।
ਦੂਜੀ ਸੰਸਾਰ ਜੰਗ ਲੱਗ ਗਈ ਤੇ ਅਮਰੀਕਾ ਬਰਤਾਨੀਆ ਨਾਲ ਹੋ ਗਿਆ। ਬਰਤਾਨੀਆ ਨੇ ਅਮਰੀਕਾ ਤੇ ਦਬਾਅ ਪਾਇਆ ਕਿ ਗ਼ਦਰੀਆਂ ਵਿਰੁੱਧ ਕੇਸ ਚਲਾਏ ਜਾਣ। ਇਸ ਮਜਬੂਰੀ ਵਿੱਚ ਅਮਰੀਕਾ ਨੇ ਗ਼ਦਰੀਆਂ ਨੂੰ ਫੜ ਕੇ ਜੇਲ੍ਹਾਂ ਅੰਦਰ ਡੱਕ ਦਿੱਤਾ ਜਿੰਨਾਂ ਵਿੱਚ ਰਾਮ ਚੰਦਰ ਵੀ ਸੀ। ਰਾਮ ਚੰਦਰ ਨੇ ਆਪਣਾ ਕੇਸ ਵੱਖਰੇ ਤੌਰ ਤੇ ਵਕੀਲ ਕਰਕੇ ਲੜਿਆ।
ਰਾਮ ਚੰਦਰ ਇਕੱਲਾ ਕੇਸ ਹੀ ਵੱਖਰਾ ਨਹੀਂ ਸੀ ਲੜ ਰਿਹਾ ਉਹ ਅਦਾਲਤ ਵਿੱਚ ਬਿਆਨ ਦੇ ਕੇ ਗ਼ਦਰੀਆਂ ਦਾ ਕੇਸ ਵੀ ਕੰਮਜ਼ੋਰ ਕਰ ਰਿਹਾ ਸੀ। ਗਦਰੀ ਰਾਮ ਚੰਦਰ ਦੀ ਇਸ ਅਤਿ ਨਿੰਦਣਯੋਗ ਕਾਰਵਾਈ ਤੋਂ ਬਹੁਤ ਔਖੇ ਹੋ ਗਏ ਤੇ ਅਖੀਰ ਗ਼ਦਰੀਆਂ ਨੇ ਫੈਸਲਾ ਕਰਕੇ ਭਾਈ ਰਾਮ ਸਿੰਘ ਧੁਲੇਤਾ ਦੀ ਡਿਊਟੀ ਲਾਈ ਕਿ ਇਸ ਦਾ ਜਾਨ ਤੋਂ ਖਾਤਮਾ ਕੀਤਾ ਜਾਵੇ।
23 ਅਪ੍ਰੈਲ 1918 ਦਾ ਦਿਨ ਸੀ ਤੇ ਅਦਾਲਤ ਦੁਪਹਿਰ ਦੇ ਖਾਣੇ ਵਾਸਤੇ ਕੁਝ ਸਮਾਂ ਬਰਖਾਸਤ ਹੋਈ ਸੀ। ਜੱਜ ਕਚਹਿਰੀ ਚੋਂ ਜਾ ਚੁੱਕਾ ਸੀ ਤੇ ਬਾਕੀ ਸਾਰੇ ਹਾਲੇ ਕੋਰਟ ਰੂਮਾਂ ਦੇ ਅੰਦਰ ਹੀ ਸਨ। ਪੰਡਤ ਰਾਮ ਚੰਦਰ ਆਪਣੀ ਜਗ੍ਹਾ ਤੋਂ ਉੱਠ ਕੇ ਆਪਣੇ ਵਕੀਲ ਕੋਲ ਸਲਾਹ ਕਰਨ ਲਈ ਗਿਆ ਤੇ ਭਾਈ ਰਾਮ ਸਿੰਘ ਵੀ ਛੁੱਪਦੇ ਛੁੱਪਦੇ ਉਸ ਦੇ ਪਿੱਛੇ ਚਲਾ ਗਿਆ ਤੇ ਰਾਮ ਸਿੰਘ ਨੇ ਪੰਡਤ ਰਾਮ ਚੰਦਰ ਦੇ ਗੋਲੀਆਂ ਦਾਗ ਦਿੱਤੀਆਂ। ਉਹ ਕੁੱਝ ਸਮਾਂ ਤੜਪਨ ਤੋਂ ਬਾਅਦ ਜਹੱਨਮ ਪਹੁੰਚ ਗਿਆ। ਮੌਕੇ ਦੇ ਮਾਰਸ਼ਲ ਹੌਲੋਹੈਨ ਨੇ ਭਾਈ ਰਾਮ ਸਿੰਘ ਧੁਲੇਤਾ ਨੂੰ ਗਿ੍ਰਫਤਾਰ ਕਰਨ ਦੀ ਥਾਂ ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।
ਪਿਰਥੀਪਾਲ ਸਿੰਘ ਮਾੜੀਮੇਘਾ
-ਮੋਬਾ: 9876078731

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ