Monday, May 06, 2024  

ਲੇਖ

ਜ਼ਿੰਦਗੀ ਵਿੱਚ ਫ਼ੈਸਲਿਆਂ ਦਾ ਮਹੱਤਵ

April 22, 2024

ਦੁਨੀਆਂ ਅੰਦਰ ਆਪਣੇ ਸੁਫਨਿਆ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਸਹੀ ਸਮੇਂ ਤੇ ਸਹੀ ਫ਼ੈਸਲੇ ਲੈਣਾ, ਕਿਉਂਕਿ ਫ਼ੈਸਲਿਆ ਤੋਂ ਬਗ਼ੈਰ ਜੀਵਨ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਿਆ ਨਹੀਂ ਜਾ ਸਕਦਾ ਹੈ । ਵਿਅਕਤੀ ਭਾਂਵੇ ਜਿੰਨ੍ਹਾ ਮਰਜੀ ਪੜਿ੍ਹਆ-ਲਿਖਿਆ ਹੋਵੇ, ਹੁਨਰਮੰਦ ਹੋਵੇ, ਉਸਦੇ ਅਰਮਾਨਾਂ ਦਾ ਉਦੋਂ ਤੱਕ ਹਕੀਕਤ ਵਿਚ ਬਦਲਣਾ ਔਖਾ ਹੈ, ਜਦੋਂ ਤੱਕ ਉਹ ਕੋਈ ਕਦਮ ਨਹੀਂ ਚੁੱਕਦਾ ਹੈ । ਅਨੁਭਵੀ ਲੋਕਾਂ ਦਾ ਮੰਨਣਾ ਹੈ ਕਿ ਬਿਨਾਂ ਫੈਸਲਿਆਂ ਦੇ ਕੋਈ ਮੁਕਾਮ ਹਾਸਲ ਨਹੀਂ ਕੀਤਾ ਜਾ ਸਕਦਾ ਹੈ । ਚੰਗੇ ਫ਼ੈਸਲੇ ਵਿਅਕਤੀ ਦੀ ਅਕਲ, ਯੋਗਤਾ ਅਤੇ ਭਰੋਸੇ ਦਾ ਸਬੂਤ ਹੁੰਦੇ ਹਨ । ਫ਼ੈਸਲੇ ਮਨੁੱਖ ਅੰਦਰ ਕੁਛ ਕਰਨ ਦੀ ਜਿਗਿਆਸਾ ਪੈਦਾ ਕਰਦੇ ਹਨ । ਇਸ ਲਈ ਹਰ ਮਨੁੱਖ ਨੂੰ ਆਪਣਾ ਜੀਵਨ ਵਧੀਆ ਬਣਾਉਣ ਲਈ, ਆਪਣੀ ਕਾਬਲੀਅਤ ਅਨੁਸਾਰ ਕੋਈ ਨਾ ਕੋਈ ਫ਼ੈਸਲਾ ਜਰੂਰ ਲੈਣਾ ਚਾਹੀਦਾ ਹੈ । ਹਾਲਾਂਕਿ ਫ਼ੈਸਲਾ ਕਰਨ ਦਾ ਵੀ ਇੱਕ ਉਚਿੱਤ ਸਮਾਂ ਹੁੰਦਾ ਹੈ, ਯਾਨੀ ਕਿ ਮੌਕਾ ਖੁੰਝਣ ਤੋਂ ਬਾਅਦ ਸਿਵਾਏ ਨਿਰਾਸ਼ਾ ਦੇ ਹੱਥ ਕੁਝ ਨਹੀਂ ਲੱਗਦਾ ਹੈ । ਬੰਦਾ ਉਮਰ ਭਰ ਪਛਤਾਵੇ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ । ਲੇਕਿਨ ਇਹ ਵੀ ਜ਼ਰੂਰੀ ਨਹੀਂ ਹੈ ਕਿ ਸਿਰਫ਼ ਵੱਡੇ ਫ਼ੈਸਲੇ ਹੀ ਜੀਵਨ ਦੀ ਕਾਇਆ ਪਲਟ ਸਕਦੇ ਹਨ । ਬਲਕਿ ਸਾਧਾਰਨ ਫ਼ੈਸਲੇ ਵੀ ਜੀਵਨ ਨੂੰ ਖੁਸ਼ਹਾਲ ਬਣਾਉਂਦੇ ਹਨ । ਇਨਸਾਨ ਜੋ ਵੀ ਕਰਦਾ ਹੈ, ਜੋ ਵੀ ਸਿਰਜਦਾ ਹੈ, ਉਹ ਸਭ ਲਈ ਬਹੁਤ ਮਾਇਨੇ ਰੱਖਦਾ ਹੈ । ਦੂਜਿਆਂ ਲਈ ਮਿਸਾਲ ਬਣਦਾ ਹੈ । ਇਸ ਲਈ ਸਾਡਾ ਹਰ ਫ਼ੈਸਲਾ ਸਭ ਦੇ ਹਿੱਤ ਵਿਚ ਹੋਣਾ ਚਾਹੀਦਾ ਹੈ । ਦਰਅਸਲ ਇਨਸਾਨ ਦੇ ਇੱਕ ਗ਼ਲਤ ਫ਼ੈਸਲੇ ਦਾ ਖਾਮਿਆਜ਼ਾ ਪੀੜ੍ਹੀਆਂ ਤੱਕ ਨੂੰ ਭੁਗਤਣਾ ਪੈ ਸਕਦਾ ਹੈ ।
ਉਦਾਹਰਣ ਵੱਜੋਂ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਅਸੀਂ ਮੁੱਦਤਾਂ ਤੋਂ ਕਰਦੇ ਆ ਰਹੇ ਹਾਂ , ਉਹ ਗ਼ਲਤ ਫੈਸਲਿਆ ਦੀ ਹੀ ਦੇਣ ਹਨ । ਫੇਰ ਭਾਵੇਂ ਉਹ ਫ਼ੈਸਲੇ ਵਿਅਕਤੀਗਤ ਸਨ ਜਾਂ ਜਨਤਕ ਜਾਂ ਫਿਰ ਪ੍ਰਸਥਿਤੀਆਂ ਦੇ ਅਨੁਸਾਰ ਸਨ । ਹਾਲਾਂਕਿ ਕਿਹੜਾ ਫ਼ੈਸਲਾ ਕਿੰਨਾ ਠੀਕ ਹੈ ਅਤੇ ਕਿੰਨਾਂ ਗ਼ਲਤ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸਦਾ ਹੈ, ਪ੍ਰਤੂੰ ਜਿੰਦਗੀ ਵਿਚ ਲਿੱਤਾ ਗਿਆ ਹਰ ਫ਼ੈਸਲਾ ਆਪਣੀ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ।
ਕੁਝ ਫ਼ੈਸਲੇ ਅਸੀਂ ਆਪਣੀ ਮਰਜੀ ਨਾਲ ਕਰਦੇ ਹਾਂ ਜਦਕਿ ਕੁਝ ਨੂੰ ਦੂਜਿਆਂ ਦੀ ਸਲਾਹ ਨਾਲ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰਦੇ ਹਾਂ । ਉਹ ਗੱਲ ਵੱਖਰੀ ਹੈ ਕਿ ਜਿਹੜੇ ਫ਼ੈਸਲੇ ਅਸੀਂ ਜਜ਼ਬਾਤੀ ਹੋ ਕੇ ਜਾਂ ਜਲਦਬਾਜ਼ੀ ’ਚ ਕਰਦੇ ਹਾਂ । ਉਹ ਕਈ ਵਾਰ ਨਾਸੂਰ ਬਣ ਜਾਂਦੇ ਹਨ, ਜ਼ਿੰਦਗੀ ਨਰਕ ਬਣਾ ਦਿੰਦੇ ਹਨ । ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਵਿਉਂਤਬੰਦੀ ਨਾਲ ਲਿਆ ਗਿਆ ਫ਼ੈਸਲਾ ਘੱਟ ਨੁਕਸਾਨਦੇਹ ਸਾਬਤ ਹੁੰਦਾ ਹੈ । ਦੇਖਿਆ ਜਾਵੇ ਤਾਂ ਅੱਜ ਕੱਲ੍ਹ ਫ਼ੈਸਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਹੈ , ਕਿਉਂਕਿ ਜਿਵੇਂ ਜਿਵੇਂ ਵਿਕਲਪ ਵੱਧਦੇ ਜਾ ਰਹੇ ਹਨ , ਲੋਕਾਂ ਦੀ ਸੋਚਣ ਸ਼ਕਤੀ ਵੀ ਵੱਧਦੀ ਜਾ ਰਹੀ ਹੈ , ਪਹਿਲਾਂ ਦੇ ਮੁਕਾਬਲੇ ਲੋਕਾਂ ਨੂੰ ਵਰਤਮਾਨ ਚ ਦੁਨੀਆਦਾਰੀ ਦੀ ਜਿਆਦਾ ਸਮਝ ਹੈ । ਜਿਸ ਕਰਕੇ ਲੋਕੀ ਫ਼ੈਸਲਾ ਲੈਂਦੇ ਸਮੇਂ ਦੇਰ ਨ੍ਹੀ ਲਾਉਂਦੇ ਹਨ ।
ਨਿਰਸੰਕੋਚ ਜੋਖਮ ਭਰਿਆ ਫ਼ੈਸਲਾ ਵੀ ਝੱਟਪਟ ਲੈ ਲੈਂਦੇ ਹਨ । ਉਂਝ ਵੀ ਇੱਕ ਫ਼ੈਸਲੇ ਦੀ ਸਫਲਤਾ ਤੋਂ ਬਾਅਦ ਵਿਆਕਤੀ ਦਾ ਡਰ ਖੁੱਲ੍ਹ ਜਾਂਦਾ ਹੈ ਅਤੇ ਉਹ ਵੱਧ ਫ਼ੈਸਲੇ ਲੈਣੇ ਸ਼ੁਰੂ ਕਰ ਦਿੰਦਾ ਹੈ, ਉੱਦਮ ਕਰਦਾ ਹੈ ।
ਫ਼ੈਸਲਿਆ ’ਚ ਬੜੀ ਤਾਕਤ ਹੁੰਦੀ ਹੈ । ਬਿਨਾਂ ਫੈਸਲਿਆ ਤੋਂ ਲਕਸ਼ ਨਿਰਧਾਰਤ ਨਹੀਂ ਹੁੰਦਾ ਹੈ । ਰਹੀ ਗੱਲ ਘਰੇਲੂ ਤੌਰ ਤੇ ਲਏ ਜਾਣ ਵਾਲੇ ਛੋਟੇ-ਮੋਟੇ ਫ਼ੈਸਲਿਆ ਦੀ ਤਾਂ ਜੇਕਰ ਅਜਿਹੇ ਫ਼ੈਸਲੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰੈਅ ਪਾਸ ਨਾਲ ਲਏ ਜਾਣ ਤਾਂ, ਘਰ ਅੰਦਰ ਪਿਆਰ ਦਾ ਮਾਹੌਲ ਬਣਿਆ ਰਹੇਗਾ । ਮੌਜੂਦਾ ਦੌਰ ਚ ਹਰ ਇਨਸਾਨ ਕਿਸੇ ਨਾ ਕਿਸੇ ਗੱਲੋਂ ਪ੍ਰੇਸ਼ਾਨ ਹੈ । ਸਮੱਸਿਆਵਾਂ ਤੋਂ ਹਾਰ ਮੰਨ ਕੇ ਜੀਵਨ ਰੂਪੀ ਸੌਗਾਤ ਦਾ ਅੰਤ ਕਰਨਾ ਪਾਪ ਹੈ । ਸਮਾਂ ਹਰ ਮੁਸ਼ਕਿਲ ਦਾ ਹੱਲ ਆਪ ਹੀ ਲੱਭ ਲੈਂਦਾ ਹੈ । ਚੰਗੇ ਫ਼ੈਸਲਿਆ ਅਤੇ ਹਿੰਮਤ ਸਦਕਾ ਜਿੰਦਗੀ ਨੂੰ ਸੋਹਣੀ ਬਣਾਇਆ ਜਾ ਸਕਦਾ ਹੈ । ਬਾਕੀ ਸਰਕਾਰਾਂ ਦੁਆਰਾ ਲਾਗੂ ਕੀਤੇ ਜਾਣ ਵਾਲੇ ਫ਼ੈਸਲੇ ਹਰ ਪੱਖੋ ਬਹੁਤ ਮਹੱਤਵ ਰੱਖਦੇ ਹਨ । ਦੇਸ਼ ਅਤੇ ਦੇਸ਼ਵਾਸੀਆਂ ਦਾ ਭਵਿੱਖ ਸੁਨਿਸ਼ਚਤ ਕਰਦੇ ਹਨ ।
ਗੋਪਾਲ ਸ਼ਰਮਾ
-ਮੋਬਾ: 98564-50006

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ