Saturday, May 25, 2024  

ਸੰਪਾਦਕੀ

ਭਾਰਤ ਦੇ ਸਿਰ ਮੰਡਰਾਉਂਦਾ ਪਾਣੀ ਦਾ ਸੰਕਟ

April 22, 2024

ਚਲੰਤ ਚੋਣ-ਪ੍ਰਚਾਰ ’ਚੋਂ ਬੁਨਿਆਦੀ ਸਮੱਸਿਆਵਾਂ ਦਾ ਜ਼ਿਕਰ ਗਾਇਬ

ਦੇਸ਼ ਦੀਆਂ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਬੁਨਿਆਦੀ, ਸਮੱਸਿਆਵਾਂ ਦਾ ਖ਼ਾਤਮਾ ਹੁੰਦਾ ਨਜ਼ਰ ਨਹੀਂ ਆ ਰਿਹਾ ਸਗੋਂ ਸਾਫ਼ ਹੋ ਰਿਹਾ ਹੈ ਕਿ ਅਗਲੇ ਕਈ ਸਾਲਾਂ ਤੱਕ ਸਾਡੇ ਦੇਸ਼ ਦੇ ਲੋਕਾਂ ਨੂੰ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ ਅਤੇ ਸਿਹਤ ਤੇ ਸਿੱਖਿਆ ਖੇਤਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ। ਦੇਸ਼ ਦੇ ਨਵੇਂ ਹੁਕਮਰਾਨਾਂ ਦਾ ਧਿਆਨ ਤਾਂ ਸੰਸਾਰ ’ਚ ਕੁੱਛ ਅਮੀਰਤਮ ਭਾਰਤੀਆਂ ਨੂੰ ਹੋਰ ਚਮਕਾ ਕੇ ਪੇਸ਼ ਕਰਨ ’ਤੇ ਹੀ ਕੇਂਦਰਿਤ ਹੈ। ਸਾਡੀਆਂ ਬੁਨਿਆਦੀ ਸਮੱਸਿਆਵਾਂ ਤਾਂ ਖ਼ਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਪਰ ਹੋਰ ਘਾਤਕ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਦਾ ਇਲਾਜ ਵਰਤਮਾਨ ਸਰਕਾਰ ਕੋਲ ਨਹੀਂ ਹੈ। ਪਿਛਲੇ ਦਸ ਸਾਲਾਂ ਦੌਰਾਨ ਦੇਸ਼ ’ਚ ਭਾਰਤੀ ਆਬਾਦੀ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਵੰਡੀ ਗਈ ਹੈ। ਸਰਕਾਰੀ ਏਜੰਸੀਆਂ ਅਤੇ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਪ੍ਰਵਾਨ ਕਰ ਰਹੀਆਂ ਹਨ ਕਿ ਭਾਰਤ ਇੱਕ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਆਰਥਿਕ ਨਾਬਰਾਬਰੀ ਬਹੁਤ ਜ਼ਿਆਦਾ ਵੱਧ ਗਈ ਹੈ। ਆਰਥਿਕ ਨਾਬਰਾਬਰੀ ਦੇ ਮਾਮਲੇ ਵਿੱਚ ਭਾਰਤ ਬਹੁਤ ਜ਼ਿਆਦਾ, ਸਗੋਂ ਭਿਆਨਕ, ਆਰਥਿਕ ਨਾਬਰਾਬਰੀ ਵਾਲੇ ਦੇਸ਼ਾਂ ’ਚ ਸ਼ਾਮਿਲ ਹੈ। ਇਹ ਸਾਧਨ ਸੰਪੰਨ ਅਮੀਰ ਜਮਾਤ ਨੂੰ ਹੋਰ ਅਮੀਰ ਬਣਾਉਣ ਲਈ ਚਲਾਈਆਂ ਗਈਆਂ ਆਰਥਿਕ ਨੀਤੀਆਂ ਕਾਰਨ ਵਾਪਰਿਆ ਹੈ। ਭਾਰਤ ’ਚ ਇਨ੍ਹਾਂ ਆਰਥਿਕ ਨੀਤੀਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਦਲ ਨਹੀਂ ਸਕਦੀ ਕਿਉਂਕਿ ਇਹ ਮੁੱਢ ਤੋਂ ਹੀ, ਜਨਸੰਘ ਹੁੰਦੇ ਹੋਣ ਦੇ ਸਮੇਂ ਤੋਂ ਹੀ, ਅਮੀਰ ਪੱਖੀ ਰਹੀ ਹੈ।
ਆਰਥਿਕ ਨਾਬਰਾਬਰੀ, ਹੁਣ ਦੇਸ਼ ਦੀਆਂ ਬੁਨਿਆਦੀ ਅਤੇ ਲੋਕ ਮਾਰੂ ਸਮੱਸਿਆਵਾਂ ’ਚ ਇੱਕ ਹੋਰ ਮਾਰੂ ਸਮੱਸਿਆ ਵਜੋਂ ਜੁੜ ਗਈ ਹੈ। ਪਰ ਦੇਸ਼ ਦੇ ਸਰੋਤਾਂ ਨਾਲ ਜੁੜੀਆਂ ਹੋਰ ਵੀ ਕਈ ਖ਼ਤਰਨਾਕ ਸਮੱਸਿਆਵਾਂ ਦੇ ਪੈਦਾ ਹੋਣ ਜਾਂ ਜਲਦ ਹੀ ਆ ਧਮਕਣ ਦੀਆਂ ਸੰਭਾਵਨਾਵਾਂ ਹਕੀਕੀ ਰੂਪ ਲੈਣ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਵਿਆਪਕ ਅਤੇ ਖ਼ਤਰਨਾਕ ਸਮੱਸਿਆ, ਭਾਰਤ ਵਿੱਚ ਆਉਣ ਵਾਲੇ ਸਮੇਂ ’ਚ ਪਾਣੀ ਦੀ ਘਾਟ ਦੀ ਸਮੱਸਿਆ ਹੈ ਜੋ ਅਗਲੇ ਡੇਢ ਦੋ ਦਹਾਕੇ ਵਿੱਚ ਬਹੁਤ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ। ਭਾਰਤ ’ਚ ਪਾਣੀ ਦੀ ਅਗਲੇ ਦਹਾਕਿਆਂ ’ਚ ਉਪਲਬਧਤਾ ਬਾਰੇ ਨਵੇਂ ਅਧਿਅਨ ਅਤੇ ਖੋਜਾਂ ਦਰਸਾਉਂਦੀਆਂ ਹਨ ਕਿ ਆਉਣ ਵਾਲੇ ਸਮੇਂ ’ਚ ਪੀਣ ਯੋਗ ਪਾਣੀ ਦੀ ਸੁਲੱਭਤਾ ਦਾ ਘਟਣਾ ਇੱਕ ਅਜਿਹੇ ਸੰਕਟ ਦਾ ਰੂਪ ਧਾਰ ਸਕਦਾ ਹੈ, ਜਿਸ ਦਾ ਸਾਹਮਣਾ ਕਰਨਾ ਬਹੁਤ ਔਖਾ ਹੋਵੇਗਾ। ਅਧਿਅਨ ਦਸਦੇ ਹਨ ਕਿ ਇਸ ਸੰਕਟ ਲਈ ਹੁਣੇ ਤੋਂ ਤਿਆਰੀ ਵੀ ਕਰਨੀ ਪਵੇਗੀ।
ਭਾਰਤ, ਚੀਨ ਨੂੰ ਪਿਛਾਂਹ ਛੱਡਦੇ ਹੋਏ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਚੁੱਕਾ ਹੈ ਅਤੇ ਪਾਣੀ ਦਾ ਸੰਕਟ ਗੰਭੀਰ ਖ਼ਤਰੇ ਵਜੋਂ ਉਭਰਨਾ ਸ਼ੁਰੂ ਹੋ ਗਿਆ ਹੈ । ਇੱਕ ਰਿਪੋਰਟ ’ਚ ਜ਼ਾਹਰ ਕੀਤਾ ਗਿਆ ਹੈ ਕਿ 2050 ਤੱਕ ਭਾਰਤ ਦੇ ਅੱਧੇ ਜ਼ਿਲ੍ਹਿਆਂ ’ਚ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਉਸ ਸਮੇਂ ਤੱਕ ਪਾਣੀ ਦੀ ਪ੍ਰਤੀ ਵਿਅਕਤੀ ਮੰਗ ਵਿੱਚ ਵੀ 30 ਪ੍ਰਤੀਸ਼ਤ ਵਾਧਾ ਹੋ ਜਾਵੇਗਾ। ਵੱਧਦੀ ਆਬਾਦੀ ਅਤੇ ਪਾਣੀ ਦੇ ਸਰੋਤਾਂ ਦੀ ਘਾਟ ਕਾਰਨ ਸੰਕਟ ਪੈਦਾ ਹੋਵੇਗਾ। ਰਿਪੋਰਟ ਅਨੁਸਾਰ ਦੇਸ਼ ਦੇ ਕੁੱਲ ਪਾਣੀ ਦਾ ਕੋਈ 85 ਪ੍ਰਤੀਸ਼ਤ ਹਿੱਸਾ ਖੇਤੀ ’ਚ ਜਜ਼ਬ ਹੁੰਦਾ ਹੈ। ਇਸ ਤੋਂ ਬਾਅਦ ਘਰੇਲੂ ਖ਼ਪਤ ਅਤੇ ਫਿਰ ਸਨਅਤ ਦੀ ਖ਼ਪਤ ਹੈ। ਭਾਰਤ ’ਚ ਦੁਨੀਆ ਦੀ 17 ਪ੍ਰਤੀਸ਼ਤ ਆਬਾਦੀ ਹੈ ਜਦੋਂ ਕਿ ਇਸ ਕੋਲ ਦੁਨੀਆ ਦੇ 4 ਪ੍ਰਤੀਸ਼ਤ ਪਾਣੀ ਦੇ ਸਰੋਤ ਹਨ। ਜੇਕਰ ਫਲੇਂਕੇਨਮਾਰਕ ਸੂਚਕ-ਅੰਕ, ਜੋ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਨੂੰ ਮਾਪਦਾ ਹੈ, ਅਨੁਸਾਰ ਦੇਖੀਏ, ਜੋ ਪ੍ਰਤੀ ਵਿਅਕਤੀ 1700 ਕਿਉਸਿਕ ਮੀਟਰ ਤੋਂ ਘੱਟ ਪਾਣੀ ਵਾਲੇ ਇਲਾਕਿਆਂ ਨੂੰ ਪਾਣੀ ਦੇ ਸੰਕਟ ਵਾਲੇ ਇਲਾਕੇ ਮੰਨਦਾ ਹੈ, ਤਾਂ 76 ਪ੍ਰਤੀਸ਼ਤ ਭਾਰਤੀਆਂ ਕੋਲ ਅੱਜ ਵੀ ਪੂਰਾ ਪਾਣੀ ਉਪਲਬਧ ਨਹੀਂ ਹੈ। ਸੋ, ਸੰਕਟ ਦੀ ਸੰਭਾਵਨਾ ਆਧਾਰਹੀਣ ਨਹੀਂ ਹੈ। ਪਰ ਜੇਕਰ ਆਮ ਚੋਣਾਂ ਸਮੇਂ ਚੱਲ ਰਹੇ ਚੋਣ-ਪ੍ਰਚਾਰ ਨੂੰ ਸੁਣੀਏ-ਦੇਖੀਏ ਤਾਂ ਲੱਗਦਾ ਹੈ ਕਿ ਹੁਕਮਰਾਨਾਂ ਨੂੰ ਦੇਸ਼ ਦੀਆਂ ਅਸਲ ਸਮੱਸਿਆਵਾਂ ਨਾਲ ਕੋਈ ਲੇਗਾ-ਦੇਗਾ ਹੀ ਨਹੀਂ ਹੈ, ਸਮੱਸਿਆਵਾਂ ਦੇ ਹੱਲ ਦੀ ਗੱਲ ਕਰਨਾ ਤਾਂ ਦੂਰ ਦੀ ਗੱਲ ਹੈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ