Thursday, May 30, 2024  

ਖੇਤਰੀ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

April 23, 2024

-ਔਰਤਾਂ ਵੱਲੋਂ ਭਰਵੀਂ ਸ਼ਮੂਲਅੀਅਤ, ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰੱਖਣ ਦਾ ਸੱਦਾ

ਡੱਬਵਾਲੀ, 23 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) : ਭਾਕਿਯੂ ਸਿੱਧੂਪੁਰ ਵੱਲੋਂ ਮੰਡੀ ਕਿੱਲਿਆਂਵਾਲੀ ਵਿਖੇ ਡੱਬਵਾਲੀ ਹੱਦ ’ਤੇ 43ਵੇਂ ਦਿਨ ਨੂੰ ਦਿੱਲੀ ਕੂਚ ਮੋਰਚੇ ਦੇ ਭਖਾਉਂਦੇ ਭਰਵਾਂ ਇਕੱਠ ਕੀਤਾ। ਇਸ ਮੌਕੇ ਜਥੇਬੰਦਕ ਆਗੂਆਂ ਨੇ ਕਿਸਾਨਾਂ ਨੂੰ ਕਣਕਾਂ ਦੀ ਵਾਢੀ ਅਤੇ ਤੂੜੀ-ਤੰਦ ਸਾਂਭ ਕੇ ਮੁੜ ਤੋਂ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦਾ ਹੋਕਾ ਦਿੱਤਾ। ਇਸ ਮੌਕੇ ਕਾਫ਼ੀ ਗਿਣਤੀ ਔਰਤਾਂ ਨੇ ਵੀ ਹਿੱਸਾ ਲਿਆ। ਕਿਸਾਨ ਬੁਲਾਰਿਆਂ ਨੇ ਬਠਿੰਡਾ ਜ਼ਿਲ੍ਹੇ ’ਚ ਭਾਰੀ ਗੜੇਮਾਰੀ ਦੇ ਬਾਵਜੂਦ ਆਪ ਸਰਕਾਰ ਵੱਲੋਂ ਕਿਸਾਨਾਂ ਦੀ ਸਾਰ ਨਾ ਲੈਣ ਦੀ ਨਿਖੇਧੀ ਅਤੇ ਨੌਜਵਾਨ ਕਿਸਾਨ ਸ਼ੁਭਕਰਮਨ ਸਿੰਘ ਦੀ ਮੌਤ ’ਤੇ ਕੀਤੀ ਜੀਰੋ ਐਫ਼ਆਈਆਰ ਦਰਜ ’ਤੇ ਤਿੱਖਾ ਰੋਸ ਜਤਾਇਆ ਗਿਆ।
ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ, ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਪ੍ਰੈਸ ਸਕੱਤਰ ਰਣਜੀਤ ਸਿੰਘ ਜੀਦਾ, ਮੱਖਣ ਸਿੰਘ ਕੋਠੇ ਕਰਤਾਰ ਸਿੰਘ ਵਾਲਾ ਅਤੇ ਜ਼ਿਲ੍ਹਾ ਪੱਧਰੀ ਆਗੂ ਅਮਰਜੀਤ ਕੌਰ, ਪਰਮਜੀਤ ਕੌਰ ਮਹਿਮਾ ਸਵਾਈ, ਅਮਰਜੀਤ ਕੌਰ ਮਾਈਸਰਖਾਨਾ, ਬਲਾਕ ਲੰਬੀ ਦੇ ਪ੍ਰਧਾਨ ਅਵਤਾਰ ਸਿੰਘ ਮਿਠੜੀ, ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧਰੋਹ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਪਿੰਡਾਂ ਵਿੱਚ ਭਾਜਪਾ ਉਮੀਦਵਾਰਾਂ ਦਾ ਤਿੱਖਾ ਵਿਰੋਧ ਜਾਰੀ ਰੱਖਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਆਪ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਆਖਿਆ ਕਿ ਸ਼ੁਭਕਰਮਨ ਦੀ ਹੱਤਿਆ ਮਾਮਲੇ ’ਚ ਭਗਵੰਤ ਮਾਨ ਸਰਕਾਰ ਨੇ ਜੀਰੋ ਐਫ਼ਆਈਆਰ ਦਰਜ ਕਰਕੇ ਭਾਜਪਾ ਨਾਲ ਮਿਲੀਭੁਗਤ ਨੂੰ ਜੱਗਜਾਹਰ ਕਰ ਦਿੱਤਾ ਹੈ।
ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ’ਚ ਭਾਰੀ ਗੜੇਮਾਰੀ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਵਿੱਚ ਅਸਫ਼ਲ ਸਾਬਤ ਹੋਏ ਹਨ। ਹਰਭਗਵਾਨ ਸਿੰਘ ਨੇ ਸਮੂਹ ਕਿਸਾਨ ਭਾਈਚਾਰੇ ਨੂੰ ਮੌਕਾਪ੍ਰਸਤ ਅਤੇ ਅਖੌਤੀ ਕਿਸਾਨ ਪੱਖੀ ਸਿਆਸੀ ਲੀਡਰਾਂ ਨੂੰ ਸਿਰੇ ਤੋਂ ਨਕਾਰਨ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਡੱਬਵਾਲੀ ਹੱਦ ’ਤੇ ਇਹ ਮੋਰਚਾ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ