Thursday, May 16, 2024  

ਖੇਤਰੀ

ਕਾਂਗਰਸ ਨੇ ਰੰਧਾਵਾ ਨੂੰ ਬਣਾਇਆ ਉਮੀਦਵਾਰ, ਤ੍ਰਿਪਤ ਬਾਜਵਾ, ਪਾਹੜਾ ਤੇ ਸਲਾਰੀਆ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

April 29, 2024

ਉਪ ਮੁੱਖ ਮੰਤਰੀ ਸਮੇਤ ਵੱਡੇ ਅਹੁਦਿਆਂ ’ਤੇ ਰਹਿ ਚੁੱਕੇ ਹਨ ਸੁਖਜਿੰਦਰ ਸਿੰਘ ਰੰਧਾਵਾ
ਪਾਹੜਾ ਪਰਿਵਾਰ ਦੇ ਸ਼ਕਤੀ ਪ੍ਰਦਰਸ਼ਨ ਦਾ ਹਾਈਕਮਾਨ ’ਤੇ ਨਹੀਂ ਚੱਲਿਆ ਜਾਦੂ
ਸਵਰਨ ਸਲਾਰੀਆ ਦੀ ਨਹੀਂ ਹੋ ਸਕੀ ਸੈਟਿੰਗ

ਦੀਨਾਨਗਰ, 29 ਅਪ੍ਰੈਲ (ਸਰਬਜੀਤ ਸਾਗਰ) : ਲੰਮੇ ਇੰਤਜ਼ਾਰ ਤੋਂ ਬਾਅਦ ਅਖ਼ੀਰ ਕਾਂਗਰਸ ਪਾਰਟੀ ਨੇ ਦਿੱਗਜ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ ਹਲਕੇ ਦੇ ਚੋਣ ਦੰਗਲ ’ਚ ਮਜ਼ਬੂਤ ਉਮੀਦਵਾਰ ਵਜੋਂ ਉਤਾਰਿਆ ਹੈ। ਸ. ਰੰਧਾਵਾ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵੇਲੇ ਉਪ ਮੁੱਖ ਮੰਤਰੀ ਸਮੇਤ ਕਈ ਹੋਰ ਵੱਡੇ ਅਹੁਦਿਆਂ ’ਤੇ ਰਹਿ ਚੁੱਕੇ ਹਨ। ਇਸ ਵੇਲੇ ਵੀ ਉਹ ਰਾਜਸਥਾਨ ’ਚ ਪ੍ਰਭਾਰੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਨੂੰ ਇੱਕ ਤੇਜ਼ ਤਰਾਰ ਅਤੇ ਧੱੜਲੇਦਾਰ ਨੇਤਾ ਵਜੋਂ ਜਾਣਿਆ ਜਾਂਦਾ ਹੈ। ਇਸ ਹਲਕੇ ਤੋਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਾਂ ਵੀ ਤਕੜੇ ਉਮੀਦਵਾਰਾਂ ਵਜੋਂ ਚਰਚਾ ਵਿੱਚ ਸਨ ਪਰ ਪਾਰਟੀ ਹਾਈਕਮਾਨ ਨੇ ਰੰਧਾਵਾ ਨੂੰ ਤਰਜ਼ੀਹ ਦਿੱਤੀ। ਜਿਸ ਕਾਰਨ ਇਨ੍ਹਾਂ ਸੰਭਾਵੀ ਉਮੀਦਵਾਰਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਪਾਹੜਾ ਪਰਿਵਾਰ ਨੇ ਤਾਂ ਟਿਕਟ ਹਾਸਲ ਕਰਨ ਲਈ ਪਿਛਲੇ ਦਿਨੀਂ ਗੁਰਦਾਸਪੁਰ ’ਚ ਇੱਕ ਵੱਡੀ ਰੈਲੀ ਜ਼ਰੀਏ ਸ਼ਕਤੀ ਪ੍ਰਦਰਸ਼ਨ ਕਰਕੇ ਦਾਅਵੇਦਾਰੀ ਵੀ ਜਤਾਈ ਸੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸਦੇ ਲਈ ਹਾਮੀ ਭਰਦੇ ਵੀ ਦਿਖਾਈ ਦਿੱਤੇ ਸਨ ਪਰ ਹਾਈਕਮਾਨ ’ਤੇ ਇਸਦਾ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਤਮਾਮ ਦਾਅਵੇਦਾਰੀਆਂ ਨੂੰ ਪਾਸੇ ਕਰਕੇ ਸਖਜਿੰਦਰ ਸਿੰਘ ਰੰਧਾਵਾ ਦੇ ਨਾਂ ’ਤੇ ਮੋਹਰ ਲਗਾ ਦਿੱਤੀ। ਇਸ ਐਲਾਨ ਨਾਲ ਕਾਂਗਰਸੀ ਦਾਅਵੇਦਾਰਾਂ ਤੋਂ ਇਲਾਵਾ ਇੱਕ ਵੱਡਾ ਝੱਟਕਾ ਪ੍ਰਸਿੱਧ ਉਦਯੋਗਪਤੀ ਸਵਰਨ ਸਲਾਰੀਆ ਨੂੰ ਵੀ ਲੱਗਾ ਹੈ, ਜੋ ਕਈ ਵਾਰ ਪ੍ਰੈਸ ਕਾਨਫ਼ਰੰਸ ਕਰਕੇ ਕਾਂਗਰਸ ਵਰਗੀ ਵੱਡੀ ਪਾਰਟੀ ਵੱਲੋਂ ਚੋਣ ਲੜਣ ਦਾ ਦਾਅਵਾ ਠੋਕ ਚੁੱਕੇ ਹਨ। ਸਲਾਰੀਆ ਸ਼ੁਰੂ ਵਿੱਚ ਕਾਂਗਰਸ ਪਾਰਟੀ ਨਾਲ ਹੀ ਜੁੜੇ ਸਨ ਪਰ ਬਾਅਦ ਵਿੱਚ ਉਹ ਭਾਜਪਾ ’ਚ ਸ਼ਾਮਲ ਹੋ ਗਏ ਲੇਕਿਨ ਭਾਜਪਾ ਨੇ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦੇ ਦਿੱਤੀ ਤਾਂ ਸਲਾਰੀਆ ਨੇ ਨਾਰਾਜ਼ ਹੁੰਦਿਆਂ ਐਲਾਨ ਕਰ ਦਿੱਤਾ ਕਿ ਉਹ ਹਰ ਹਾਲਤ ਵਿੱਚ ਚੋਣਾਂ ਲੜਣਗੇ। ਸੂਤਰਾਂ ਅਨੁਸਾਰ ਬਾਕੀ ਪਾਰਟੀਆਂ ਵੱਲੋਂ ਉਮੀਦਵਾਰ ਘੋਸ਼ਿਤ ਕਰ ਦੇਣ ਕਾਰਨ ਸਲਾਰੀਆ ਕੋਲ ਸਿਰਫ਼ ਕਾਂਗਰਸ ਹੀ ਮੁੱਖ ਪਾਰਟੀ ਵਜੋਂ ਵਿਕਲਪ ਬਚਿਆ ਸੀ। ਸਲਾਰੀਆ ਵੱਲੋਂ ਕਾਂਗਰਸ ਨਾਲ ਸੈਟਿੰਗ ਕਰਕੇ ਹਰ ਹੀਲੇ ਟਿਕਟ ਹਾਸਲ ਕਰਨ ਦੀਆਂ ਚਰਚਾਵਾਂ ਜ਼ੋਰਾਂ ’ਤੇ ਸਨ ਪਰ ਅੱਜ ਕਾਂਗਰਸ ਹਾਈਕਮਾਨ ਨੇ ਤਮਾਮ ਕਿਆਸ ਅਰਾਈਆਂ ’ਤੇ ਵਿਰਾਮ ਲਗਾ ਦਿੱਤਾ। ਸੂਤਰਾਂ ਅਨੁਸਾਰ ਹਾਈਕਮਾਨ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਜਿੱਤਣ ਤੋਂ ਬਾਅਦ ਸਲਾਰੀਆ ਮੁੜ ਭਾਜਪਾ ਦੀ ਗੋਦੀ ’ਚ ਜਾ ਬੈਠਣਗੇ। ਇਸ ਲਈ ਪਾਰਟੀ ਨੇ ਸਥਾਨਕ ਅਤੇ ਭਰੋਸੇਯੋਗ ਉਮੀਦਵਾਰ ’ਤੇ ਦਾਅ ਖੇਡਣਾ ਹੀ ਠੀਕ ਸਮਝਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ