ਪੁਲਿਸ ਵੱਲੋਂ ਕਬਜ਼ੇ 'ਚ ਲਈਆਂ ਗਈਆਂ ਤਿੰਨ ਗੱਡੀਆਂ ਬੁਰੀ ਤਰ੍ਹਾਂ ਸੜੀਆਂ
ਸ੍ਰੀ ਫ਼ਤਹਿਗੜ੍ਹ ਸਾਹਿਬ/ 6 ਮਈ (ਰਵਿੰਦਰ ਸਿੰਘ ਢੀਂਡਸਾ) :ਖੇੜੀ ਨੌਧ ਸਿੰਘ ਵਿਖੇ ਕਣਕ ਦੀ ਰਹਿੰਦ ਖੂੰਦ ਨੂੰ ਲੱਗੀ ਅੱਗ ਕਾਰਨ ਥਾਣਾ ਖੇੜੀ ਨੌਧ ਸਿੰਘ ਵਿਖੇ ਖੜ੍ਹੀਆਂ ਤਿੰਨ ਗੱਡੀਆਂ ਦੇ ਬੁਰੀ ਤਰ੍ਹਾਂ ਸੜ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਖੇੜੀ ਨੌਧ ਸਿੰਘ ਦੇ ਪਿਛਲੇ ਪਾਸੇ ਖੇਤਾਂ 'ਚ ਕਿਸੇ ਵੱਲੋਂ ਕਣਕ ਦੇ ਰਹਿੰਦ ਖੂੰਦ ਨੂੰ ਅੱਗ ਲਗਾਈ ਗਈ ਸੀ ਜੋ ਕਿ ਚੱਲੀਆਂ ਤੇਜ਼ ਹਵਾਵਾਂ ਕਾਰਨ ਕੁਝ ਹੀ ਸਮੇਂ 'ਚ ਥਾਣੇ ਦੇ ਅਹਾਤੇ ਤੱਕ ਪਹੁੰਚ ਗਈ।ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਥਾਣੇ 'ਚ ਭਗਦੜ ਮੱਚ ਗਈ ਜਿਸ 'ਤੇ ਆਮ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਕਰਕੇ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ।ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਉਦੋਂ ਤੱਕ ਤਾਂ ਥਾਣੇ ਦੇ ਅਹਾਤੇ 'ਚ ਖੜੀਆਂ ਤਿੰਨ ਗੱਡੀਆਂ ਜੋ ਕਿ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਮਾਲ ਮੁਕੱਦਮਾ ਵਜੋਂ ਕਬਜ਼ੇ 'ਚ ਲਈਆਂ ਹੋਈਆਂ ਸਨ ਅੱਗ ਨਾਲ ਬੁਰੀ ਤਰ੍ਹਾਂ ਸੜ ਗਈਆਂ ਪਰ ਮੌਕੇ 'ਤੇ ਮੌਜ਼ੂਦ ਲੋਕਾਂ ਵੱਲੋਂ ਵਰਤੀ ਗਈ ਮੁਸ਼ਤੈਦੀ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਖੇਤਾਂ 'ਚ ਅੱਗ ਲਗਾ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਥਾਣੇ 'ਚ ਖੜੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਵੱਲੋਂ ਨਾਮਾਲੂਮ ਵਿਅਕਤੀ ਵਿਰੁੱਧ ਅ/ਧ 435,427,188 ਆਈ.ਪੀ.ਸੀ. ਅਤੇ ਪ੍ਰੀਵੈਨਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।