ਏਜੰਸੀਆਂ
ਨਵੀਂ ਦਿੱਲੀ/8 ਮਈ : ਸੁਪਰੀਮ ਕੋਰਟ ਕਥਿਤ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਅਰਜ਼ੀ ਉੱਤੇ 10 ਮਈ ਨੂੰ ਫੈਸਲਾ ਸੁਣਾਏਗਾ। ਅਦਾਲਤ ਨੇ ਕਿਹਾ, ‘ਅੰਤਰਿਮ ਜ਼ਮਾਨਤ ਬਾਰੇ ਫੈਸਲਾ ਸ਼ੁੱਕਰਵਾਰ 10 ਮਈ ਨੂੰ ਸੁਣਾਇਆ ਜਾਵੇਗਾ। ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੇ ਮੁੱਖ ਮੁੱਦੇ ਉੱਤੇ ਵੀ ਉਸੇ ਦਿਨ ਸੁਣਵਾਈ ਕੀਤੀ ਜਾਵੇਗੀ।’ ਜ਼ਿਕਰਯੋਗ ਹੈ ਕਿ ਕੇਜਰੀਵਾਲ ਦੀ ਸੁਣਵਾਈ ’ਤੇ ਮੰਗਲਵਾਰ ਨੂੰ ਫੈਸਲਾ ਸੁਣਾਏ ਬਿਨਾਂ ਹੀ ਬੈਂਚ ਉੱਠ ਗਿਆ ਸੀ। ਸਵੇਰੇ 10.30 ਵਜੇ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਅਦਾਲਤ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਜ਼ਮਾਨਤ ਦੀਆਂ ਸ਼ਰਤਾਂ ਤੈਅ ਕਰ ਦਿੱਤੀਆਂ ਸਨ। ਹਾਲਾਂਕਿ, ਉਦੋਂ ਈਡੀ ਨੇ ਕਿਹਾ ਸੀ ਕਿ ਕੇਜਰੀਵਾਲ ਦੇ ਵਕੀਲ ਨੂੰ 3 ਦਿਨ ਤੱਕ ਸੁਣਿਆ ਗਿਆ ਹੈ, ਸਾਨੂੰ ਵੀ ਲੋੜੀਂਦਾ ਸਮਾਂ ਦਿੱਤਾ ਜਾਵੇ।