ਰਵਿੰਦਰ ਸਿੰਘ ਢੀਂਡਸਾ
ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਮਈ : ਭਰਾ ਅਤੇ ਭਰਜਾਈ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਖੁਦਕਸ਼ੀ ਕਰਨ ਵਾਲੀ ਨੈਸ਼ਨਲ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਦੀ ਮੌਤ ਦੇ ਮਾਮਲੇ ’ਚ ਮੂਲੇਪੁਰ ਪੁਲਿਸ ਵੱਲੋਂ ਉਸਦੀ ਭਰਜਾਈ ਨੂੰ ਗਿ੍ਰਫਤਾਰ ਕੀਤਾ ਗਿਆ ਹੈ।ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਪਿ੍ਰਥਵੀਰਾਜ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਲਾਪਤਾ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ. ਦੀ ਪੜ੍ਹਾਈ ਕਰ ਰਹੀ ਹਾਕੀ ਖਿਡਾਰਨ ਸੁਮਨਦੀਪ ਕੌਰ(21) ਦੀ ਲਾਸ਼ 3 ਮਈ ਨੂੰ ਪਿੰਡ ਖੇੜੀ ਗੰਢਿਆਂ ਨੇੜਿਓਂ ਭਾਖੜਾ ਨਹਿਰ ’ਚ ਤੈਰਦੀ ਹੋਈ ਮਿਲੀ ਸੀ।ਮਿ੍ਰਤਕਾ ਦੇ ਪਿਤਾ ਜਸਪਾਲ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੋਸ਼ ਲਗਾਏ ਸਨ ਕਿ ਉਸਦੀ ਧੀ ਸੁਮਨਦੀਪ ਕੌਰ ਨੂੰ ੳਸਦੇ ਲੜਕੇ ਬਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਪਿੰਕੀ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜੋ ਕਿ ਅਕਸਰ ਉਸ ਨਾਲ ਗਾਲੀ-ਗਲੋਚ ਕਰਦੇ ਰਹਿੰਦੇ ਸਨ ਜਿਨਾਂ ਤੋਂ ਤੰਗ ਆ ਕੇ ਉਸਦੀ ਧੀ ਸੁਮਨਦੀਪ ਕੌਰ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਤੇ ਸੁਮਨਦੀਪ ਦੀ ਮੌਤ ਲਈ ਸੁਮਨਦੀਪ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸਦੀ ਭਰਜਾਈ ਪਿੰਕੀ ਜ਼ਿੰਮੇਵਾਰ ਹਨ।ਸਹਾਇਕ ਥਾਣੇਦਾਰ ਪਿ੍ਰਥਵੀਰਾਜ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ ਮੂਲੇਪੁਰ ਵਿਖੇ ਅ/ਧ 306,34 ਆਈ.ਪੀ.ਸੀ. ਤਹਿਤ ਦਰਜ ਕੀਤੇ ਗਏ ਮੁਕੱਦਮੇ ’ਚ ਬਿਕਰਮਜੀਤ ਸਿੰਘ ਨੂੰ 4 ਮਈ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ ਪਰ ਉਸਦੀ ਪਤਨੀ ਪਿੰਕੀ ਗਿ੍ਰਫਤਾਰੀ ਤੋਂ ਬਚਦੀ ਆ ਰਹੀ ਸੀ ਜਿਸਨੂੰ ਬੀਤੇ ਕੱਲ੍ਹ ਗਿ੍ਰਫਤਾਰ ਕਰ ਲਿਆ ਗਿਆ।