Sunday, June 16, 2024  

ਲੇਖ

ਪੰਜਾਬੀਓ, ਪੰਜਾਬ ਬਚਾ ਲਈਏ!

May 20, 2024

ਲੋਕ ਸਭਾ ਚੋਣਾਂ ਲਈ ਸ਼ੋਰ ਹੈ! ਸ਼ੋਰ ਹੈ!! ਸ਼ੋਰ ਹੈ!!! ਪੰਜਾਬੀਓ, ਓਹੀ ਸੁਣ ਰਹੇ ਹੋਵੋਗੇ ਜੋ ਜਾਗਦੇ ਹੋਵੋਗੇ। ਸੁੱਤਿਆਂ ਤੇ ਕੀ ਕੁਝ ਲੁੱਟਿਆ ਪੁੱਟਿਆ ਜਾਂਦਾ ਹੈ ਇਹ ਪਤਾ ਹੀ ਹੈ ਆਪਾਂ ਨੂੰ। ਵੇਖੋ ਨ ਆਪਾਂ ਆਪਣੇ ਆਪਣੇ ਘਰਾਂ ਦਾ ਮਾਲ ਅਸਬਾਬ ਕਿਵੇਂ ਸਾਂਭ ਸਾਂਭ ਕੇ ਰੱਖਦੇ ਹਾਂ। ਦੂਹਰੇ ਤੀਹਰੇ ਤਾਲੇ, ਬੈਂਕਾਂ ਦੇ ਰਖਣੇ ਹੁੰਦੇ ਹਨ ਸਾਡੇ ਆਪੋ ਆਪਣੇ ਸਭ ਦੇ। ਕਦੀ ਸੋਚਿਆ ਹੈ ਭਲਾ ਸਾਰੇ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਆ ਰਹੇ ਹਾਂ ਤੇ ਆਪਣੇ ਆਪਣੇ ਘਰਾਂ ਦੀ ਰਾਖੀ ਲਈ ਆਪਣੀਆਂ ਪੀੜੀਆਂ ਨੂੰ ਐਸੀ ਸਮਝ ਉਨ੍ਹਾਂ ਦੇ ਪੱਲੇ ਨਾਲ ਘੁੱਟ ਕੇ ਬੰਨਵਾ ਰਹੇ ਹਾਂ।
ਪੰਜਾਬ ਬਾਰੇ ਸਾਡੇ ਅੰਦਰ ਕਿੰਨੀ ਕੁ ਹਮਦਰਦੀ ਹੈ? ਕੀ ਅਸੀਂ ਸੱਚੀਂ ਕਦੀ ਸੋਚਦੇ ਵਿਚਾਰਦੇ ਵੀ ਹਾਂ ਕਿ ਧੜਿਆਂ ਦੀ ਆੜ ਮਾਰ ਵਿਚ ਪਲੇ ਛਲ ਕਪਟੀ ਸਿਆਸਤਦਾਨਾਂ ਦੇ ਰਹਿਮੋ ਕਰਮ ’ਤੇ ਹੀ ਪੰਜਾਬ ਨੂੰ ਛੱਡ ਆਪਣੇ ਸਿਰਹਾਣਿਆਂ ਤੇ ਸਿਰਾਂ ਹੇਠਾਂ ਬਾਂਹ ਦੇ ਕੇ ਘਰਾੜੇ ਮਾਰਨ ਦੇ ਆਦੀ ਹੋ ਗਏ ਹਾਂ। ਸ਼ਬਦ ਰੁਖੇ ਰੁਖੇ ਤੇ ਅਣਸੁਖਾਵੇਂ ਜਿਹੇ ਮਹਿਸੂਸ ਹੋਣਗੇ। ਇਸ ਲਈ ਦੋਵੇਂ ਹੱਥ ਜੋੜ ਮੁਆਫ਼ੀ ਲਈ ਫਰਿਆਦ ਹੈ, ਅਗਾਂਊ ਮਨਜ਼ੂਰ ਕਰ ਲੈਣੀ।
ਪੰਜਾਬ ਕਿੱਧਰ ਜਾ ਰਿਹਾ ਹੈ? ਕਿਉਂ ਜਾ ਰਿਹਾ ਹੈ? ਕੌਣ ਖੜ੍ਹ ਰਿਹਾ ਹੈ? ਕਦੀ ਅਸੀਂ ਪੰਜਾਬ ਦੇ ਵਾਸੀਆਂ ਨੇ ਸਿਰ ਜੋੜ ਵੀਚਾਰ ਕੀਤੀ ਹੈ! 72 ਵਰ੍ਹੇ ਪਾਰ ਕਰ ਲਏ ਹਨ ਮੇਰੇ ਵਰਗੇ ਪੰਜਾਬ ਦੇ ਅਕਿਰਤਘਣ ਨੇ, ਮੈਨੂੰ ਮੇਰੇ ਬੱਚੇ ਕੰਮ ਕਾਰ ਤੇ ਰਿਸ਼ਤੇਦਾਰ ਬਰਾਦਰੀ ਭਾਈਚਾਰੇ ਤੋਂ ਇਲਾਵਾ ਕੁਝ ਨਹੀਂ ਦਿਸਿਆ। ਪੰਜਾਬ ਕਿੱਥੇ ਹੈ? ਕਿਸ ਹਾਲਤ ਵਿਚ ਹੈ? ਇਹ ਮੇਰੇ ਸਵਾਲ ਹੀ ਨਹੀਂ ਹਨ। ਮੇਰੇ ਲਈ ਤੇ ਮੇਰਾ ਸਵਾਰਥ ਸਭ ਤੋਂ ਮਹੱਤਵਪੂਰਣ ਹੈ। ਮੇਰੇ ਲਈ ਤੇ ਪੰਜਾਬ ਤੇ ਵਿਰਸਾ ਪੰਜਾਬ ਜਾਵੇ ਜਹਨਮ ਵਿਚ! ਸੜੇ ਦੋਜ਼ਕ ਅੱਗੇ! ਕੀ ਪੰਜਾਬੀਓ ਉਪਰਲੇ ਸਵਾਲਾਂ ਵਿਚ ਕੋਈ ਤਥ ਸੱਚ ਹੈ! ਸੋਚੋ ਵਿਚਾਰੋ ਭਾਈ! ਸੋਚੋ ਵਿਚਾਰੋ!!
ਮੇਰਾ ਪੰਜਾਬ, ਮੇਰੇ ਪੁਰਖਿਆਂ ਦਾ ਪੰਜਾਬ, ਗੁਰੂਆਂ ਦਾ ਪੰਜਾਬ। ਇਹ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਦੋਂ ਦਾ ਭੁੱਲ ਚੁੱਕਾ ਹਾਂ। ਮੈਂ ਆਪਣੇ ਧੀਆਂ ਪੁੱਤਰਾਂ ਨਾਲ ਗੱਲ ਹੀ ਨਹੀਂ ਕੀਤੀ! ਉਨ੍ਹਾਂ ਨੂੰ ਦਿੱਤੇ ਧਨ ਕਮਾਉਣ ਦੇ ਸੁਪਨੇ, ਆਪਣੇ ਲਈ ਜੀਊਣ ਦੀਆਂ ਖੂਬਸੂਰਤੀਆਂ! ਆਪਣੇ ਲਈ ਖੱਪਣ ਖਪਾਉਣ ਵਾਲੀ ਸਵਾਰਥੀ ਸੋਚ!
ਚੋਣਾਂ ਦੇ ਸ਼ੋਰ ਸ਼ਰਾਬੇ ਵਿੱਚੋਂ ਪੰਜਾਬ ਨੂੰ ਧਿਆਨ ਨਾਲ ਵੇਖੋ ਪੰਜਾਬੀਓ! ਪੰਜਾਬ ਗਵਾਚ ਗਿਆ ਹੈ! ਕੌਣ ਨੇ ਜੋ ਚੋਣਾਂ ਲੜ ਰਹੇ ਨੇ? ਕੀ ਲੱਗਦੇ ਨੇ ਇਹ ਪੰਜਾਬ ਦੇ? ਇਹ ਕੀ ਬੋਲ ਰਹੇ ਨੇ? ਕਿਸ ਲਈ ਬੋਲ ਰਹੇ ਨੇ? ਕਿਉਂ ਬੋਲ ਰਹੇ ਨੇ? ਸੁਣੋ ਤੇ ਸਹੀ ਪੰਜਾਬੀਓ! ਸੁਣੋ ਭਾਈ ਸੁਣੋ! ਸੁਣੋ!! ਸੁਣੋ!!!
ਪੰਜਾਬ ਜੀਊਂਦਾ ਗੁਰਾਂ ਦੇ ਨਾਮ ’ਤੇ ! ਹੈ ਕਿਧਰੇ ਦਿਖਾਈ ਦੇਂਦਾ ਉਹ ਪੰਜਾਬ ਜੋ ਗੁਰੂਆਂ ਨੇ ਰੱਬੀ ਗਿਆਨ ਨਾਲ ਸਿੰਝਿਆ ਸੀ ? ਜਿੱਥੇ ਕੁਦਰਤ ਦੇ ਸਭ ਬੰਦੇ ਹੋਣ ਦਾ ਸਬਕ ਪਕਾਇਆ ਸੀ। ਤੱਤੀਆਂ ਤਵੀਆਂ ’ਤੇ ਬੈਠ ਕੇ ਉਬਲਦੀ ਦੇਗ ਦੇ ਉਬਾਲੇ ਖਾ ਕੇ, ਸੜਦਾ ਬਲਦਾ ਰੇਤਾ ਸੀਸ ਪਵਾ ਕੇ! ਸਬਕ ਦਿੱਤਾ ‘ਸਭੇ ਸਾਂਝੀਵਾਲ ਸਦਾਇਨਿ’ ਦਾ, ‘ਨਾ ਕੋ ਬੈਰੀ ਨਹੀ ਬਿਗਾਨਾ’ ਦਾ, ‘ਆਪੁ ਗਵਾਇ ਸੇਵਾ ਕਰੇ ’ ਦਾ। ਧਰਮ ਹਿੰਦੂ ਦਾ ਖਤਰੇ ਵਿਚ ਸੀ ਤੇ ਰਾਖੀ ਲਈ ਸੀਸ ਗੁਰੂ ਨਾਨਕ ਸਾਹਿਬ ਜੀ ; ਗੁਰੂ ਤੇਗ ਬਹਾਦੁਰ ਸਾਹਿਬ ਦੇ ਰੂਪ ਵਿਚ ਦੇ ਰਹੇ ਹਨ। ਜਿਨ੍ਹਾਂ ਕੁਲ ਧਰਮ ਦੇ ਮੁਖੀ ਪਾਸੋਂ ਜੰਞੂ ਪਾਉਣ ਤੋਂ ਇਨਕਾਰ ਇਹ ਕਹਿ ਕੇ ਕਰ ਦਿੱਤਾ ਸੀ ਕਿ ਬਰਾਬਰਤਾ ਤੇ ਹਕੀਕੀ ਗਿਆਨ ਦਾ ਜਾਮਨ ਨਹੀਂ ਹੈ।
ਪੰਜਾਬੀਓ! ਇਤਿਹਾਸ ਇਹ ਦੱਸਦਾ ਹੈ ਚੰਗੇ ਰਾਜ ਦੀ ਸਥਾਪਨਾ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਦਸਵੇਂ ਜਾਮੇ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਬਹਾਦਰ ਸ਼ਾਹ ਦੀ ਮਦਦ ਲਈ ਸਿੰਘ ਸੂਰਬੀਰਾਂ ਦਾ ਦਲ ਭੇਜਿਆ ਸੀ।
ਪੰਜਾਬ ਵਿਚ ਵੱਸਣ ਵਾਲੇ ਜ਼ਿੰਦਗੀ ਦੇ ਦਿਨ ਕੱਟਣ ਲਈ ਕੰਮ ਧੰਦਿਆਂ ਦੀ ਚੱਕੀ ਦਿਨ ਰਾਤ ਪੀਹਣ ਵਿਚ ਗਵਾਚੇ ਹੋਏ ਲੱਭਦੇ ਹਨ। ਪੰਜਾਬ ਲਈ ਗੱਲ ਕਰਨ ਦੀ ਵਾਰੀ ਪੰਜਾਬੀਓ!
ਪੰਜਾਬ ਦੇ ਭਾਈਚਾਰਿਆਂ ਵਿਚ ਜ਼ਹਿਰ, ਗਰੀਬ ਮਾਹਤੜਾਂ ਬਾਰੇ ਨਫ਼ਰਤ ਘਿਰਣਾ ਦੇ ਅੰਬਾਰ। ਪਿੰਡਾਂ ਤੇ ਸ਼ਹਿਰਾਂ ਦੀ ਉੱਨਤੀ ਲਈ ਵੱਖਰੇ ਵੱਖਰੇ ਮਾਪਦੰਡ। ਵਿੱਦਿਆ ਰੋਜ਼ਗਾਰ ਸਰਕਾਰੀ ਅਕਲੋਂ ਬਾਹਰ, ਕਿਸਾਨ ਮਜ਼ਦੂਰਾਂ ਦਾ ਰੱਜ ਤਿ੍ਰਸਕਾਰ। ਨਸ਼ਿਆਂ ਦੇ ਵਗਦੇ ਦਰਿਆਵਾਂ ਵਿਚ ਜਵਾਨੀ ਦਾ ਸਰਬ ਸਤਿਆਨਾਸ। ਪੰਜਾਬ ਦਾ ਵਾਤਾਵਰਣ ਪਉਣ ਪਾਣੀ ਸਭ ਦਾ ਜਲੂਸ ਨਿਕਲਿਆ ਹੋਇਆ ਹੈ। ਪੰਜਾਬੀਓ! ਕੀ ਕੀ ਲਿਖਿਆ ਜਾਵੇ ਤੇ ਕੀ ਕੀ ਛੱਡਿਆ ਜਾਵੇ? ਸਭ ਕੁਝ ਸੱਚੀ ਗੱਲ ਹੈ ਸਮਝੋਂ ਬਾਹਰ ਹੈ। ਇਹ ਤੇ ਜਿਵੇਂ ਗਾਉਣ ਵਾਲੇ ਦਾ ਮੂੰਹ ਤੇ ਨੱਚਣ ਵਾਲੇ ਦੀ ਅੱਡੀ ਨਹੀਂ ਟਿਕਦੀ ਸਥਿਤੀ ਵਾਂਗ ਮੇਰੇ ਵਰਗੇ ਦੀ ਹਉਮੈਂ ਨਹੀਂ ਟਿਕਦੀ। ਉਹੀ ਆਹ ਲਿਖਣ ਲਈ ਲਾ ਰਹੀ।
ਪੰਜਾਬ ਵਾਸੀਓ ! ਇਹ ਲਿਖੇ ਅੱਖਰ ਪਤਾ ਨਹੀਂ ਕਿਸੇ ਦੀ ਅੱਖਾਂ ਸਾਹਮਣੇ ਆਉਣੇ ਵੀ ਹਨ ਕਿ ਨਹੀਂ। ਮਗਰ ਅੰਦਰ ਦਾ ਪਾਗਲਪਨ ਮਜ਼ਬੂਰ ਕਰੀ ਜਾ ਰਿਹਾ ਕਿ ਤੂੰ ਲਿਖ ਕੋਈ ਤੇ ਸ਼ਾਇਦ ਪੜ੍ਹ ਹੀ ਲਵੇਗਾ। ਜੇ ਇਕ ਦੇ ਅੰਦਰ ਦੀ ਅੱਖ ਵੀ ਖੁੱਲ੍ਹ ਗਈ ਤਾਂ ਪੰਜਾਬ ਅੰਦਰ ਚੇਤਨਾ ਦੀ ਹਨੇਰੀ ਝੁੱਲ ਜਾਊ। ਪੰਜਾਬੀਓ! ਕਈ ਸਵਾਲ ਕਰ ਰਹੇ ਹਨ ਕਿ ਪੰਜਾਬੀ ਵੋਟਾਂ ਕਿਸ ਨੂੰ ਪਾਉਣ? ਕਿਹੜੀ ਸਿਆਸੀ ਧਿਰ ਪੰਜਾਬ ਲਈ ਖਰੀ ਹੈ ਪੰਜਾਬ ਨੂੰ ਜਾਣਦੀ ਹੈ ਤੇ ਪੰਜਾਬ ਨਾਲ ਖੜ੍ਹੀ ਹੋ ਸਕਦੀ ਹੈ? ਇਹ ਸਵਾਲ ਮੇਰੇ ਵਰਗੇ ਅਲਪ ਬੁੱਧੀ ਵਾਲੇ ਵਾਸਤੇ ਬੜੇ ਹੀ ਔਖੇ ਹਨ। ਹੈ ਨਹੀਂ ਉੱਤਰ ਇਸ ਮੂਰਖ ਕੋਲ! ਬੈਠ ਜਾਓ ਆਪਣੇ ਆਪਣੇ ਪਿੰਡਾਂ ਦੀਆਂ ਸਾਂਝੀਆਂ ਸੱਥਾਂ ਵਿਚ। ਕਾਪੀ ਕਲਮ ਲੈ ਲਵੋ। ਕਰੋ ਮਿਹਨਤ ਇਹ ਸਿਆਸੀ ਧਿਰਾਂ ਵਿਚ ਕੋਈ ਪੰਜਾਬ ਹੈ ਵੀ ਹੈ ਕਿ ਨਹੀਂ? ਜਿਹੜੇ ਬਹੁਤੇ ਬਹੁਰੂਪੀਏ ਮਖੌਟੇ ਬਦਲ ਕੇ ਸਾਹਮਣੇ ਹਨ ਇਨ੍ਹਾਂ ਦੀਆਂ ਪੀੜੀਆਂ ਹੇਠ ਆਪਣੀ ਖਾਲਸ ਅਕਲ ਦੇ ਸੋਟੇ ਮਾਰੋ ਪਰਖੋ ਇਨ੍ਹਾਂ ਦਾ ਦੀਨ ਅਮਾਨ ਕੋਈ ਹੈ? ਸੱਚ ਤੇ ਇਹ ਹੁਣ ਵੀ ਤੁਹਾਡੇ ਮਨਾਂ ਵਿਚ ਕੀ ਹੈ ਕੇਵਲ ਤੁਸੀਂ ਹੀ ਜਾਣਦੇ ਹੋ! ਮੇਰੇ ਵਰਗਾ ਮੂਰਖ ਤੇ ਇਹੀ ਸੁਝਾਅ ਦੇ ਸਕਦਾ ਪੰਜਾਬ ਨੂੰ ਖੁਦ ਸਮਝਣ ਲਈ ਸਭ ਤੋਂ ਪਹਿਲਾਂ ਖੁਦ ਨੂੰ ਤਿਆਰ ਕਰੋ। ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਲਈ ਸਭ ਸੁੱਖ ਅਰਾਮ ਤਿਆਗ ਕੇ ਸਾਹਮਣੇ ਆਓ। ਨਸ਼ੇ ਜੋ ਪੰਜਾਬ ਨੂੰ 1947 ਮਗਰੋਂ ਮਿਥ ਕੇ ਲਾਏ ਗਏ ਹਨ ਉਹ ਤੁਸੀਂ ਹੀ ਪੰਜਾਬੋਂ ਬਾਹਰ ਕੱਢ ਸਕਦੇ ਹੋ। ਐਸਾ ਕਰਨ ਲਈ ਲਲਕਾਰਾ ਮਾਰ ਦਿਓ! ਚੋਣਾਂ ਵਿਚ ਪੈਸਾ ਤੇ ਨਸ਼ਾ ਕਿਸੇ ਰੂਪ ਵਿਚ ਕੋਈ ਵੀ ਪੰਜਾਬ ਮਾਰੂ ਵਿਅਕਤੀ ਜਾਂ ਸਿਆਸੀ ਦਲ ਇਨ੍ਹਾਂ ਦੀ ਵਰਤੋਂ ਨਾ ਕਰ ਪਾਏ।
ਲਾਰਿਆਂ ਵਿਚ ਫਸਣਾ ਛੱਡ ਦੇਣਾ ਚਾਹੀਦਾ ਹੈ। ਪੰਜਾਬ ਵਿਚ ਜੰਮਿਆ ਭੁੱਖਾ ਨਹੀਂ ਮਰ ਸਕਦਾ। ਆਪਣੇ ਵਿਚ ਵਿਸ਼ਵਾਸ ਪੈਦਾ ਕਰੀਏ। ਧੀਆਂ ਪੁੱਤਰਾਂ ਨੂੰ ਪੈਸੇ ਦੀ ਖਾਤਰ ਗੁਰੂਆਂ ਦੇ ਪੰਜਾਬ ਵਿਚੋਂ ਵਿਦੇਸ਼ਾਂ ਦੀਆਂ ਰੰਗੀਨੀਆਂ ਵਾਲੀਆਂ ਤਬਾਹਕੁਨ ਗਲੀਆਂ ਦੇ ਧੱਕੇ ਖਾਣ ਲਈ ਕਦਾਚਿਤ ਨਾ ਭੇਜੀਏ।
ਇਮਤਿਹਾਨ ਹੈ ਪੰਜਾਬੀਓ! ਲੋਕ ਸਭਾ ਚੋਣਾਂ ਦਾ ਇਹ ਮੌਕਾ। ਸਾਰੇ ਧੜੇ ਛੱਡਕੇ ਪੰਜਾਬ ਬਾਰੇ ਸੋਚੋ। ਧੜਿਆਂ ਵਾਲਿਆਂ ਦਾ ਕਿਰਦਾਰ ਕਿਸੇ ਵੀ ਪੱਖੋਂ ਪੰਜਾਬੀਓ! ਲੁਕਿਆ ਛੁਪਿਆ ਹੋਇਆ ਨਹੀਂ ਹੈ। ਬਸ ਪੰਜਾਬੀਓ! ਹੋਸ਼ਿਆਰ ਖ਼ਬਰਦਾਰ ਹੋਈਏ ਇਨ੍ਹਾਂ ਸਿਆਸੀ ਲੁਟੇਰਿਆਂ ਤੋਂ ਪੰਜਾਬੀਓ, ਬਚਾ ਲਈਏ ਪੰਜਾਬ!
-ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ
ਜਥੇਦਾਰ ਕੇਵਲ ਸਿੰਘ
-ਮੋਬਾ: 9592093472

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ