Thursday, December 12, 2024  

ਲੇਖ

ਭਾਰਤ ਦੀਆਂ ਸੰਸਦੀ ਚੋਣਾਂ ਸੰਬੰਧੀ ਕੁਝ ਦਿਲਚਸਪ ਤੱਥ

May 21, 2024

ਭਾਰਤ ਵਿਚ 18ਵੀਂ ਲੋਕ ਸਭਾ ਦੇ 543 ਮੈਂਬਰਾਂ ਦੀ ਚੋਣ ਲਈ ਆਮ ਚੋਣਾਂ 19 ਅਪ੍ਰੈਲ, 2024 ਤੋਂ ਸ਼ੁਰੂ ਹੋ ਚੁੱਕੀਆਂ ਹਨ ਤੇ ਇਹ ਚੋਣਾਂ ਕੁੱਲ ਸੱਤ ਪੜਾਅ ਪਾਰ ਕਰਕੇ 1 ਜੂਨ ਨੂੰ ਅੰਤਿਮ ਪੜਾਅ ਪੂਰਾ ਹੋਣ ਪਿੱਛੋਂ ਖ਼ਤਮ ਹੋ ਜਾਣਗੀਆਂ ਅਤੇ 4 ਜੂਨ ਦੀ ਸ਼ਾਮ ਨੂੰ ਸਮੁੱਚੀਆਂ 543 ਸੀਟਾਂ ਲਈ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਪਿੱਛੋਂ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਵਿੱਚ 400 ਦਾ ਅੰਕੜਾ ਪਾਰ ਕਰਨ ਦਾ ਦਾਅਵਾ ਕਰਨ ਵਾਲਾ ਭਾਜਪਾ ਦੀ ਅਗਵਾਈ ਵਾਲਾ ‘ਐਨ.ਡੀ.ਏ.’ ਆਪਣੇ ਦਾਅਵਿਆਂ ਨੂੰ ਸੱਚ ਕਰ ਪਾਏਗਾ ਜਾਂ ਨਹੀਂ, ਇਹ ਤਾਂ ਭਵਿੱਖ ਹੀ ਦੱਸੇਗਾ ਪਰ ਆਓ ਅੱਜ ਭਾਰਤ ਦੀਆਂ ਇਸ ਵਾਰ ਦੀਆਂ ਅਤੇ ਬੀਤੇ ਸਮੇਂ ਵਿਚ ਹੋ ਚੁੱਕੀਆਂ ਲੋਕ ਸਭਾ ਚੋਣਾਂ ਨਾਲ ਜੁੜੇ ਕੁਝ ਦਿਲਚਸਪ ਤੱਥਾਂ ਬਾਰੇ ਜਾਣਕਾਰੀ ਹਾਸਿਲ ਕਰੀਏ :-
ਭਾਰਤ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ 25 ਅਕਤੂਬਰ, 1951 ਤੋਂ ਲੈ ਕੇ 21 ਫ਼ਰਵਰੀ,1952 ਦੇ ਕਾਲਖੰਡ ਦਰਮਿਆਨ ਕਰਵਾਈਆਂ ਗਈਆਂ ਸਨ। ਉਸ ਵੇਲੇ 25 ਰਾਜਾਂ ਵਿਚਲੇ 401 ਲੋਕ ਸਭਾ ਹਲਕਿਆਂ ਦੀਆਂ 489 ਸੀਟਾਂ ਲਈ ਚੋਣਾਂ ਕਰਵਾਈਆਂ ਗਈਆਂ ਸਨ ਤੇ ਕੁੱਲ 1949 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ਵਿਚ ਉਤਰੇ ਸਨ। ਇਨ੍ਹਾ ਵਿੱਚੋਂ 533 ਉਮੀਦਵਾਰਾਂ ਨੇ ਬਤੌਰ ‘ਆਜ਼ਾਦ ਉਮੀਦਵਾਰ’ ਚੋਣ ਲੜੀ ਸੀ ਜਦੋਂ ਕਿ ਬਾਕੀ ਉਮੀਦਵਾਰ 53 ਪਾਰਟੀਆਂ ਨਾਲ ਸਬੰਧਿਤ ਸਨ। ਹਰੇਕ ਲੋਕ ਸਭਾ ਹਲਕੇ ਵਿਚ ਹਰੇਕ ਉਮੀਦਵਾਰ ਨੂੰ ਵੱਖਰੇ ਰੰਗ ਵਾਲਾ ਬਕਸਾ ਅਲਾਟ ਕੀਤਾ ਗਿਆ ਸੀ ਜਿਸਦੇ ਬਾਹਰ ਸਬੰਧਿਤ ਉਮੀਦਵਾਰ ਦਾ ਨਾਂ ਅਤੇ ਚੋਣ ਚਿੰਨ੍ਹ ਅੰਕਿਤ ਕੀਤਾ ਗਿਆ ਸੀ।
ਭਾਰਤ ਵਿਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਭਾਵ ਈ.ਵੀ.ਐਮ. ਦੀ ਵਰਤੋਂ ਪਹਿਲੀ ਵਾਰ ਸੰਨ 1982 ਵਿਚ ਕੇਰਲਾ ਵਿਖੇ ’ਉੱਤਰੀ ਪਰਵਰ’ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੀਤੀ ਗਈ ਸੀ। ਇਸ ਹਲਕੇ ਦੇ ਕੁਝ ਇਕ ਪੋÇਲੰਗ ਸਟੇਸ਼ਨਾਂ ’ਤੇ ਹੀ ਈ.ਵੀ.ਐਮ. ਦੀ ਵਰਤੋਂ ਕਰਨ ਦਾ ਤਜਰਬਾ ਕੀਤਾ ਗਿਆ ਸੀ। ਸੰਨ 1999 ਵਿਚ ਗੋਆ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਸਮੁੱਚੇ ਵਿਧਾਨ ਸਭਾ ਹਲਕਿਆਂ ਵਿਚ ਪਹਿਲੀ ਵਾਰ ਈ.ਵੀ.ਐਮ. ਦਾ ਇਸਤੇਮਾਲ ਸਫ਼ਲਤਾ ਪੂਰਵਕ ਕੀਤਾ ਗਿਆ ਸੀ। ਇਸ ਉਪਰੰਤ ਸੰਨ 2003 ਵਿਚ ਕੁਝ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਲਈ ਈ.ਵੀ.ਐਮ. ਦਾ ਇਸਤੇਮਾਲ ਕਰਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਪਰਚੀ ਨਾਲ ਵੋਟ ਪਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਪੰਚਾਇਤੀ ਚੋਣਾਂ ਲਈ ਪਰਚੀ ਨਾਲ ਵੋਟ ਪਾਉਣ ਦੀ ਪ੍ਰੰਪਰਾ ਜਾਰੀ ਰੱਖੀ ਗਈ ਸੀ।
ਇਹ ਇਕ ਅਤਿਅੰਤ ਮਹੱਤਵਪੂਰਨ ਤੱਥ ਹੈ ਕਿ ਭਾਰਤੀ ਸੰਵਿਧਾਨ ਵਿਚ 61ਵੀਂ ਸੋਧ ਕਰਦਿਆਂ ਭਾਰਤ ਵਿਚ ਵੋਟ ਪਾਉਣ ਲਈ ਹਰੇਕ ਪੁਰਸ਼ ਜਾਂ ਮਹਿਲਾ ਵੋਟਰ ਦੀ ਘੱਟੋ-ਘੱਟ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ। ‘ਦਿ ਅਮੈਂਡਮੈਂਟ ਐਕਟ, 1988’ ਰਾਹੀਂ ਭਾਰਤੀ ਸੰਵਿਧਾਨ ਦੇ ਆਰਟੀਕਲ-326 ਵਿਚ ਇਹ ਲੋੜੀਂਦੀ ਸੋਧ ਕਰ ਦਿੱਤੀ ਗਈ ਸੀ।
ਸੰਨ 2013-14 ਵਿਚ ਛੱਤੀਸਗੜ੍ਹ, ਮਿਜ਼ੋਰਮ, ਰਾਜਸਥਾਨ, ਦਿੱਲੀ ਅਤੇ ਮੱਧ ਪ੍ਰਦੇਸ਼ ਆਦਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਈ.ਵੀ.ਐਮ. ਦੀ ਵਰਤੋਂ ਕੀਤੇ ਜਾਣ ਦੇ ਨਾਲ-ਨਾਲ ਪਹਿਲੀ ਵਾਰ ‘ਨੋਟਾ’ ਦਾ ਬਟਨ ਵੀ ਮਸ਼ੀਨ ਵਿਚ ਸ਼ਾਮਿਲ ਕੀਤਾ ਗਿਆ ਸੀ ਜੋ ਇਹ ਪ੍ਰਗਟ ਕਰਦਾ ਸੀ ਕਿ ਵੋਟਰ ਨੂੰ ਵੋਟਿੰਗ ਮਸ਼ੀਨ ਵਿਚ ਦਰਜ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ। ਇਨ੍ਹਾ ਚੋਣਾਂ ਵਿਚ ਪਈਆਂ ਕੁੱਲ ਵੋਟਾਂ ਵਿੱਚੋਂ 1.1 ਫ਼ੀਸਦੀ ਵੋਟਾਂ ‘ਨੋਟਾ’ ਦੇ ਖਾਤੇ ਵਿਚ ਗਈਆਂ ਸਨ। ਜ਼ਿਕਰਯੋਗ ਹੈ ਕਿ ‘ਨੋਟਾ’ ਦੇ ਚਿੰਨ੍ਹ ਦਾ ਡਿਜ਼ਾਇਨ , ਗੁਜਰਾਤ ਦੇ ਅਹਿਮਦਾਬਾਦ ਵਿਖੇ ਸਥਿਤ ‘ਨੈਸ਼ਨਲ ਇੰਸਟਚਿਊਟ ਆਫ਼ ਡਿਜ਼ਾਇਨ’ ਵੱਲੋਂ ਤਿਆਰ ਕੀਤਾ ਗਿਆ ਸੀ।
ਭਾਰਤ ਵਿਚ 17ਵੀਂ ਲੋਕ ਸਭਾ ਲਈ ਚੋਣਾਂ ਸੰਨ 2019 ਵਿਚ ਹੋਈਆਂ ਸਨ ਤੇ ਇਨ੍ਹਾ ਚੋਣਾਂ ਵਿਚ ਭਾਜਪਾ ਨੇ ਕੁੱਲ 542 ਸੀਟਾਂ ਵਿੱਚੋਂ ਆਪਣੇ ਬਲਬੂਤੇ ’ਤੇ 303 ਸੀਟਾਂ ਹਾਸਿਲ ਕਰਕੇ ਆਪਣੇ ‘ਕੌਮੀ ਲੋਕਤੰਤਰਿਕ ਗਠਜੋੜ’ ਨੂੰ 353 ਸੀਟਾਂ ਨਾਲ ਲੋਕ ਸਭਾ ਵਿਚ ਬਹੁਮਤ ਦਿਵਾਇਆ ਸੀ। ਭਾਜਪਾ ਨੇ ਦੇਸ਼ ਵਿਚ ਪਈਆਂ ਕੁੱਲ ਵੋਟਾਂ ਵਿੱਚੋਂ 37.36 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ ਸਨ ਜਦੋਂ ਕਿ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਪਈਆਂ ਵੋਟਾਂ ਦਾ ਜੋੜ ਕਰਕੇ ਇਹ ਪ੍ਰਤੀਸ਼ਤਤਾ 45 ਫ਼ੀਸਦੀ ਤੱਕ ਜਾ ਪੁੱਜੀ ਸੀ। ਉਸ ਵੇਲੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਆਪਣੀਆਂ 52 ਸੀਟਾਂ ਅਤੇ ਆਪਣੇ ਗਠਜੋੜ ਦੀਆਂ ਕੁੱਲ ਮਿਲਾ ਕੇ 92 ਸੀਟਾਂ ਨਾਲ ਸਬਰ ਕਰਨਾ ਪਿਆ ਸੀ।ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਬਾਕੀ ਸਿਆਸੀ ਦਲਾਂ ਅਤੇ ਗਠਜੋੜਾਂ ਨੇ 97 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ। ਇਨ੍ਹਾ ਲੋਕ ਸਭਾ ਚੋਣਾਂ ਵਿਚ ਬੇਹੱਦ ਦਿਲਚਸਪ ਅਤੇ ਹੈਰਾਨਕੁਨ ਗੱਲ ਇਹ ਰਹੀ ਸੀ ਕਿ ਚੁਣੇ ਗਏ ਕੁੱਲ 542 ਸੰਸਦ ਮੈਂਬਰਾਂ ਵਿੱਚੋਂ 78 ਸੰਸਦ ਮੈਂਬਰ ਮਹਿਲਾਵਾਂ ਸਨ ਤੇ ਇਹ ਹੁਣ ਤੱਕ ਦੀ ਮਹਿਲਾ ਸੰਸਦ ਮੈਂਬਰਾਂ ਦੀ ਸਭ ਤੋਂ ਵੱਡੀ ਸੰਖਿਆ ਸੀ। ਭਾਜਪਾ ਦੀ ਤੇਜ਼-ਤਰਾਰ ਆਗੂ ਸਮਰਿਤੀ ਈਰਾਨੀ ਨੇ ਤਾਂ ਅਮੇਠੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਵੱਡੇ ਆਗੂ ਰਾਹੁਲ ਗਾਂਧੀ ਨੂੰ 55,120 ਵੋਟਾਂ ਨਾਲ ਸ਼ਿਕਸ਼ਤ ਦੇ ਕੇ ਬਾਜ਼ੀ ਮਾਰ ਲਈ ਸੀ ਜਦੋਂ ਕਿ ਭਾਜਪਾ ਦੇ ਹੀ ਵੱਡੇ ਬੁਲਾਰੇ ਸੰਬਿਤ ਪਾਤਰਾ ਨੂੰ ਬੀਜੂ ਜਨਤਾ ਦਲ ਦੇ ਆਗੂ ਪਿਨਾਕੀ ਮਿਸ਼ਰਾ ਨੇ11,714 ਵੋਟਾਂ ਨਾਲ ਹਰਾ ਦਿੱਤਾ ਸੀ। ਨਾਮਵਰ ਫ਼ਿਲਮ ਅਦਾਕਾਰ ਸ਼ਤਰੂਘਨ ਸਿਨਹਾ ਵੀ ਪਟਨਾ ਲੋਕ ਸਭਾ ਹਲਕੇ ਤੋਂ ਚੋਣ ਹਾਰ ਗਏ ਸਨ।
ਇਸ ਵਾਰ ਲੋਕ ਸਭਾ ਚੋਣਾਂ-2024 ਤਾਂ ਬਹੁਤ ਹੀ ਦਿਲਚਸਪ ਰਹਿਣ ਦੀ ਖ਼ਾਸੀ ਸੰਭਾਵਨਾ ਹੈ। ਇਨ੍ਹਾਂ ਚੋਣਾਂ ਵਿਚ 96.8 ਕਰੋੜ ਦੇ ਕਰੀਬ ਵੋਟਰ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਹਨ ਜਿਨ੍ਹਾਂ ਵਿੱਚੋਂ 1.8 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ ਜਦੋਂ ਕਿ 19.47 ਕਰੋੜ ਵੋਟਰ ਉਹ ਹੋਣਗੇ ਜਿਨ੍ਹਾਂ ਦੀ ਉਮਰ 20 ਤੋਂ 29 ਸਾਲ ਦੇ ਵਿਚਕਾਰ ਹੋਵੇਗੀ ਭਾਵ ਕਿ ਇਹ ਨੌਜਵਾਨ ਵੋਟਰ ਹੋਣਗੇ ਜੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸਦੇ ਨਾਲ ਹੀ 82 ਲੱਖ ਦਿਵਿਆਂਗ ਵੋਟਰ, ਸੌ ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ 2.2 ਲੱਖ ਵੋਟਰ ਅਤੇ 48 ਹਜ਼ਾਰ ਦੇ ਕਰੀਬ ਟ੍ਰਾਂਸਜੈਂਡਰ ਵੋਟਰ ਵੀ ਸਰਕਾਰ ਚੁਣਨ ਲਈ ਆਪੋ-ਆਪਣਾ ਵੋਟ ਪਾਉਣਗੇ। ਇਸ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10.5 ਲੱਖ ਪੋÇਲੰਗ ਸਟੇਸ਼ਨਾਂ ਤੇ 1.5 ਕਰੋੜ ਪੋÇਲੰਗ ਸਟਾਫ਼ ਅਤੇ ਸੁਰੱਖਿਆ ਕਰਮੀ ਡਿਊਟੀ ਦੇਣਗੇ ਅਤੇ 55 ਲੱਖ ਈ.ਵੀ.ਐਮ. ਦੀ ਵਰਤੋਂ ਕੀਤੀ ਜਾਵੇਗੀ। ਸਮੁੱਚੀ ਚੋਣ ਪ੍ਰਕਿਰਿਆ ਵਿਚ ਚਾਰ ਲੱਖ ਦੇ ਕਰੀਬ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ।
ਲੋਕ ਸਭਾ ਚੋਣਾਂ-2024 ਦਾ ਸਭ ਤੋਂ ਰੋਚਕ ਪਹਿਲੂ ਇਹ ਹੈ ਕਿ ਇਹ ਚੋਣਾਂ ਭਾਜਪਾ ਵੱਲੋਂ ‘ਅਯੁੱਧਿਆ ਵਿਖੇ ਰਾਮ ਮੰਦਿਰ ਨਿਰਮਾਣ, ਜੰਮੂ-ਕਸ਼ਮੀਰ ਸਬੰਧੀ ਧਾਰਾ-370 ਹਟਾਏ ਜਾਣ ਅਤੇ ਸੀ.ਏ.ਏ. ਲਾਗੂ ਕੀਤੇ ਜਾਣ ਦੇ ਐਲਾਨਾਂ ਦੀ ਰੌਸ਼ਨੀ ਵਿਚ ਹੋਣ ਜਾ ਰਹੀ ਹੈ। ਭਾਰਤ ਦੇ ਵੋਟਰ ਭਾਜਪਾ ਦੇ ਉਕਤ ‘ਮਾਸਟਰ ਸਟ੍ਰੋਕ’ ਆਖੇ ਜਾਂਦੇ ਦਾਅਵਿਆਂ ਤੋਂ ‘ਪ੍ਰਭਾਵਿਤ’ ਹੋ ਕੇ ਸ੍ਰੀ ਨਰਿੰਦਰ ਮੋਦੀ ਦੀ ਬਤੌਰ ਪ੍ਰਧਾਨ ਮੰਤਰੀ ‘ਹੈਟ੍ਰਿਕ’ ਬਣਵਾਉਣਗੇ ਜਾਂ ਨਹੀਂ, ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਪਰ ‘ਆਈ.ਐਨ.ਡੀ.ਆਈ.ਏ.’ ਗਠਜੋੜ ਦੇ ਦਲਾਂ ਵਿਚ ਨਿਰੰਤਰ ਵਧ ਰਹੀ ਸਹਿਮਤੀ ਤੇ ਇਤਫ਼ਾਕ ਅਤੇ ‘ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ’ ਜਾਂ ‘ਕਿਸਾਨਾਂ ਅਤੇ ਨੌਜਵਾਨਾਂ ਦੀ ਨਾਰਾਜ਼ਗੀ ਦੂਰ ਕਰਨ ਵਿਚ’ ਅਸਫ਼ਲ ਨਜ਼ਰ ਆਉਂਦੀ ਭਾਜਪਾ ਲਈ ਲੋਕ ਸਭਾ ਵਿਚ 400 ਦਾ ਅੰਕੜਾ ਪਾਰ ਕਰਨ ਦਾ ਦਾਅਵਾ ਆਸਾਨੀ ਨਾਲ ਪੂਰਾ ਹੁੰਦਾ ਤਾਂ ਬਿਲਕੁਲ ਨਜ਼ਰ ਨਹੀਂ ਆਉਂਦਾ ਹੈ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
-ਮੋਬਾ: 97816-46008

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ