Saturday, July 27, 2024  

ਲੇਖ

ਜੀਵਾਂ ਦੀ ਸਹੀ ਸਾਂਭ-ਸੰਭਾਲ ਤੇ ਕੁਦਰਤ ਨਾਲ ਛੇੜਛਾੜ

May 22, 2024

ਕੁਦਰਤ ਨੇ ਸਾਰੇ ਜੀਵਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਹੁੰਦਾ ਹੈ । ਸਾਕਾਹਾਰੀ ਅਤੇ ਮਾਸਾਹਾਰੀ ਜੀਵਾਂ ਲਈ ਭੋਜਨ ਚੱਕਰ ਬਣਿਆ ਹੋਇਆ ਹੁੰਦਾ ਹੈ ਪਰ ਮਨੁੱਖੀ ਦਖ਼ਲ-ਅੰਦਾਜ਼ੀ ਕਾਰਨ ਕਈ ਵਾਰੀ ਇਹ ਭੋਜਨ ਚੱਕਰ ਟੁੱਟ ਜਾਂਦਾ ਹੈ ਜੋ ਜੀਵਾਂ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਸਾਲ ਗਰਮੀ ਦੀ ਰੁੱਤ ਸ਼ੁਰੂ ਹੁੰਦੇ ਹੀ ਤਾਪਮਾਨ ਵੱਧਦਾ ਜਾ ਰਿਹਾ ਹੈ, ਅਗਲੇ ਦਿਨਾਂ ’ਚ ਹੋਰ ਵੀ ਜ਼ਿਆਦਾ ਤੱਪਸ ਹੋਣ ਦੀ ਸ਼ੰਭਾਵਨਾ ਹੈ । ਐਨੇ ਤਾਪਮਾਨ ਤੋਂ ਰਾਹਤ ਪਾਉਣ ਲਈ ਦਰੱਖਤਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਪੰਜਾਬ ’ਚ ਸੜਕਾਂ ਨੂੰ ਚੌੜਾ ਕਰਨ, ਨਵੇਂ ਬਾਈਪਾਸ ਕੱਢਣ ਅਤੇ ਹਰੇਕ ਸ਼ਹਿਰ ਵਿੱਚ ਨਵੀਆਂ ਕਾਲੋਨੀਆਂ ਦੇ ਨਿਰਮਾਣ ਆਦਿ ਨੂੰ ਪ੍ਰਵਾਨਗੀ ਦੇਣ ਕਰਕੇ ਹਜ਼ਾਰਾਂ ਦਰੱਖਤ ਪੁੱਟੇ ਗਏ ਹਨ ਪਰ ਇਨ੍ਹਾਂ ਦੀ ਥਾਂ ਨਵੇਂ ਸਮੇਂ ਸਿਰ ਨਹੀਂ ਲੱਗ ਸਕੇ । ਇਸੇ ਤਰ੍ਹਾਂ ਸੜਕਾਂ ਤੇ ਬਿਲਡਿੰਗਾਂ ਦੇ ਨਿਰਮਾਣ ਲਈ ਮਿੱਟੀ ਦੀ ਜ਼ਰੂਰਤ ਕਾਰਨ ਟਿੱਬਿਆਂ ਤੇ ਪਹਾੜੀ ਖੇਤਰਾਂ ਨੂੰ ਪੱਧਰਾ ਕੀਤਾ ਜਾ ਰਿਹਾ ਹੈ।
ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ ਪੰਜਾਬ ਅੰਦਰ 12 ਬੀੜ ਅਤੇ ਰੱਖਾਂ ਹਨ ਜੋ ਕਿ ਜਾਨਵਰਾਂ ਅਤੇ ਪੰਛੀਆਂ ਲਈ ਘੱਟ ਹਨ । ਰਾਜ ਦੀ ਸਾਢੇ ਤਿੰਨ ਪ੍ਰਤੀਸ਼ਤ ਧਰਤੀ ਜੰਗਲੀ ਖੇਤਰ ’ਚ ਆਉਂਦੀ ਹੈ, ਜੋ ਕਿ ਪ੍ਰਦੂਸ਼ਣ ਬੋਰਡ ਦੀਆਂ ਹਦਾਇਤਾਂ ਅਨੁਸਾਰ ਥੋੜੀ ਹੈ। ਕੋਰੋਨਾ ਕੋਵਿਡ-19 ਕਾਰਨ ਦੇਸ਼ ਅੰਦਰ ਲੰਬਾ ਸਮਾਂ ਲਾਕਡਾਊਨ ਰਹਿਣ ਕਰਕੇ ਪ੍ਰਦੂਸ਼ਣ ਘੱਟਣ ਕਾਰਨ ਕੁਦਰਤੀ ਵਾਤਾਵਰਣ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ। ਰੁੱਖਾਂ ਦੀ ਘੱਟ ਰਹੀ ਗਿਣਤੀ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੀ ਹੈ। ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ’ਚ ਬਹੁਤ ਮਹੱਤਤਾ ਹੈ। ਵਾਤਾਵਰਣ ਦਾ ਸੰਤੁਲਨ ਰੱਖਣ ਵਿੱਚ ਇਸ ਦੀ ਅਹਿਮ ਭੂਮਿਕਾ ਹੈ। ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ। ਪੰਜਾਬ ਅੰਦਰ ਬਹੁਤ ਥਾਵਾਂ ਤੇ ਬੀੜਾਂ ਨੂੰ ਇਸੇ ਕਰਕੇ ਸੁਰੱਖਿਅਤ ਰੱਖਿਆ ਗਿਆ ਹੈ ਕਿ ਇਨ੍ਹਾਂ ਜੰਗਲੀ ਜੀਵਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਹੋ ਸਕੇ। ਇਤਿਹਾਸਕ ਸ਼ਹਿਰ ਨਾਭਾ ਦਾ ਨਾਂ ਇਥੋਂ ਦੇ ਰਿਆਸਤੀ ਰਾਜਿਆਂ ਦੀਆਂ ਅਭੁੱਲ ਯਾਦਾਂ ਕਾਰਨ ਬੜੇ ਮਾਣ ਨਾਲ ਲਿਆ ਜਾਂਦਾ ਹੈ। ਇਤਿਹਾਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਰਾਜਿਆਂ ਵੇਲੇ ਦਾ ‘ਬੀੜ ਦੁਸਾਂਝ’ ਹੈ। ਇਸ ਵਿੱਚ ਰੋਜ, ਨੀਲ ਗਊ, ਗਿੱਦੜ, ਬਾਂਦਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ। ਆਵਾਰਾ ਤਿੱਖੇ-ਤਿੱਖੇ ਸਿੰਗਾਂ ਵਾਲੀਆਂ ਗਊਆਂ, ਸਾਨ੍ਹ, ਕੁੱਤੇ ਆਦਿ ਵੀ ਜੰਗਲੀ ਬਣ ਚੁੱਕੇ ਹਨ। ਜੌੜੇਪੁਲਾਂ, ਘਣੀਵਾਲ, ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਇਹ ਚੌੜੀ ਸੜਕ ਇਸ ਬੀੜ ਵਿੱਚੋਂ ਲੰਘਦੀ ਹੈ। ਇਸੇ ਰੋਡ ’ਤੇ ਨਾਭੇ ਦੇ ਰਾਜੇ ਵਲੋਂ ਬੀੜ ’ਚ ਸ਼ਿਕਾਰ ਕਰਨ ਸਮੇਂ ਠਹਿਰ ਲਈ ਬਣਾਈ ਸ਼ਾਨਦਾਰ ਕਲਾਤਮਿਕ ਲਾਲ ਕੋਠੀ ’ਚ ਅੱਜਕੱਲ਼੍ਹ ਫਿਲਮਾਂ ਤੇ ਪ੍ਰੀ-ਵੈਡਿੰਗ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ। ਗੈਸ ਪਲਾਂਟ ਨਾਭਾ ਵਿਖੇ ਹੋਣ ਕਾਰਨ ਇਥੋਂ ਰੋਜ਼ਾਨਾ ਅਨੇਕਾਂ ਸਿਲੰਡਰਾਂ ਨਾਲ ਭਰੇ ਟਰੱਕ ਇਸ ਸੜਕ ਤੋਂ ਲੰਘਦੇ ਹਨ। ਇਸ ਕਰਕੇ ਆਵਾਜਾਈ ਹੋਰ ਵੀ ਵੱਧ ਗਈ ਹੈ। ਸੈਂਕੜੇ ਲੋਕ ਸਵੇਰੇ-ਸ਼ਾਮ ਸਰਕਾਰੀ ਮੱਝ ਫਾਰਮ ਜੋ ਇਸੇ ਸੜਕ ’ਤੇ ਸਥਿਤ ਹੈ ਤੋਂ ਦੁੱਧ ਲੈਣ ਜਾਂਦੇ ਹਨ ਜਿਨ੍ਹਾਂ ਨੂੰ ਡੰਗਰਾਂ ਅਤੇ ਬਾਂਦਰਾਂ ਦੇ ਝੁੰਡਾਂ ’ਚੋਂ ਲੰਘਣਾ ਮੁਸ਼ਕਲ ਹੁੰਦਾ ਹੈ । ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਆਵਾਰਾ ਡੰਗਰਾਂ, ਬਾਂਦਰਾਂ ਆਦਿ ਨਾਲ ਅਨੇਕਾਂ ਵਾਰੀ ਐਕਸੀਡੈਂਟ ਹੋ ਚੁੱਕੇ ਹਨ। ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜ਼ਬੂਰੀਵਸ਼ ਰੋਜ਼ਾਨਾ ਇਥੋਂ ਦੀ ਡਰ-ਡਰ ਕੇ ਲੰਘਦੇ ਹਨ। ਸਕੂਲ , ਕਾਲਜ-ਟਿਊਸ਼ਨ ਤੇ ਡਿਊਟੀ ’ਤੇ ਜਾਣ ਵਾਲੀਆਂ ਇੱਕਲੀਆਂ ਲੜਕੀਆਂ ਲਈ ਇਥੋਂ ਦੀ ਲੰਘਣਾ ਹੋਰ ਵੀ ਮੁਸ਼ਕਲ ਹੈ। ਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤੱਕ ਸਾਹ ਸੂਤੇ ਰਹਿੰਦੇ ਹਨ। ਭੂਸਰੇ ਸਾਨ੍ਹ ਅਤੇ ਭੁੱਖੇ ਬਾਂਦਰ ਕਈ ਵਾਰ ਲੰਘ ਰਹੇ ਰਾਹੀਆਂ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੰਦੇ ਹਨ। ਦਾਨੀ ਸੱਜਣ ਬਾਂਦਰਾਂ ਨੂੰ ਖਾਣ ਲਈ ਵਸਤਾਂ ਅਤੇ ਡੰਗਰਾਂ ਲਈ ਚਾਰਾ ਅਕਸਰ ਹੀ ਸੜਕ ਦੇ ਕਿਨਾਰਿਆਂ ’ਤੇ ਸੁੱਟ ਜਾਂਦੇ ਹਨ, ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਦੂਸਰੀ ਸਾਈਡ ਤੋਂ ਭੁੱਖੇ ਬਾਂਦਰ ਅਤੇ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ। ਆਮ ਲੋਕ ਅਤੇ ਕਈ ਸੰਸਥਾਵਾਂ ਵਾਲੇ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ। ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਸੜਕ ਤੇ ਗੰਦ ਅਤੇ ਆਵਾਜਾਈ ’ਚ ਵਿਘਨ ਵੀ ਪੈਂਦਾ ਹੈ ।ਜਿਥੇ ਸਰਕਾਰ ਨੇ ਬੀੜ ਦੇ ਦੁਆਲੇ ਖੇਤਾਂ ਦੇ ਉਜਾੜੇ ਨੂੰ ਰੋਕਣ ਲਈ ਜਾਲੀਦਾਰ ਵਾੜ ਲਗਾਈ ਹੈ ਉਥੇ ਬੀੜ ਦੇ ਏਰੀਏ ਵਿੱਚ ਹੁਣ ਸੜਕ ਦੇ ਦੋਨਾਂ ਪਾਸੇ ਵੀ ਉੱਚੀ ਜਾਲੀਦਾਰ ਵਾੜ ਲਗਾਈ ਜਾ ਰਹੀ ਹੈ ਤਾਂ ਜੋ ਇਹ ਜੰਗਲੀ ਜਾਨਵਰ ਤੇ ਡੰਗਰ ਸੜਕ ’ਤੇ ਆ ਕੇ ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਨਾ ਕਰਨ। ਬੀੜ ਦੇ ਨਾਲ ਲਗਦੇ ਚੋਧਰੀ ਮਾਜਰਾ ਪਿੰਡ ਦੇ ਖੇਤਾਂ ਵਾਲੇ ਕਿਸਾਨ ਰਲ ਕੇ 24 ਘੰਟੇ ਡੰਗਰਾਂ ਦੀ ਰਾਖੀ ਤੋਂ ਅੱਤ ਦੀ ਗਰਮੀ ਅਤੇ ਸਰਦੀ ਦੇ ਬਾਵਜੂਦ ਪਹਿਰਾ ਦਿੰਦੇ ਹਨ ਤਾਂ ਜਾ ਕੇ ਫਸਲਾਂ ਬਚਦੀਆ ਹਨ। ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ, 2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਗਊ, ਸਾਨ੍ਹ, ਬਲਦ, ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਫੰਡ ਲਈ ਬਜਟ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਬਚਾਉਣਾ ਹੈ। ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵਲੋਂ ਗਊ ਸੈੱਸ ਵੀ ਲਾ ਰੱਖਿਆ ਹੈ। ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ। ਬਾਜ਼ਾਰਾਂ ਵਿੱਚ ਆਮ ਆਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ। ਸ਼ੋਸ਼ਲ ਮੀਡੀਆ ’ਤੇ ਲੜਦੇ ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਐਕਸੀਡੈਂਟਾਂ ਦੀਆਂ ਵੀਡੀਓਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ। ਹਿੰਦੂ ਸੰਗਠਨ ਵੀ ਆਵਾਰਾ ਗਊਆਂ ਦੇ ਇਸ ਮਸਲੇ ਪ੍ਰਤੀ ਗੰਭੀਰ ਨਹੀਂ, ਉਨ੍ਹਾਂ ਨੂੰ ਵੀ ਸਰਕਾਰ ਨਾਲ ਤਾਲਮੇਲ ਕਰਕੇ ਇਸ ਸਮੱਸਿਆ ਦਾ ਹੱਲ਼ ਕਢਵਾਉਣਾ ਚਾਹੀਦਾ ਹੈ। ਪਿਛਲੇ ਸਮੇਂ ਪਟਿਆਲਾ ਜ਼ਿਲ੍ਹੇ ਦੇ ਮਾਣਯੋਗ ਡਿਪਟੀ ਕਮਿਸਨਰ ਨੇ ਉੱਚ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਆਵਾਰਾ ਡੰਗਰਾਂ ਨੂੰ ਸੜਕਾਂ ਉੱਪਰ ਦਿੱਖਣ ਨਾ ਦੇਣ ਦੀ ਗੱਲ ਕਹੀ ਸੀ, ਇਹ ਵਾਅਦਾ ਕਿਵੇਂ ਤੇ ਕਦੋਂ ਪੂਰਾ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਂਝ ਇਹ ਫੈਸ਼ਲਾ ਸਲਾਹੁਣਯੋਗ ਹੈ।
ਲੋਕਾਂ ਅਤੇ ਇਨ੍ਹਾਂ ਆਵਾਰਾ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇ ਨਵੀਂ ਸਰਕਾਰ ਇਹ ਕਰ ਵਿਖਾਉਂਦੀ ਹੈ ਤਾਂ ਇਹ ਪੰਜਾਬ ਵਾਸੀਆਂ ਲਈ ਬਹੁਤ ਵੱਡੀ ਰਾਹਤ ਹੋਵੇਗੀ ।
ਇਨ੍ਹਾਂ ਜੰਗਲੀ ਥਾਵਾਂ ਦੀ ਉੱਚਿਤ ਵਰਤੋਂ ਕਰਕੇ ਦੋਵੇਂ ਮਸਲੇ ਹੱਲ ਕੀਤੇ ਜਾ ਸਕਦੇ ਹਨ। ਇਲਾਕੇ ਦੇ ਬੱਚਿਆਂ ਦੇ ਮਨਪ੍ਰਚਾਵੇ ਲਈ ਇਨ੍ਹਾਂ ਥਾਵਾਂ ਤੇ ਛੋਟਾ ਜਿਹਾ ‘ਚਿੜੀਆ ਘਰ’ ਬਣਾ ਕੇ ਉਨ੍ਹਾਂ ਦੇ ਵਿਹਲੇ ਸਮੇਂ ਨੂੰ ਉਸਾਰੂ ਪਾਸੇ ਲਾਉਣ ਲਈ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ । ਚੋਧਰੀ ਮਾਜਰਾ ਪੂਲੀ ਤੋਂ ਲੈ ਕੇ ਬੀੜ ਤੱਕ ਸੜਕ ਦੇ ਨਾਲ ਜਾਂਦੇ ਰਜਬਾਹੇ ਨੂੰ ਪੱਕਾ ਕਰਵਾ ਦਿੱਤਾ ਜਾਵੇ ਅਤੇ ਇਸ ਦੀ ਪਟੜੀ ਸੈਰ ਕਰਨ ਵਾਲਿਆਂ ਲਈ ਪੱਕੀ ਕਰਵਾ ਕੇ ਆਲੇ ਦੁਆਲੇ ਰੰਗਦਾਰ ਬੂਟੇ ਲਗਵਾ ਦਿੱਤੇ ਜਾਣ। ਜਿਸ ਨਾਲ ਇਸ ਇਤਿਹਾਸਕ ਸ਼ਹਿਰ ਦੀ ਸ਼ਾਨ ਵੀ ਵਧੇਗੀ ਅਤੇ ਇਸ ਤਰ੍ਹਾਂ ਲੋਕਾਂ ਲਈ ਸਿਰਦਰਦੀ ਬਣਿਆ ਇਹ ਏਰੀਆ ਲੋਕਾਂ ਲਈ ਰਮਣੀਕ ਸ਼ੈਰਗਾਹ ਬਣ ਸਕਦੀ ਹੈ।
ਆਸ ਹੈ ਕਿ ਇਹ ਕੰਮ ਨਾਭਾ ਹਲਕੇ ਦੇ ਸੂਝਵਾਨ ਹਲਕਾ ਵਿਧਾਇਕ ਕਰਵਾ ਸਕਦੇ ਹਨ, ਉਹ ਇਸ ਨੇਕ ਕੰਮ ਨੂੰ ਕਰਵਾ ਕੇ ਹਮੇਸ਼ਾਂ ਲਈ ਹਲਕੇ ਦੇ ਲੋਕਾਂ ਤੋਂ ਵਾਹ-ਵਾਹ ਖੱਟ ਸਕਦੇ ਹਨ । ਮਹਿਕਮੇ ਵੱਲੋਂ ਸੜਕ ਦੇ ਆਲੇ-ਦੁਆਲੇ ਸੁੱਕੇ ਅਤੇ ਨਿਕੰਮੇ ਦਰਖੱਤਾਂ ਦੀ ਪੁਟਾਈ ਤੇ ਕਟਾਈ ਕਰਵਾ ਕੇ ਇਸ ਥਾਂ ਨਵੇਂ ਫਲਦਾਰ ਅਤੇ ਛਾਂਦਾਰ ਕੀਮਤੀ ਲਕੜੀ ਵਾਲੇ ਪੌਦੇ ਜਾਂ ਬੂਟੇ ਲਾਏ ਜਾਣ ਤਾਂ ਜੋ ਕਿ ਜੰਗਲੀ ਜਾਨਵਰਾਂ ਲਈ ਜੀਵਤ ਰਹਿਣ ਲਈ ਵੀ ਸਹਾਈ ਹੋਣਗੇ। ਇਸ ਤਰ੍ਹਾਂ ਇਨ੍ਹਾਂ ਜਾਨਵਰਾਂ ਦੀ ਸਹੀ ਸੰਭਾਲ ਵੀ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਵੀ ਸਵੱਛ ਹੋਵੇਗਾ ਜਿਸ ਨਾਲ ਮਨੁੱਖੀ ਜ਼ਿੰਦਗੀ ਵੀ ਸਿਹਤਮੰਦ ਹੋਵੇਗੀ ।
ਮੇਜਰ ਸਿੰਘ ਨਾਭਾ
-ਮੋਬਾ : 94635-53962

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ