Tuesday, October 08, 2024  

ਲੇਖ

ਗਰਮੀ ਦੇ ਕਹਿਰ ’ਚ ਬਚਾਅ ਦੇ ਕੁੱਝ ਉਪਾਅ

May 23, 2024

ਸਾਡੀਆਂ ਸਿਖਿਆ ਸੰਸਥਾਵਾਂ ਵਿਖੇ ਵਿਦਿਆਰਥੀਆਂ ਨੂੰ ਡਾਲਰ ਅਤੇ ਨੋਟ ਕਮਾਉਣ ਦੀ ਜਾਣਕਾਰੀ ਤਾਂ ਦਿੱਤੀ ਜਾਂਦੀ ਹੈ ਪਰ ਸਿਹਤ, ਤਦੰਰੁਸਤੀ, ਵਾਤਾਵਰਨ, ਸੇਫਟੀ , ਮਨੁੱਖਤਾ, ਘਰ ਪਰਿਵਾਰਾਂ ਪ੍ਰਤੀ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਅਤੇ ਇਨ੍ਹਾਂ ਨੂੰ ਬਚਾਉਣ ਦੀ ਸਿੱਖਿਆ ਨਹੀ ਦਿੱਤੀ ਜਾਂਦੀ । ਹਰਰੋਜ਼ ਤਬਾਹੀ ਹਰ ਸਾਲ ਗਰਮੀਆਂ ਦਾ ਕਹਿਰ ਵੱਧਦਾ ਜਾ ਰਿਹਾ ਹੈ ਕਿਉਂਕਿ ਲੋਕਾਂ ਵਲੋਂ ਪਥਰਾਂ ਸੀਮਿੰਟ ਲੋਹੇ ਦੇ ਘਰਾਂ, ਕੋਠੀਆਂ, ਇਮਾਰਤਾਂ, ਦਫ਼ਤਰਾਂ, ਦੁਕਾਨਾਂ ਹੋਟਲਾਂ, ਫੈਕਟਰੀਆਂ, ਕੰਟੀਨਾਂ ਸਿਨੇਮਾ ਹਾਲਾਂ ਅਤੇ ਗੱਡੀਆਂ ਵਿੱਚ ਵਧਦੀ ਗਰਮੀ ਤੋਂ ਬਚਣ ਲਈ ਏ ਸੀ ਲਗਵਾਏ ਜਾ ਰਹੇ ਹਨ ਪਰ ਵਧਦੀ ਗਰਮੀ ਨੂੰ ਘਟਾਉਣ ਲਈ ਦਰਖਤਾਂ, ਪੋਦਿਆਂ ਅਤੇ ਜੰਗਲਾਂ ਨੂੰ ਵਧਾਉਣ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਦਰਖਤਾਂ ਵਲੋਂ ਕਾਰਬਨ ਡਾਇਅਕਸਾਈਡ ਲੈਕੇ ਆਕਸੀਜਨ ਦਿੱਤੀ ਜਾਂਦੀ ਹੈ। ਦਰਖਤਾਂ ਅਤੇ ਕੁਦਰਤੀ ਹਰਿਆਵਲ ਕੋਲ ਜਾਣ ਤੇ ਗਰਮੀ, ਧੁੱਪ, ਅਤੇ ਤਪਸ਼ ਘੱਟ ਜਾਂਦੀ ਹੈ। ਪਰ ਫੈਕਟਰੀਆਂ, ਗੱਡੀਆਂ ਅਤੇ ਬਿਜਲੀ ਕਰੰਟ ਨਾਲ ਚਲਣ ਵਾਲੀਆਂ ਮਸ਼ੀਨਾਂ ਰਾਹੀਂ ਪੈਦਾ ਹੋਣ ਵਾਲੀ ਗਰਮੀ ਅਤੇ ਗੈਸਾਂ ਨੂੰ ਦਰਖਤਾਂ ਵਲੋਂ ਨਹੀਂ ਰੋਕਿਆ ਜਾ ਸਕਦਾ।
ਪੰਜਾਬ ਅਤੇ ਉੱਤਰੀ ਭਾਰਤ ਵਿੱਚ ਜਿਥੇ 30 ਤੋਂ 33 ਪ੍ਰਤੀਸ਼ਤ ਧਰਤੀ ’ਤੇ ਦਰਖਤ ਹੋਣੇ ਜ਼ਰੂਰੀ ਹਨ ਉਥੇ ਪੰਜਾਬ ਵਿੱਚ 3 ਤੋਂ 4 ਪ੍ਰਤੀਸ਼ਤ ਧਰਤੀ ’ਤੇ ਦਰਖਤ ਰਹਿ ਗਏ ਹਨ। ਸੜਕਾਂ ਚੌੜੀਆਂ ਕਰਨ ਲਈ ਦਰਖਤ ਕੱਟ ਦਿਤੇ, ਪਰ ਲਗਾਉਣ ਲਈ ਸਰਕਾਰਾਂ ਕੁਝ ਵੀ ਨਹੀਂ ਕਰਦੀਆਂ। ਸਿਖਿਆ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਇਨਸਾਨੀਅਤ ਨਾਤੇ ਪੌਦੇ ਲਗਾਉਣ ਲਈ ਯਤਨ ਕਰਦੀਆਂ ਹਨ। ਪਰ ਪੌਦੇ ਲਗਾਉਣ ਲਈ ਥਾਵਾਂ ਹੀ ਨਹੀਂ ਲਭਦੀਆਂ ਜਿਥੇ ਪੋਦੇ ਸੁਰਖਿਅੱਤ ਖੁਸ਼ਹਾਲ ਸਿਹਤਮੰਦ ਰਹਿਣ।
ਧਾਰਮਿਕ ਸਥਾਨਾਂ ’ਤੇ ਵੀ ਦਰਖਤਾਂ ਦੀ ਥਾਂ ਸੰਗਮਰਮਰ ਦੇ ਅੱਗ ਵਾਂਗ ਤਪਣ ਵਾਲੇ ਪੱਥਰ ਹੀ ਹਰ ਪਾਸੇ ਲਗਾਏ ਗਏ ਹਨ। ਪੱਥਰਾਂ ਨੂੰ ਠੰਡੇ ਕਰਨ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਗਰਮੀ ਲੂ ਦਾ ਕਹਿਰ ਵੱਧਣ ਕਾਰਨ ਗਰੀਬਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰ ਕਰਨ ਵਾਲੇ ਲੋਕਾਂ, ਵਿਦਿਆਰਥੀਆਂ ਨੂੰ ਇਸ ਲੂ ਤਪਸ਼ ਗਰਮੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਇਸ ਸਮੇਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਆਦਿ ਦਾ ਤਾਪਮਾਨ 45 ਡਿਗਰੀ ਤੋਂ 48 ਡਿਗਰੀ ਦੇ ਵਿਚਕਾਰ ਚਲ ਰਿਹਾ ਹੈ ਅਤੇ ਇਹ ਸਤੰਬਰ ਤੱਕ ਚਲੇਗਾ। ਪਰ ਜਿਸ ਹਿਸਾਬ ਨਾਲ ਤਾਪਮਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਦਰਖਤ ਕੱਟੇ ਜਾ ਰਹੇ ਹਨ ਪਰ ਲਗਾਏ ਨਹੀਂ ਜਾਂਦੇ, ਤਾਂ ਇਹ ਅਗਲੇ ਕੁਝ ਸਾਲਾਂ ਵਿੱਚ 50 ਡਿਗਰੀ ਅਤੇ ਫੇਰ 55 ਡਿਗਰੀ ਤੱਕ ਪਹੁੰਚ ਗਿਆ ਤਾਂ ਹਰ ਸੂਰਜ ਦੀ ਤਪਸ਼ ਰਾਹੀਂ ਲੋਕਾਂ ਨੂੰ, ਸੁੱਕੀ ਚੀਜ਼, ਦਰਖਤਾਂ, ਕਪੜਿਆਂ, ਘਾਹ ਫੂਸ, ਤਾਰਾਂ ਟਰਾਂਸਫਰ ਮੋਬਾਇਲਾਂ, ਏ ਸੀਆਂ ਅਤੇ ਚਲਦੀਆਂ ਗੱਡੀਆਂ ਨੂੰ ਆਪੇ ਅੱਗਾਂ ਲਗ ਜਾਣਗੀਆਂ।
ਗਰਮ ਧਰਤੀ ’ਤੇ ਪੈਰ ਰਖਦੇ ਹੀ ਬੂਟ ਚਪਲਾਂ ਨੂੰ ਅੱਗਾਂ ਲਗਣਗੀਆਂ। ਫੇਰ ਧਰਤੀ ’ਤੇ ਪੌਦੇ ਵੀ ਨਹੀਂ ਲਗ ਸਕਦੇ। ਲੋਕ ਗਰਮੀ ਤੋਂ ਬਚਣ ਲਈ ਪੀਣ ਵਾਲੇ ਪਾਣੀ ਦੀ ਗ਼ਲਤ ਵਰਤੋਂ ਕਰਕੇ, ਧਰਤੀ ਦੇ ਅੰਦਰਲਾ ਪਾਣੀ ਵੀ ਖ਼ਤਮ ਕਰਕੇ, ਪੰਜਾਬ ਨੂੰ ਰੇਗੀਸਤਾਨ ਬਣਾਉਣ ਲਈ ਲਗੇ ਹਨ।
ਸਾਡੇ ਸਰੀਰ ਦਾ ਤਾਪਮਾਨ ਦਸਣ ਵਾਲੇ ਥਰਮਾਮੀਟਰ ਵਿੱਚ ਨਿਸ਼ਾਨ 35 ਡਿਗਰੀ ਤੋਂ 42 ਡਿਗਰੀ ਤੱਕ ਲਿਖੇ ਹਨ। ਇਨਸਾਨ ਦਾ ਤਾਪਮਾਨ 37 -38 ਡਿਗਰੀ ਤੱਕ ਨਾਰਮਲ ਹੁੰਦਾ ਹੈ। 40 ਡਿਗਰੀ ਜਾਂ ਇਸ ਤੋਂ ਉਪਰ ਜਾਣ ਦਾ ਭਾਵ, ਜਾਂ 20 ਤੋਂ 30 ਮਿੰਟਾਂ ਤੱਕ ਤੇਜ਼ ਗਰਮੀ, ਧੁੱਪ ਜਾ ਲੂ ਵਿੱਚ ਰਹਿਣ ਦਾ ਭਾਵ ਇਨਸਾਨ ਦਾ ਸਰੀਰ ਅਤੇ ਵਿਸ਼ੇਸ਼ ਤੌਰ ’ਤੇ ਦਿਮਾਗ, ਅੱਗ ਦੀ ਭੱਠੀ ਵਿੱਚ ਤਪਣ ਲਗਦਾ ਹੈ ਜਿਸ ਨੂੰ ਕੰਟਰੋਲ ਕਰਨ ਲਈ ਸਰੀਰ ਅੰਦਰਲੇ ਪਾਣੀ, ਨਮਕ, ਸ਼ੂਗਰ ਚਮੜੀ ਕਪੜੇ ਆਦਿ ਉਸ ਗਰਮੀ ਨੂੰ ਘਟਾਉਣ ਲਈ ਸਹਾਇਕ ਹੁੰਦੇ ਹਨ।
ਜੇਕਰ ਇਨਸਾਨ ਕੁਝ ਸਮਾਂ ਤੇਜ਼ ਗਰਮੀ, ਧੁੱਪਾਂ, ਲੂ ਜਾਂ ਹਵਾਵਾਂ ਵਿਚ ਰਹਿਣ ਤਾਂ ਦਿਮਾਗ ਨੂੰ ਗਰਮੀ ਦਾ ਵੱਧ ਅਸਰ ਹੋਣ ਕਰਕੇ, ਦਿਮਾਗ ਨੂੰ ਸਟ੍ਰੋਕ, ਗਰਮੀ ਦਾ ਸਰਸਾਮ ਜਾਂ ਗਰਮੀ ਦੀ ਥਕਾਵਟ ਹੋਣ ਕਾਰਨ, ਦਿਮਾਗ ਦੀਆਂ ਨਸਾਂ ਨਾੜੀਆਂ ਫੱਟ ਜਾਂਦੀਆਂ ਹਨ, ਅਤੇ ਇਨਸਾਨ ਬੇਹੋਸ਼ ਹੋ ਕੇ ਕੋਮੇ (ਬੇਹੋਸ਼ੀ) ਵਿਚ ਜਾ ਸਕਦਾ। ਨੱਕ ਮੂੰਹ ਕੰਨ ਵਿਚੋਂ ਖ਼ੂਨ ਨਿਕਲ ਸਕਦਾ। ਉਸਨੂੰ ਅਧਰੰਗ ਵੀ ਹੋ ਸਕਦਾ। ਇਸ ਲਈ ਤਪਸ਼, ਤੇਜ ਗਰਮੀ, ਗਰਮ ਹਵਾਵਾਂ ਅਤੇ ਲੂ ਤੋਂ ਬਚਣ ਲਈ ਮੋਟਰਸਾਈਕਲ, ਸਕੂਟਰ, ਸਾਈਕਲ ਰਿਕਸ਼ਾ ਆਦਿ ਚਲਾਉਣ ਵਾਲੇ ਚੰਗੇ ਕਿਸਮ ਦੇ ਹੈਲਮਟ ਪਾਉਣ, ਜਾਂ ਪੱਗੜੀ ਬੰਨ੍ਹਕੇ ਵ੍ਹੀਕਲ ਚਲਾਉਣ ਤਾਂ ਜੋ ਦਿਮਾਗ ਨੂੰ ਸਿੱਧੇ ਸੂਰਜ ਦੀ ਤਪਸ਼ ਨਾ ਲੱਗੇ। ਵਿਦਿਆਰਥੀ ਸਕੂਲਾਂ ਤੋਂ ਵਾਪਸ ਆਉਂਦੇ ਸਮੇਂ, ਪੈਦਲ ਚਲਣ ਵਾਲੇ ਜਾਂ ਮਜਦੂਰ ਸਿਰ, ਗਰਦਨ, ਨੱਕ, ਮੂੰਹ ਤੇ ਗਿੱਲਾ ਕੱਪੜਾ ਬੰਨ ਕੇ ਰਖਣ।
ਘਰੋਂ ਬਾਹਰ ਜਾਣ ਤੋਂ ਪਹਿਲਾਂ ਦੋ ਤਿੰਨ ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਹਰ ਘੰਟੇ ਬਾਅਦ ਪਾਣੀ ਪੀਂਦੇ ਰਹੋ। ਸਕੰਜਵੀ ਜਿਸ ਵਿੱਚ ਵੱਧ ਮਿਠਾ, ਨਮਕ, ਪਾਣੀ ਹੋਣ, ਦਿਨ ਵਿਚ ਤਿੰਨ ਚਾਰ ਘੰਟੇ ਬਾਅਦ ਲੈਂਦੇ ਰਹੋ। ਸਾਰੇ ਸ਼ਰੀਰ ਅਤੇ ਨੱਕ ਮੂੰਹ ਨੂੰ ਢੱਕ ਕੇ ਰੱਖਣ ਲਈ ਸੂਤੀ ਹਵਾਦਾਰ ਢਿੱਲੇ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਨੱਕ, ਨਾਭੀ ਵਿੱਚ ਅਤੇ ਪੈਰਾਂ ਦੀ ਉਂਗਲਾਂ ਵਿਚਕਾਰ ਰਾਤੀ ਸੋਣ ਤੋਂ ਪਹਿਲਾਂ ਅਤੇ ਸਵੇਰੇ ਇਸ਼ਨਾਨ ਕਰਨ ਮਗਰੋਂ ਤੇਲ ਲਗਾਉਣ ਨਾਲ ਨੱਕ ਵਿਚ ਖੁਸ਼ਕੀ ਨਹੀਂ ਆਉਂਦੀ, ਨਕਸੀਰ ਤੋਂ ਵੀ ਬਚਿਆ ਜਾ ਸਕਦਾ ਹੈ। ਛਾਂਵੇਂ ਛਾਵੇਂ ਚਲਣਾ ਚਾਹੀਦਾ ਹੈ। ਏ ਸੀ ਚਲਾਉਂਦੇ ਸਮੇਂ ਕਮਰੇ ਵਿੱਚ ਪਾਣੀ ਦੀ ਬਾਲਟੀ ਭਰਕੇ ਰਖਣਾ ਜ਼ਰੂਰੀ ਹੈ। ਚੌਬਾਰੇ ਦੀ ਥਾਂ ਨੀਚੇ ਵਾਲੇ ਕਮਰਿਆਂ ਵਿੱਚ ਰਹੋ। ਏ ਸੀ ਵਾਲੇ ਕਮਰੇ ਵਿੱਚ ਗਿੱਲੇ ਕਪੜੇ ਵੀ ਲਟਕਾਏ ਜਾ ਸਕਦੇ ਹਨ। ਘੜੇ ਦੇ ਪਾਣੀ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ। ,
ਗਰਮ ਚੀਜ਼ਾਂ, ਗਰਮੀ ਪੈਦਾ ਕਰਨ ਵਾਲੇ ਭੋਜਨ ਪਦਾਰਥਾਂ ਦੀ ਵਰਤੋਂ, ਫਾਸਟ ਫੂਡ, ਜੰਕ ਫੂਡ ਅਤੇ ਕੋਲਡ ਡਰਿੰਕਸ, ਬਜ਼ਾਰਾਂ ਵਿੱਚ ਰੇਹੜੀਆਂ ਹੋਟਲਾਂ ਢਾਬਿਆਂ ਜਾਂ ਕਿਸੇ ਹੋਰ ਥਾਂ ਵਿਕਦੇ ਜੂਸ, ਗੰਨੇ ਦੇ ਰਸ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਸ਼ਰਾਬ, ਮੀਟ, ਤਲਿਆ ਬਾਸੀ ਭੋਜਨ, ਬਿਮਾਰੀਆਂ ਪੈਦਾ ਕਰਦਾ ਹੈ। ਕੁੱਝ ਘੰਟੇ ਪਹਿਲਾਂ ਕੱਟਕੇ ਰੱਖੇ ਫਲ, ਸਲਾਦ, ਤਿਆਰ ਕੀਤੇ ਸੂਪ ਜੂਸ ਆਦਿ ਨਹੀਂ ਲੈਣੇ ਚਾਹੀਦੇ। ਫਲ ਖਾਕੇ ਇੱਕ ਘੰਟਾ ਪਾਣੀ ਨਹੀਂ ਪੀਣਾ ਚਾਹੀਦਾ, ਇਸ ਨਾਲ ਹੈਜ਼ਾ ਅਤੇ ਡੀਹਾਈਡ੍ਰੇਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ। ਡੀਹਾਈਡ੍ਰੇਸ਼ਨ ਦਾ ਭਾਵ ਟੱਟੀਆਂ, ਉਲਟੀਆਂ ਆਉਣੀਆਂ, ਵੱਧ ਪਸੀਨੇ ਪਿਸ਼ਾਬ ਜਾ ਪਾਣੀ ਘੱਟ ਪੀਣ ਕਰਕੇ ਸ਼ਰੀਰ ਵਿਚੋਂ ਪਾਣੀ, ਨਮਕ, ਸ਼ੂਗਰ ਜਾਂ ਭੋਜਨ ਦੇ ਜ਼ਰੂਰੀ ਤੱਤਾਂ ਦੀ ਕਮੀਂ ਹੋਣ ਲਗਦੀ ਅਤੇ ਕਮਜ਼ੋਰੀ, ਬੈਚੇਨੀ, ਬੇਅਰਾਮੀ, ਘਬਰਾਹਟ, ਦਮ ਘੁੱਟਣਾ ਚੱਕਰ ਆਉਣੇ, ਸਰੀਰ ਢੇ ਢੇਰੀ ਹੋ ਜਾਂਣਾ ਨਿਸ਼ਾਨੀਆਂਹਨ।
ਬੇਹੋਸ਼ ਇਨਸਾਨ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਨਾ ਹੀ ਹੱਥਾਂ ਪੈਰਾਂ ਨੂੰ ਰਗੜਣੇ ਚਾਹੀਦੇ ਹਨ। ਪਰ ਸਿਰ ਮੱਥੇ ਗਰਦਨ ਤੇ ਗਿੱਲੇ ਕਪੜੇ ਰਖਕੇ ਗਰਮੀ ਘਟਾ ਸਕਦੇ ਹੋ। ਵੱਧ ਤਾਪਮਾਨ ਹੋਣ ਤੇ ਪੀੜਤ ਨੂੰ ਗਿਲੀ ਚਾਦਰ ਵਿੱਚ ਲਪੇਟ ਕੇ ਰਖਣਾ ਚਾਹੀਦਾ, ਅਤੇ ਚਾਦਰ ਨੂੰ ਠੰਡੇ ਪਾਣੀ ਨਾਲ ਗਿੱਲਾ ਕਰਦੇ ਰਹੋ, ਮੱਥੇ ਤੇ ਵੀ ਠੰਡੇ ਪਾਣੀ ਨਾਲ ਪੱਟੀਆਂ ਕਰਕੇ ਗਰਮੀ ਜਾਂ ਬੁਖਾਰ ਨੂੰ ਦਿਮਾਗ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਗਿਲੀ ਪੱਟੀ ਨੂੰ ਮੱਥੇ ਤੇ 10 ਸੈਕਿੰਡ ਤੋਂ ਵੱਧ ਨਹੀਂ ਰਖਣਾ , ਹਰ 10 ਸੈਕਿੰਡ ਮਗਰੋਂ ਗਿਲੀ ਠੰਡੀ ਪੱਟੀ ਬਦਲਦੇ ਰਹਿਣਾ ਚਾਹੀਦਾ ਹੈ। ਬੇਹੋਸ਼ ਨੂੰ ਵੈਟੀਲੈਟਰ ਪੋਜੀਸਨ ਜਾ ਰਿਕਵਰੀ ਪੁਜੀਸ਼ਨ ਵਿੱਚ ਲਿਟਾ ਕੇ ਰਖੋ। ਤੇਜ਼ ਬੁਖਾਰ ਜਾ ਸਿਰ ਨੂੰ ਗਰਮੀ ਤਪਸ਼ ਲਗਣ ਤੇ ਸਿਰ ਹੇਠਾਂ ਦੋ ਸਰਾਣੇ ਰਖਕੇ ਸਿਰ ਗਰਦਨ ਉਚੇ ਰੱਖੋ। ਜਲਦੀ ਤੋਂ ਜਲਦੀ ਹਸਪਤਾਲ ਵਿਖੇ ਇਲਾਜ ਲਈ ਲੈਕੇ ਜਾਣਾ ਚਾਹੀਦਾ ਹੈ। ਆਪਣੇ ਆਪ ਨੂੰ ਫ਼ਸਟ ਏਡਰ ਜਾ ਹੋਮ ਨਰਸਿੰਗ ਦੀ ਨੈਨੀ ਸਮਝਣਾ ਚਾਹੀਦਾ ਡਾਕਟਰ ਨਹੀਂ। ਘਰ ਵਿੱਚ ਥਰਮਾਮੀਟਰ ਜ਼ਰੂਰ ਰੱਖੋ।
-ਕਾਕਾ ਰਾਮ ਵਰਮਾ
-ਮੋਬਾ: 9878611620

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ