Saturday, July 27, 2024  

ਲੇਖ

ਦੁਨੀਆ ਚਲੋ ਚਲੀ ਦਾ ਮੇਲਾ

May 23, 2024

ਕੁਦਰਤ ਨੇ ਹਰ ਕਿਸੇ ਨੂੰ ਪੈਦਾ ਕਰਦੇ ਸਮੇਂ ਉਸਦੇ ਜਾਣ ਦਾ ਸਮਾਂ ਨਾਲ ਹੀ ਤਹਿ ਕੀਤਾ ਹੁੰਦਾ ਹੈ।ਹਰ ਕੋਈ ਆਪਣਾ ਪਾਰਟ ਅਦਾ ਕਰਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਸਟੇਜ ਤੇ ਨਾਟਕ ਕਰਨ ਵਾਲੇ ਕਲਾਕਾਰ ਕਰਦੇ ਹਨ।ਇੱਥੇ ਅਮੀਰ ਆਪਣ ਮਰਜ਼ੀ ਨਾਲ ਵਧੇਰੇ ਦਿਨ ਨਹੀਂ ਰਹਿ ਸਕਦਾ ਅਤੇ ਨਾ ਹੀ ਆਪਣਾ ਧੰਨ ਦੌਲਤ ਨਾਲ ਲੈਕੇ ਜਾ ਸਕਦਾ ਹੈ।ਖਾਲੀ ਹੱਥ ਆਉਂਦੇ ਹਾਂ ਅਤੇ ਖਾਲੀ ਹੱਥ ਇੱਥੋਂ ਚਲੇ ਜਾਂਦੇ ਹਾਂ।ਹਰ ਬੰਦਾ ਇਸ ਗੱਲ ਨੂੰ ਕਿਸੇ ਦੇ ਸਸਕਾਰ ਤੇ ਜਾਣ ਤੇ ਸਮਝਦਾ ਹੈ ਅਤੇ ਸ਼ਮਸ਼ਾਨਘਾਟ ਤੋਂ ਬਾਹਰ ਨਿਕਲਦਿਆਂ ਹੀ ਭੁੱਲ ਜਾਂਦਾ ਹੈ।ਹਰ ਕਿਸੇ ਨੂੰ ਇਵੇਂ ਲੱਗਦਾ ਹੈ ਜਿਵੇਂ ਇਹ ਚਲਾ ਗਿਆ, ਮੈਂ ਤਾਂ ਇੱਥੇ ਹੀ ਰਹਿਣਾ ਹੈ।ਪਰ ਹਕੀਕਤ ਇਹ ਹੈ ਕਿ ਜਦੋਂ ਤੱਕ ਕੁਦਰਤ ਨੇ ਸਾਹ ਲਿਖੇ ਹੋਏ ਹਨ ਉਦੋਂ ਤੱਕ ਕੁੱਝ ਨਹੀਂ ਹੋਣਾ ਅਤੇ ਜਦੋਂ ਹਿਸਾਬ ਹੋ ਗਿਆ ਤਾਂ ਕੋਈ ਨਾ ਕੋਈ ਬਹਾਨਾ ਬਣ ਹੀ ਜਾਣਾ ਹੈ। ਕੁਦਰਤ ਨੇ ਹਰ ਬੰਦੇ ਦੇ ਹਿੱਸੇ ਬਹੁਤ ਕੁੱਝ ਦਿੱਤਾ ਹੈ। ਖੁਸ਼ੀਆਂ ਗਮੀਆਂ, ਦੁੱਖ ਤਕਲੀਫ਼ ਪਿਆਰ ਅਤੇ ਵਿਛੋੜਾ। ਇਸਦਾ ਵਕਤ, ਕਾਰਨ ਅਤੇ ਨਤੀਜੇ ਕੁਦਰਤ ਨੇ ਪਹਿਲਾਂ ਹੀ ਤਹਿ ਕੀਤੇ ਹੁੰਦੇ ਹਨ। ਸਾਡੇ ਸਾਰਿਆਂ ਦੇ ਉਵੇਂ ਦੇ ਹਾਲਾਤ ਬਣ ਜਾਂਦੇ ਹਨ। ਜੋ ਹੋਣਾ ਹੁੰਦਾ ਹੈ ਅਸੀਂ ਉੱਥੇ ਆਪਣੇ ਆਪ ਪਹੁੰਚ ਜਾਂਦੇ ਹਾਂ। ਅਸੀਂ ਇੱਕ ਦੂਸਰੇ ਨੂੰ ਉਲਾਂਭੇ ਦਿੰਦੇ ਹਾਂ ਅਤੇ ਲੜਦੇ ਝਗੜਦੇ ਹਾਂ, ਇਕ ਦੂਸਰੇ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਾਂ ਅਤੇ ਦੂਸਰਿਆਂ ਨੂੰ ਬੁਰਾ ਸਾਬਿਤ ਕਰਨ ’ਤੇ ਜ਼ੋਰ ਲਗਾਉਂਦੇ ਰਹਿੰਦੇ ਹਾਂ।ਇੱਕ ਦੂਸਰੇ ਤੋਂ ਅਮੀਰ ਅਤੇ ਵੱਡਾ ਬੰਦਾ ਬਣਨ ਅਤੇ ਵਿਖਾਉਣ ਦੀ ਦੌੜ ਲੱਗੀ ਹੋਈ ਹੈ।ਇਸ ਨਾਲ ਆਪਣੀ ਜ਼ਿੰਦਗੀ ਵਿੱਚ ਵਾਧੂ ਮਾਨਸਿਕ ਦਬਾਅ ਪੈਂਦਾ ਹੈ, ਪਰ ਕੋਈ ਵੀ ਸਮਝਣ ਨੂੰ ਤਿਆਰ ਨਹੀਂ। ਵੱਡੇ-ਵੱਡੇ ਘਰ ਬਣਾਉਣ ਵਾਲਿਆਂ ਨੂੰ ਕਈ ਵਾਰ ਜਿਊਂਦੇ ਵੀ ਘਰਾਂ ਵਿੱਚ ਢੰਗ ਨਾਲ ਨਹੀਂ ਰਹਿਣ ਦਿੰਦਾ। ਮਰਨ ਤੋਂ ਬਾਅਦ ਤਾਂ ਰਾਤ ਰੱਖਣਾ ਵੀ ਔਖਾ ਲੱਗਦਾ ਹੈ। ਇਕ ਪਾਸੇ ਸਸਕਾਰ ਅਤੇ ਦੂਜੇ ਪਾਸੇ ਫਟੇ ਫੱਟ ਦੂਸਰੀਆਂ ਰਸਮਾਂ ਪੂਰੀਆਂ ਕਰਨ ਦੀ ਕਾਹਲੀ ਹੁੰਦੀ ਹੈ। ਇਸਦੇ ਨਾਲ ਹੀ ਜਾਇਦਾਦ ਅਤੇ ਹੋਰ ਸਮਾਨ ਜਾਂ ਬੈਂਕ ਦੇ ਖਾਤੇ ਫਰੋਲਣ ਵਿੱਚ ਵਧੇਰੇ ਕਾਹਲ ਹੁੰਦੀ ਹੈ। ਉਸ ਵਕਤ ਵੀ ਅਸੀਂ ਇਹ ਨਹੀਂ ਸਮਝਦੇ ਕਿ ਅੱਜ ਇਹ ਇਵੇਂ ਚਲੇ ਗਿਆ, ਸਾਡੇ ਨਾਲ ਵੀ ਇਹ ਹੋਣਾ ਹੈ।
ਇੱਥੇ ਸਿਕੰਦਰ ਵਰਗੇ ਖਾਲੀ ਹੱਥ ਚਲੇ ਗਏ। ਵੱਡੇ ਵੱਡੇ ਬਾਦਸ਼ਾਹ ਆਪਣੇ ਤਖ਼ਤ ਇੱਥੇ ਛੱਡ ਗਏ।ਪਰ ਅਸੀਂ ਇਹ ਸਾਰਾ ਕੁੱਝ ਜਾਣਦੇ ਹੋਏ ਵੀ ਇਸ ਸਟੇਜ ਰੂਪੀ ਦੁਨੀਆਂ ਤੇ ਜ਼ਿੰਦਗੀ ਨੂੰ ਸਮਝ ਹੀ ਨਹੀਂ ਰਹੇ।ਜ਼ਿੰਦਗੀ ਜਿਊਣ ਲਈ ਅਤੇ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਜ਼ਰੂਰਤ ਹੈ, ਪਰ ਲੋੜਾਂ ਹੀ ਇੰਨੀਆਂ ਵੱਧ ਗਈਆਂ ਜਾਂ ਵਧਾ ਲਈਆਂ ਕਿ ਅਸੀਂ ਆਪਣੇ ਆਪਨੂੰ ਤੰਗ ਰਹਿਣ ਲੱਗ ਗਏ।ਹਰ ਕੋਈ ਸੌਖੇ ਤਰੀਕੇ ਨਾਲ ਵੱਧ ਤੋਂ ਵੱਧ ਪੈਸੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਹੈ।ਵੱਡੀਆਂ ਗੱਡੀਆਂ, ਵੱਡੇ ਘਰ, ਮਹਿੰਗੇ ਬਰੈਂਡਿਡ ਕੱਪੜੇ ਜੁੱਤੀਆਂ ਇੰਨਾਂ ਨੇ ਲਾਲਚ ਵਧਾ ਦਿੱਤਾ ਹੈ।ਰਿਸ਼ਤੇ ਵੀ ਇਸੇ ਲਾਲਚ ਨੇ ਤਾਰ ਤਾਰ ਕਰ ਦਿੱਤੇ।ਮਾਪਿਆਂ ਕੋਲੋਂ ਜਿਊਂਦੇ ਜੀਅ ਸਾਰਾ ਕੁੱਝ ਔਲਾਦ ਲੈਣ ਨੂੰ ਜ਼ੋਰ ਪਾਉਂਦੀ ਹੈ।ਭੈਣ ਭਰਾ ਆਪਸ ਵਿੱਚ ਪੈਸੇ ਤੇ ਜਾਇਦਾਦ ਲਈ ਧੋਖੇ ਕਰ ਰਹੇ ਹਨ।ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲੱਗ ਗਏ ਹਨ।ਕੋਈ ਔਲਾਦ ਇਹ ਨਹੀਂ ਸਮਝਦੀ ਕਿ ਜਿੰਨ੍ਹਾਂ ਨੇ ਪੂਰੀ ਜ਼ਿੰਦਗੀ ਮਿਹਨਤ ਕੀਤੀ ਹੈ ਇਸਤੇ ਉਨ੍ਹਾਂ ਦਾ ਅਧਿਕਾਰ ਹੈ।
ਅਸੀਂ ਸਾਰੇ ਗੱਲਾਂ ਵੀ ਕਰਦੇ ਹਾਂ ਅਤੇ ਸਮਝਦੇ ਵੀ ਹਾਂ ਕਿ ਇਹ ਦੁਨੀਆਂ ਇਕ ਸਟੇਜ ਹੈ ਅਸੀਂ ਇੱਥੇ ਆਪਣਾ ਆਪਣਾ ਰੋਲ ਅਦਾ ਕਰਨਾ ਹੈ ਜਾਂ ਕਰਦੇ ਹਾਂ।ਕਿਸੇ ਕੋਲ ਵੱਧ ਹੈ ਜਾਂ ਘੱਟ ਹੈ ਇਹ ਵੀ ਕੁਦਰਤ ਦੇ ਹੀ ਰੰਗ ਹਨ।ਜਿਵੇਂ ਦੇ ਹਾਲਾਤ ਇਸ ਵੇਲੇ ਹਨ ਲੱਗਦਾ ਹੈ ਸਟੇਜ ’ਤੇ ਹਫੜਾ ਦਫੜੀ ਮਚੀ ਹੋਈ ਹੈ। ਇਹ ਕੌੜਾ ਸੱਚ ਹੈ ਕਿ ਇਹ ਦੁਨੀਆਂ ਚਲੋ ਚਲੀ ਦਾ ਮੇਲਾ ਹੈ, ਇਸ ਕਰਕੇ ਵਰਤਮਾਨ ਵਿੱਚ ਰਹਿਕੇ ਜ਼ਿੰਦਗੀ ਜਿਊਣ ਵਿੱਚ ਹੀ ਆਨੰਦ ਹੈ।
-ਪ੍ਰਭਜੋਤ ਕੌਰ ਢਿੱਲੋਂ
-ਮੋਬਾ: 9815030221

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ