Sunday, October 06, 2024  

ਲੇਖ

ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਹੀ ਮਾਰਗ-ਦਰਸ਼ਨ ਦੀ ਲੋੜ

May 23, 2024

ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੋਰਡ ਦੇ ਨਤੀਜੇ ਆ ਚੁਕੇ ਹਨ। ਹੁਣ ਬੱਚਿਆਂ ਨੇ ਆਪਣੇ ਭਵਿੱਖ ਲਈ ਚੰਗੇ ਵਿਸ਼ਆਂ ਦੀ ਚੋਣ ਕਰਨੀ ਹੈ। ਦਸਵੀਂ ਜਮਾਤ ਤੋਂ ਬਾਅਦ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਵਿਚੋਂ ਕਿਸੇ ਇੱਕ ਨੂੰ ਚੁਣਨਾ ਲਾਜ਼ਮੀ ਹੁੰਦਾ ਹੈ। ਪ੍ਰੰਤੂ! ਵੱਡੀ ਗਿਣਤੀ ਵਿਚ ਬੱਚਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਉਹਨਾਂ ਕਿਹੜੇ ਵਿਸ਼ਆਂ ਦੀ ਚੋਣ ਕਰਨੀ ਹੈ? ਮਾਂ- ਬਾਪ ਨੂੰ ਵੀ ਇਹਨਾਂ ਵਿਸ਼ਿਆਂ ਅਤੇ ਇਹਨਾਂ ਵਿਸ਼ਆਂ ਦੇ ਮਹਤੱਵ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਇਸ ਲਈ ਦੱਸਵੀਂ ਤੋਂ ਬਾਅਦ ਅਮੁਮਨ ਵਿਦਆਰਥੀਆਂ ਨੂੰ ਸ਼ਸ਼ੋਪੰਜ ਵਿਚ ਦੇਖਿਆ ਜਾਂਦਾ ਹੈ। ਸਿੱਖਿਆ ਦੇ ਖੇਤਰ ਵਿਚ ਕਿਹਾ ਜਾਂਦਾ ਹੈ ਕਿ ਕੋਈ ਵੀ ਖੇਤਰ ਮਾੜਾ ਨਹੀਂ ਹੁੰਦਾ। ਬਸ਼ਰਤੇ; ਤੁਸੀਂ ਸਹੀ ਸਮੇਂ ਤੇ ਸਹੀ ਦਿਸ਼ਾ ਵਾਲੇ ਪਾਸੇ ਕਦਮ ਪੁੱਟ ਲਵੋ। ਪ੍ਰੰਤੂ! ਬਹੁਤੇ ਵਿਦਆਰਥੀ ਇੱਕ- ਦੂਜੇ ਦੀ ਦੇਖਾ- ਦੇਖੀ ਹੀ ਵਿਸ਼ੇ ਚੁਣ ਲੈਂਦੇ ਹਨ ਅਤੇ ਬਾਅਦ ਵਿਚ ਦੁਚਿੱਤੀ ਵਿਚ ਪੈ ਜਾਂਦੇ ਹਨ।
ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਮਾਂ- ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੇ ਉੱਪਰ ਆਪਣੀ ਮਰਜ਼ੀ ਨੂੰ ਨਾ ਥੋਪਣ। ਕਈ ਵਾਰ ਮਾਂ- ਬਾਪ ਕੁਝ ਹੋਰ ਚਾਹੁੰਦੇ ਹਨ ਪ੍ਰੰਤੂ! ਬੱਚੇ ਦੀ ਰੁਚੀ ਕਿਸੇ ਹੋਰ ਪਾਸੇ ਜਾਂ ਵਿਸ਼ੇ ਵਿਚ ਹੁੰਦੀ ਹੈ।
ਖ਼ਾਸ ਕਰਕੇ ਦੱਸਵੀਂ ਜਮਾਤ ਦੇ ਨਤੀਜੇ ਆਉਣ ਮਗ਼ਰੋਂ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਹਨ । ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਕਰਨ ਵਾਲੇ ‘ਅਧਿਆਪਕ’ ਵੀ ਨਹੀਂ ਮਿਲਦੇ। ਇਸ ਲਈ ਪਹਿਲੇ ਦੋ-ਤਿੰਨ ਮਹੀਨੇ ਬੱਚਿਆਂ ਨੂੰ ਆਪਣੇ ਵਿਸ਼ਆਂ ਦੀ ਚੋਣ ਸੰਬੰਧੀ ਦਿੱਕਤ ਪੇਸ਼ ਆਉਂਦੀ ਹੈ।
ਸਿੱਖਿਆ- ਮਾਹਿਰਾਂ ਦਾ ਕਹਿਣਾ ਹੈ ਕਿ ਪੜ੍ਹਨ ਨਾਲੋਂ ‘ਪੜ੍ਹਨ ਦੀ ਚੋਣ’ ਕਰਨਾ ਜ਼ਿਆਦਾ ਕਠਿਨ ਕਾਰਜ ਹੈ। ਇਸ ਲਈ ਜਦੋਂ ਤੱਕ ਵਿਸ਼ਿਆਂ ਦੀ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਜਿੱਥੇ ਬੱਚੇ ਪ੍ਰੇਸ਼ਾਨ ਰਹਿੰਦੇ ਹਨ ਉੱਥੇ ਮਾਂ- ਬਾਪ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਘਿਰੇ ਰਹਿੰਦੇ ਹਨ।
ਦੂਜੀ ਗੱਲ, ਅੱਜ ਨੰਬਰਾਂ ਦਾ ਯੁੱਗ ਹੈ। ਹੁਣ ਬੱਚਿਆਂ ਦੇ 100 ਵਿਚੋਂ 100 ਨੰਬਰ ਤੱਕ ਆ ਜਾਂਦੇ ਹਨ। ਇਸ ਨਾਲ ਮੁਕਾਬਲੇ ਦੀ ਭਾਵਨਾ ਬਹੁਤ ਵੱਧ ਜਾਂਦੀ ਹੈ। ਕਈ ਵਾਰ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਕਿ 99 ਫ਼ੀਸਦੀ ਨੰਬਰ ਪ੍ਰਾਪਤ ਕਰਨ ਵਾਲੇ ਬੱਚੇ ਦਾ ਦਾਖਿਲਾ ਨਹੀਂ ਹੁੰਦਾ। ਇਸ ਨਾਲ ਬੱਚਿਆਂ ਦੇ ਮਨਾਂ ਉੱਪਰ ਬੋਝ ਵੱਧ ਜਾਂਦਾ ਹੈ।
ਰਾਜਸਥਾਨ ਦੇ ‘ਕੋਟਾ ਸ਼ਹਿਰ’ ਵਿਚ ਹਰ ਵਰ੍ਹੇ ਸੈਂਕੜੇ ਬੱਚੇ ਮੌਤ ਨੂੰ ਗਲ਼ੇ ਲਗਾ ਲੈਂਦੇ ਹਨ ਕਿਉਂਕਿ ਇੱਥੇ ਬਹੁਤੀ ਵਾਰ ਸਿੱਖਿਆ ਦੇ ਨਾਮ ਤੇ ਵਿਦਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਤੋਂ ਇਸ ਪ੍ਰੇਸ਼ਾਨੀ ਦੇ ਆਲਮ ਵਿਚ ਬੱਚੇ ਨੂੰ ਸਹੀ ਮਾਰਗ- ਦਰਸ਼ਨ ਦੇਣ ਵਾਲਾ ਕੋਈ ਅਧਿਆਪਕ ਜਾਂ ਮਾਂ- ਬਾਪ ਨਹੀਂ ਹੁੰਦਾ। ਮਾਂ-ਬਾਪ ਚਾਹੁੰਦੇ ਹਨ ਕਿ ਬੱਚੇ ਵੱਧ ਨੰਬਰ ਪ੍ਰਾਪਤ ਕਰਨ ਅਤੇ ਕਿਸੇ ਵੱਡੇ ਖੇਤਰ ਵਿਚ ਕਾਮਯਾਬੀ ਪ੍ਰਾਪਤ ਕਰਨ। ਇਸ ਨਾਲ ਬੱਚਾ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਦਾ ਹੈ। ਕਈ ਵਾਰ ਇਹ ਇਕੱਲਾਪਣ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਲਈ ਮਾਂ- ਬਾਪ ਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਉਸਦੇ ਦੋਸਤ ਬਣਨਾ ਵਧੇਰੇ ਲਾਭਦਾਇਕ ਕਾਰਜ ਹੈ। ਉਸ ਨੂੰ ਸਹੀ ਸਮੇਂ ਤੇ ਸਹੀ ਸਿੱਖਿਆ ਦੇਣੀ ਚਾਹੀਦੀ ਹੈ। ਬੱਚੇ ਨੂੰ ਉਸਦੀ ਪਸੰਦ ਦੇ ਵਿਸ਼ੇ ਚੁਣ ਲੈਣ ਦੇਣਾ ਚਾਹੀਦਾ ਹੈ। ਜਿਸ ਨਾਲ ਉਹ (ਬੱਚਾ) ਆਪਣੇ ਮਨ ਉੱਤੇ ਬੋਝ ਮਹਿਸੂਸ ਨਾ ਕਰੇ।
ਹਰ ਖੇਤਰ ਵਿਚ ਮਿਹਨਤ ਅਤੇ ਲਗਨ ਬਹੁਤ ਜ਼ਰੂਰੀ ਸ਼ਰਤਾਂ ਹਨ । ਜਿਹੜਾ ਬੱਚਾ ਸਹੀ ਸਮੇਂ ਤੇ ਕਠਿਨ ਮਿਹਨਤ ਕਰੇਗਾ ਉਹੀ ਆਪਣੇ ਜੀਵਨ ਵਿਚ ਕਾਮਯਾਬੀ ਨੂੰ ਪ੍ਰਾਪਤ ਕਰੇਗਾ। ਇਸ ਕਾਮਯਾਬੀ ਵਿਚ ਜਿੱਥੇ ਅਧਿਆਪਕ ਦਾ ਯੋਗਦਾਨ ਹੁੰਦਾ ਹੈ ਉੱਥੇ ਮਾਂ-ਬਾਪ ਦਾ ਯੋਗਦਾਨ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦਾ।
ਦੱਸਵੀਂ ਦੇ ਨਤੀਜੇ ਤੋਂ ਬਾਅਦ ਬੱਚਿਆਂ ਨੂੰ ਸਾਰੇ ਵਿਸ਼ਿਆਂ ਦੇ ‘ਮੌਕਿਆਂ’ ਬਾਰੇ ਸਹੀ ਅਤੇ ਪੁਖ਼ਤਾ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਜਿਵੇਂ ਆਰਟਸ (ਕਲਾ) ਦੇ ਵਿਦਿਆਰਥੀ ਬਾਹਰਵੀਂ ਦੇ ਵਿਦਆਰਥੀ ਬਾਹਰਵੀਂ ਤੋਂ ਬਾਅਦ ਜਿੱਥੇ ਸਿਵਲ ਸੇਵਾਵਾਂ ਦੀ ਤਿਆਰੀ ਕਰ ਸਕਦੇ ਹਨ ਉੱਥੇ ਹੀ ਐੱਲਐੱਲਬੀ ਕਰਕੇ ਐਡਵੋਕੇਟ ਵੀ ਬਣ ਸਕਦੇ ਹਨ। ਕਾਮਰਸ ਵਾਲੇ ਵਿਦਆਰਥੀ ਸੀ ਏ ਜਾਂ ਬੈਂਕਿੰਗ ਖੇਤਰ ਵਿਚ ਜਾ ਸਕਦੇ ਹਨ । ਨਾਨਮੈਡੀਕਲ ਵਾਲੇ ਇੰਜੀਨਿਅਰਿੰਗ ਖੇਤਰ ਵਿਚ ਜਾ ਸਕਦੇ ਹਨ ਅਤੇ ਮੈਡੀਕਲ ਵਾਲੇ ‘ਨੀਟ’ ਦੀ ਪ੍ਰੀਖਿਆ ਦੇ ਸਕਦੇ ਹਨ। ਇਸ ਕੇਵਲ ਸੰਖੇਪ ਵਿਚ ਦੱਸਿਆ ਗਿਆ ਹੈ । ਸਿੱਖਿਆ- ਮਾਹਿਰਾਂ ਨੂੰ ਇਸ ਨਾਲੋਂ ਵਧੇਰੇ ਪਤਾ ਹੁੰਦਾ ਹੈ। ਇਸ ਲਈ ਦੱਸਵੀਂ ਦੇ ਨਤੀਜੇ ਤੋਂ ਬਾਅਦ ਸਿੱਖਿਆ- ਮਾਹਿਰਾਂ ਦੀ ਰਾਏ ਲਈ ਜਾ ਸਕਦੀਹੈ ਜਿਸ ਨਾਲ ਸਹੀÇ ਵਿਸ਼ਆਂ ਦੀ ਚੋਣ ਹੋ ਸਕੇ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਅਧਿਆਪਕ ਵਰਗ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਕੋਲ ਪੜ੍ਹੇ ਬੱਚਿਆਂ ਨੂੰ ਸਹੀ ਵਿਸ਼ਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਕਿਉਂਕਿ ਉਹਨਾਂ ਨੂੰ ਬੱਚਿਆਂ ਦੀ ਕਾਬਲੀਅਤ ਅਤੇ ਰੁਚੀ ਬਾਰੇ ਵਧੇਰੇ ਜਾਣਕਾਰੀ ਹੁੰਦੀ ਹੈ। ਉਹ ਬੱਚਿਆਂ ਦੇ ਬੋਧਿਕ ਲੈਵਲ ਨੂੰ ਵੱਧ ਜਾਣਦੇ ਹਨ ਕਿਉਂਕਿ ਬੱਚੇ ਉਹਨਾਂ ਕੋਲ ਤਿੰਨ- ਚਾਰ ਸਾਲ ਜਾਂ ਵੱਧ ਸਮੇਂ ਤੋਂ ਪੜ੍ਹੇ ਹੁੰਦੇ ਹਨ। ਇਸ ਲਈ ਉਹ ਲਾਹੇਵੰਦ ਵਿਸ਼ਆਂ ਬਾਰੇ ਦੱਸ ਸਕਦੇ ਹਨ।
ਅੱਜ ਦੇ ਸੰਦਰਭ ਵਿਚ ਬੱਚਿਆਂ ਨੂੰ ਸਹੀ ਮਾਰਗ- ਦਰਸ਼ਨ ਦੀ ਜ਼ਰੂਰਤ ਹੈ ਅਤੇ ਮਾਂ-ਬਾਪ ਦ ੇਨਾਲ- ਨਾਲ ਅਧਿਆਪਕਾਂ ਨੂੰ ਵੀ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
ਡਾ. ਨਿਸ਼ਾਨ ਸਿੰਘ ਰਾਠੌਰ
-ਮੋਬਾ: 90414-98009

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ