Saturday, July 27, 2024  

ਲੇਖ

ਵਿਸ਼ਵ ਭਾਈਚਾਰਾ ਮਜ਼ਬੂਤ ਕਰਨ ’ਚ ਫੁੱਟਬਾਲ ਦੀ ਭੂਮਿਕਾ

May 25, 2024

ਅਮਰੀਕਾ, ਕਨੇਡਾ ਅਤੇ ਆਸਟਰੇਲੀਆ ਵਿੱਚ ‘ਸਾਕਰ’ ਦੇ ਨਾਮ ਨਾਲ ਜਾਣੀ ਜਾਂਦੀ ਫੁੱਟਬਾਲ ਦੁਨੀਆ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਤੇ ਮਕਬੂਲ ਖੇਡ ਹੈ। ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਖਿਡਾਰੀਆਂ ਵਿੱਚ ਜਿਸ ਤਰ੍ਹਾਂ ਦਾ ਜੋਸ਼ ਵੇਖਣ ਨੂੰ ਮਿਲਦਾ ਹੈ ਉਸੇ ਤਰ੍ਹਾਂ ਦਾ ਉਤਸ਼ਾਹ ਹੀ ਮੈਚ ਵੇਖ ਰਹੇ ਦਰਸ਼ਕਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਭਾਵੇਂ ਫੁੱਟਬਾਲ ਦੇ ਹਰੇਕ ਮੈਚ ਦੌਰਾਨ ਫੁੱਟਬਾਲ ਪ੍ਰੇਮੀਆਂ ਲਈ ਜਸ਼ਨ ਵਾਲਾ ਮਾਹੌਲ ਹੀ ਹੁੰਦਾ ਹੈ ਪਰ ਸੰਯੁਕਤ ਰਾਸ਼ਟਰ ਮਹਾਂ ਸਭਾ ਵੱਲੋਂ 25 ਮਈ ਨੂੰ ਵਿਸ਼ਵ ਫੁੱਟਬਾਲ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕਰਨ ਨਾਲ ਫੁੱਟਬਾਲ ਪ੍ਰੇਮੀਆਂ ਨੂੰ ਆਪਣੀ ਮਹਿਬੂਬ ਖੇਡ ਦੇ ਜਸ਼ਨ ਮਨਾਉਣ ਲਈ ਇੱਕ ਖ਼ਾਸ ਦਿਨ ਮਿਲ ਗਿਆ ਹੈ। 25 ਮਈ ਨੂੰ ਇਸ ਵਾਰ ਮਨਾਏ ਜਾ ਰਹੇ ਪਹਿਲੇ ਵਿਸ਼ਵ ਫੁੱਟਬਾਲ ਦਿਵਸ ਮੌਕੇ ਪੂਰੀ ਦੁਨੀਆ ਵਿੱਚ ਫੁੱਟਬਾਲ ਮੈਚ, ਫੁੱਟਬਾਲ ਖੇਡ ਨਾਲ ਸਬੰਧਤ ਪ੍ਰਦਰਸ਼ਨੀਆਂ ਤੇ ਸੈਮੀਨਾਰ ਆਦਿ ਕਰਵਾਏ ਜਾਣਗੇ ਅਤੇ ਫੁੱਟਬਾਲ ਪ੍ਰੇਮੀ ਆਪਣੇ ਮਹਿਬੂਬ ਖਿਡਾਰੀਆਂ ਨੂੰ ਯਾਦ ਕਰਨਗੇ।
ਫੁੱਟਬਾਲ ਲਈ ਇੱਕ ਵਿਸ਼ੇਸ਼ ਦਿਨ ਅਪਣਾਉਣ ਦਾ ਸਿਹਰਾ ਲੀਬੀਆ ਦੇ ਰਾਜਦੂਤ ਤਾਹਿਰ ਅਲ–ਸੋਨੀ ਨੂੰ ਜਾਂਦਾ ਹੈ। 7 ਮਈ 2024 ਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਦੀ ਜਨਰਲ ਅਸੈਂਬਲੀ ਦੀ ਨਿਊਯਾਰਕ ਵਿਖੇ ਹੋਈ ਬੈਠਕ ਵਿੱਚ ਲੀਬੀਆ ਦੇ ਰਾਜਦੂਤ ਤਾਹਿਰ ਅਲ–ਸੋਨੀ ਨੇ ਹਰ ਸਾਲ 25 ਮਈ ਨੂੰ ਵਿਸ਼ਵ ਫੁੱਟਬਾਲ ਦਿਵਸ ਵਜੋਂ ਮਨਾਉਣ ਸਬੰਧੀ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ਉਸ ਦੇ ਇਸ ਪ੍ਰਸਤਾਵ ਦਾ ਸੰਯੁਕਤ ਰਾਸ਼ਟਰ ਦੇ 160 ਤੋਂ ਵੱਧ ਮੈਂਬਰਾਂ ਵੱਲੋਂ ਸਮਰਥਨ ਕੀਤਾ ਗਿਆ ਸੀ।
ਪ੍ਰਸਤਾਵ ਪੇਸ਼ ਕਰਦਿਆਂ ਅਲ–ਸੋਨੀ ਨੇ ਕਿਹਾ ਸੀ ਕਿ ਦੁਨੀਆ ਭਰ ਦੇ 200 ਤੋਂ ਜ਼ਿਆਦਾ ਦੇਸ਼ਾਂ ਦੇ ਸਕੂਲਾਂ, ਕਾਲਜਾਂ, ਗਲੀਆਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਫੁੱਟਬਾਲ ਬੜੇ ਉਤਸ਼ਾਹ ਨਾਲ ਖੇਡੀ ਜਾਂਦੀ ਹੈ। ਫੁੱਟਬਾਲ ਦੁਨੀਆ ਦੀ ਸਭ ਤੋਂ ਪਸੰਦੀਦਾ ਤੇ ਪ੍ਰਸਿੱਧ ਖੇਡ ਹੈ। ਅੱਜ ਫੁੱਟਬਾਲ ਇੱਕ ਖੇਡ ਤੋਂ ਵੀ ਅੱਗੇ ਵਧ ਕੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਰੁਕਾਵਟਾਂ ਨੂੰ ਪਾਰ ਕਰਦੀ ਹੋਈ ਦੁਨੀਆ ਭਰ ਵਿੱਚ ਬੋਲੀ ਜਾਣ ਵਾਲੀ ਇੱਕ ਵਿਸ਼ਵ ਵਿਆਪੀ ਭਾਸ਼ਾ ਵਜੋਂ ਕੰਮ ਕਰ ਰਹੀ ਹੈ। ਉਸ ਦਾ ਇਹ ਪ੍ਰਸਤਾਵ 193 ਮੈਂਬਰੀ ਜਨਰਲ ਅਸੈਂਬਲੀ ਨੇ ਪ੍ਰਧਾਨ ਡੇਨਿਸ ਫਰਾਂਸਿਸ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਪਾਸ ਕਰਕੇ 25 ਮਈ ਨੂੰ ਵਿਸ਼ਵ ਫੁੱਟਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਫੁੱਟਬਾਲ ਦਾ ਇਤਿਹਾਸ: ਮੱਧ ਕਾਲੀਨ ਯੁੱਗ ਵਿੱਚ ਵੀ ਇੰਗਲੈਂਡ ਵਿੱਚ ਫੁੱਟਬਾਲ ਖੇਡੀ ਜਾਂਦੀ ਸੀ ਪਰ ਉਸ ਸਮੇਂ ਖੇਡ ਦੇ ਨਿਯਮ ਇਕਸਾਰ ਨਹੀਂ ਸਨ ਅਤੇ ਸਥਾਨਕ ਪੱਧਰ ’ਤੇ ਲੋੜ ਅਨੁਸਾਰ ਆਪਣੇ–ਆਪਣੇ ਨਿਯਮ ਬਣਾ ਲਏ ਜਾਂਦੇ ਸਨ। ਕਾਫੀ ਸਮਾਂ ਬੀਤਣ ਤੋਂ ਬਾਅਦ 1863 ਵਿੱਚ ਜਾ ਕੇ ਇੰਗਲੈਂਡ ਵਿੱਚ ਫੁੱਟਬਾਲ ਐਸੋਸ਼ੀਏਸ਼ਨ ਦਾ ਗਠਨ ਕੀਤਾ ਗਿਆ ਅਤੇ ਫੁੱਟਬਾਲ ਖੇਡ ਲਈ ਇਕਸਾਰ ਨਿਯਮ ਬਣਾਏ ਗਏ। ਉਸ ਤੋਂ ਬਾਅਦ 1904 ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਦੀ ਸਥਾਪਨਾ ਹੋਈ। ਫੀਫਾ ਦੇ ਹੋਂਦ ਵਿੱਚ ਆਉਣ ਨਾਲ ਫੁੱਟਬਾਲ ਨੂੰ ਬੜਾ ਬਲ ਮਿਲਿਆ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਖੇਡ ਦਾ ਬਹੁਤ ਪਸਾਰ ਹੋਇਆ। ਫੀਫਾ ਨੇ ਫੁੱਟਬਾਲ ਦੇ ਪੁਰਾਣੇ ਨਿਯਮਾਂ ਵਿੱਚ ਸੁਧਾਰ ਕਰਦਿਆਂ ਇਸ ਖੇਡ ਨੂੰ ਬੜਾ ਤੇਜ ਤਰਾਰ ਬਣਾ ਦਿੱਤਾ। ਫੁੱਟਬਾਲ ਦੀ ਦਿਨੋ–ਦਿਨ ਵਧਦੀ ਹਰਮਨ ਪਿਆਰਤਾ ਨੂੰ ਵੇਖਦੇ ਹੋਏ 1924 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਫੁੱਟਬਾਲ ਨੂੰ ਵੀ ਸ਼ਾਮਲ ਕੀਤਾ ਗਿਆ। ਅੱਜ ਦੁਨੀਆ ਦੇ 200 ਤੋਂ ਵੀ ਜ਼ਿਆਦਾ ਦੇਸ਼ਾਂ ਵਿੱਚ ਫੁੱਟਬਾਲ ਲੋਕਾਂ ਦੀ ਹਰਮਨ ਪਿਆਰੀ ਖੇਡ ਵਜੋਂ ਸਥਾਪਤ ਹੋ ਚੁੱਕੀ ਹੈ।
25 ਮਈ ਦਾ ਦਿਨ ਹੀ ਕਿਉਂ ਚੁਣਿਆ: 25 ਮਈ ਨੂੰ ਵਿਸ਼ਵ ਫੁੱਟਬਾਲ ਦਿਵਸ ਮਨਾਉਣ ਦਾ ਫੈਸਲਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਪੈਰਿਸ (ਫਰਾਂਸ) ਵਿਖੇ ਆਯੋਜਿਤ ਓਲੰਪਿਕ ਖੇਡਾਂ ਵਿੱਚ 1924 ਨੂੰ ਇਸੇ ਦਿਨ ਹੀ ਅੰਤਰ ਰਾਸ਼ਟਰੀ ਫੁੱਟਬਾਲ ਮੁਕਾਬਲੇ ਆਰੰਭ ਹੋਏ ਸਨ। ਇਹਨਾਂ ਮੁਕਾਬਲਿਆਂ ਵਿੱਚ ਦੁਨੀਆ ਦੇ ਸਾਰੇ ਖੇਤਰਾਂ ਵਿੱਚੋਂ 13 ਦੇਸ਼ਾ ਦੀਆਂ ਟੀਮਾਂ ਨੇ ਭਾਗ ਲਿਆ ਸੀ। ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਇਹਨਾਂ ਖੇਡ ਮੁਕਾਬਲਿਆਂ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਹੀ 25 ਮਈ ਦਾ ਇਹ ਦਿਨ ਵਿਸ਼ਵ ਫੁੱਟਬਾਲ ਦਿਵਸ ਵਜੋਂ ਚੁਣਿਆ ਗਿਆ ਹੈ।
ਫੁੱਟਬਾਲ ਦਿਵਸ ਦਾ ਉਦੇਸ਼: ਫੁੱਟਬਾਲ ਦਿਵਸ ਮਨਾਉਣ ਦਾ ਉਦੇਸ਼ ਫੁੱਟਬਾਲ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਦੁਨੀਆ ਵਿੱਚ ਫੈਲਾਉਣਾ ਅਤੇ ਦੁਨੀਆ ਵਿੱਚ ਆਪਸੀ ਪਿਆਰ, ਮਿਲਵਰਤਨ, ਏਕਤਾ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਕਰਨਾ ਹੈ। ਵੱਖ–ਵੱਖ ਦੇਸ਼ਾਂ ਨੂੰ ਆਪਣੇ ਗਿਲੇ–ਸ਼ਿਕਵੇ ਭੁਲਾ ਕੇ ਇੱਕ ਦੂਸਰੇ ਦੇ ਨੇੜੇ ਲਿਆਉਣ ਤੇ ਵਿਸ਼ਵ ਸ਼ਾਂਤੀ ਦੀ ਸਥਾਪਨਾ ਵਿੱਚ ਫੁੱਟਬਾਲ ਕਾਫੀ ਵੱਡਾ ਰੋਲ ਅਦਾ ਕਰ ਸਕਦੀ ਹੈ।
ਯੂਨੈਸਕੋ ਦੇ ਸਦਭਾਵਨਾ ਰਾਜਦੂਤ ਤੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਦਾ ਮੰਨਣਾ ਹੈ ਕਿ ਫੁੱਟਬਾਲ ਇੱਕੋ–ਇੱਕ ਅਜਿਹੀ ਖੇਡ ਹੈ ਜੋ ਸਭ ਨੂੰ ਇਕੱਠੇ ਕਰਦੀ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਅਮੀਰ ਹੋ, ਗਰੀਬ ਹੋ, ਗੋਰੇ ਹੋ ਜਾਂ ਕਾਲੇ ਹੋ। ਇਹ ਹੀ ਫੁੱਟਬਾਲ ਦੀ ਸੁੰਦਰਤਾ ਹੈ।
ਹਰਜੀਤ ਸਿੰਘ ਜੋਗਾ
-ਮੋਬਾ: 9417830981

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ