Saturday, October 12, 2024  

ਲੇਖ

ਪੰਜਾਬ ’ਚ ਵੱਸੋਂ ਦੇ ਬਦਲਾਅ ’ਤੇ ਗੰਭੀਰ ਚਰਚਾ ਦੀ ਲੋੜ

May 27, 2024

ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਲਈ ਉਮੀਦਵਾਰ ਦੇ ਪੰਜਾਬ ਵਿੱਚ ਗ਼ੈਰ ਪੰਜਾਬੀਆਂ ਦੀ ਆਮਦ ਬਾਰੇ ਦਿੱਤੇ ਗਏ ਬਿਆਨ ਨੇ ਕਾਫ਼ੀ ਵਿਵਾਦ ਖੜਾ ਕੀਤਾ ਹੈ। ਚੋਣਾਂ ਕਾਰਨ ਇਸ ਵੇਲੇ ਅਜਿਹਾ ਮਾਹੌਲ ਹੈ ਕਿ ਵਿਰੋਧੀ ਪਾਰਟੀਆਂ ਕਿਸੇ ਦੇ ਬਿਆਨ ਬਾਰੇ ਵਿਵਾਦ ਖੜਾ ਕਰਕੇ ਉਸਦਾ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ। ਅਜਿਹੇ ਮਾਹੌਲ ਵਿੱਚ ਬਿਆਨ ਦੀ ਮੂਲ ਭਾਵਨਾ ਨੂੰ ਤੋੜ ਮਰੋੜ ਕੇ ਉਸ ਨੂੰ ਅਜਿਹੀ ਰੰਗਤ ਦੇਣ ਦਾ ਯਤਨ ਕੀਤਾ ਜਾਂਦਾ ਹੈ, ਜਿਸ ਨਾਲ ਵਿਰੋਧੀ ਪਾਰਟੀ ਦਾ ਨੁਕਸਾਨ ਅਤੇ ਆਪਣਾ ਫਾਇਦਾ ਹੋ ਸਕੇ। ਜ਼ਾਹਿਰ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਅਜਿਹੇ ਸਮੇਂ ਦਿੱਤਾ ਗਿਆ ਹੈ, ਜਦੋਂ ਕਿਸੇ ਮਸਲੇ ਤੇ ਬਹਿਸ ਦਾ ਮੰਤਵ ਇਹ ਨਿਰਧਾਰਿਤ ਕਰਨਾ ਨਹੀਂ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਨਿਰਧਾਰਿਤ ਕੀਤੇ ਜਾਣ ਸਗੋਂ ਇਹ ਮੰਤਵ ਬਣ ਜਾਂਦਾ ਹੈ ਕਿ ਕਿਸ ਤਰ੍ਹਾਂ ਆਪਣੀਆਂ ਵੋਟਾਂ ਵਧਾਉਣ ਦਾ ਅਤੇ ਵਿਰੋਧੀ ਦੀਆਂ ਵੋਟਾਂ ਘਟਾਉਣ ਦਾ ਯਤਨ ਕੀਤਾ ਜਾਏ, ਅਜਿਹੇ ਮਾਹੌਲ ਵਿੱਚ ਰਾਜਨੀਤਕ ਪਾਰਟੀਆਂ ਤੋਂ ਇਹ ਉਮੀਦ ਨਹੀਂ ਰਹਿੰਦੀ ਕਿ ਉਹ ਨਿਰਪੱਖ ਹੋ ਕੇ ਕਿਸੇ ਮੁੱਦੇ ਤੇ ਵਿਚਾਰ ਜਾਂ ਬਹਿਸ ਕਰਨਗੀਆਂ। ਅਸਲੀ ਮੁੱਦਾ ਤੇਜ਼ੀ ਨਾਲ ਹੋਣ ਵਾਲੇ ਵਸੋਂ ਦੇ ਬਦਲਾਅ ਦਾ ਹੈ, ਪਰੰਤੂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਵੋਟਾਂ ਵਧਾਉਣ ਲਈ ਉਸ ਨੂੰ ਹੋਰ ਵੀ ਰੰਗਤ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਬਿਹਾਰੀਆਂ ਲਈ ਨਫ਼ਰਤ ਦਾ ਮਾਮਲਾ ਕਹਿ ਕੇ ਕਾਂਗਰਸ ਪਾਰਟੀ ਨੂੰ ਭੰਡਣ ਦਾ ਯਤਨ ਕੀਤਾ ਹੈ, ਜਦੋਂ ਕਿ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਬਿਹਾਰੀ ਸ਼ਬਦ ਦੀ ਵਰਤੋਂ ਹੀ ਨਹੀਂ ਕੀਤੀ। ਸਾਨੂੰ ਰਾਜਨੀਤਕ ਪਾਰਟੀਆਂ ਦੀ ਕਿਸੇ ਵੀ ਮਸਲੇ ਤੋਂ ਆਪਣੀਆਂ ਵੋਟਾਂ ਵਧਾਉਣ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਅਸਲੀ ਮੁੱਦੇ ’ਤੇ ਕੇਂਦਰਿਤ ਹੋਣ ਦਾ ਯਤਨ ਕਰਨਾ ਚਾਹੀਦਾ ਹੈ। ਅਸਲੀ ਮੁੱਦਾ ਹੈ ਕਿ ਕੀ ਵਸੋਂ ਦਾ ਤੇਜ਼ੀ ਨਾਲ ਹੋ ਰਿਹਾ ਬਦਲਾਅ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਹੈ ਜਾਂ ਉਨ੍ਹਾਂ ਦੇ ਹਿਤਾਂ ਦੇ ਵਿਰੁੱਧ ਜਾਂਦਾ ਹੈ। ਪੰਜਾਬ ਵਿੱਚ ਗ਼ੈਰ ਪੰਜਾਬੀਆਂ ਦਾ ਆਵਾਸ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ, ਪਰੱਤੂ ਕੀ ਹੁਣ ਹੋ ਰਿਹਾ ਪਰਵਾਸ ਅਤੇ ਆਵਾਸ ਪਹਿਲੇ ਵਰਗਾ ਹੀ ਹੈ ਜਾਂ ਉਸ ਤੋਂ ਬੁਨਿਆਦੀ ਤੌਰ ’ਤੇ ਵੱਖਰਾ ਹੈ। ਪਰਵਾਸ ਅਤੇ ਆਵਾਸ ਮੁੱਖ ਤੌਰ ’ਤੇ ਸਾਮਰਾਜੀ ਹਿੱਤਾਂ ਲਈ ਹੋ ਰਿਹਾ ਹੈ, ਖਾਸ ਕਰਕੇ ਇਹ ਤਬਦੀਲੀ ਹਰੇ ਇਨਕਲਾਬ ਤੋਂ ਬਾਅਦ ਆਈ ਹੈ, ਸਭ ਤੋਂ ਪਹਿਲਾਂ ਤਾਂ ਸਾਨੂੰ ਹਰੇ ਇਨਕਲਾਬ ਦੀ ਸੱਚਾਈ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਹਰਾ ਇਨਕਲਾਬ ਕੋਈ ਇਨਕਲਾਬ ਨਹੀਂ ਸੀ, ਸਗੋਂ ਉਲਟ ਇਨਕਲਾਬ (ਕਾਊਂਟਰ ਰੈਵੋਲਿਊਸ਼ਨ) ਸੀ, ਜਿਸ ਵਿੱਚ ਅਮਰੀਕੀ ਸਾਮਰਾਜ ਨੇ ਪੰਜਾਬ ਦੀ ਅਮੀਰ ਕਿਸਾਨੀ ਨਾਲ ਗੱਠਜੋੜ ਕਰਕੇ ਪੰਜਾਬ ਦੀ ਅਮੀਰ ਕਿਸਾਨੀ ਨੂੰ ਇਕ ਉੱਜਡਵਾਦੀ ਅਤੇ ਘਟੀਆ ਦਰਜੇ ਦੀ ਸਰਮਾਏਦਾਰ ਜਮਾਤ ਵਿੱਚ ਬਦਲ ਦਿੱਤਾ ਜਿਸ ਨੇ ਪੰਜਾਬ ਦੇ ਜੀਵਨ ਦੇ ਹਰ ਪੱਖ ’ਤੇ ਕਬਜ਼ਾ ਕਰ ਲਿਆ ਹੈ। ਹਰੇ ਇਨਕਲਾਬ ਤੋਂ ਬਾਅਦ ਪੰਜਾਬ ਵਿੱਚ ਹੋਣ ਵਾਲਾ ਅਖੌਤੀ ਵਿਕਾਸ ਗ਼ੈਰ ਕੁਦਰਤੀ ਸੀ ਅਤੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਸੀ। ਪੰਜਾਬ ਵਿੱਚ ਗ਼ੈਰ ਪੰਜਾਬੀ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਆਮਦ ਹਰੇ ਇਨਕਲਾਬ ਦੀ ਹੀ ਦੇਣ ਸੀ। ਇਸ ਸਸਤੀ ਮਜ਼ਦੂਰੀ ਨੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਕਿਰਤ ਤੋਂ ਵੇਹਲੇ ਕਰ ਦਿੱਤਾ। ਪੰਜਾਬ ਵਿੱਚ ਸਸਤੇ ਗ਼ੈਰ ਪੰਜਾਬੀ ਮਜ਼ਦੂਰਾਂ ਦੇ ਆਵਾਸ ਨੇ ਪੰਜਾਬ ਵਿਚੋਂ ਵੱਡੇ ਪੱਧਰ ’ਤੇ ਨੌਜਵਾਨਾਂ (ਖਾਸ ਕਰਕੇ ਕਿਸਾਨੀ ਨਾਲ ਸਬੰਧਿਤ) ਨੇ ਪਰਵਾਸ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ। ਅਮਰੀਕੀ ਸਾਮਰਾਜ ਨੇ ਨਾ ਸਿਰਫ ਲੱਖਾਂ ਅਜਿਹੇ ਪੰਜਾਬੀ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਢੰਗਾਂ ਨਾਲ ਅਮਰੀਕਾ ਵਿੱਚ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨ ਲਈ ਪਰਵਾਸ ਕਰਨ ਲਈ ਉਤਸ਼ਾਹਿਤ ਕੀਤਾ ਸਗੋਂ ਆਪਣੇ ਜੂਨੀਅਰ ਸਾਮਰਾਜੀ ਪਾਰਟਨਰ ਕਨੇਡਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਨੂੰ ਉਹ ਕੰਮ ਕਰਨ ਲਈ ਪਰਵਾਸ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਕਨੇਡਾ ਨੂੰ ਉਹ ਕੰਮ ਕਰਨ ਲਈ ਕੰਮ ਸ਼ਕਤੀ ਮਿਲ ਸਕੇ ਜੋ ਕੰਮ ਸਥਾਨਿਕ ਵਸੋਂ ਕਰਨਾ ਨਹੀਂ ਚਾਹੁੰਦੀ। ਪੰਜਾਬ ਵਿੱਚੋਂ ਵੱਡੇ ਪੱਧਰ ’ਤੇ ਪਰਵਾਸ ਨੇ ਵੱਡੇ ਪੱਧਰ ਦੇ ਗ਼ੈਰ ਪੰਜਾਬੀ ਵਸੋਂ ਦੇ ਆਵਾਸ ਲਈ ਜਗ੍ਹਾ ਬਣਾਈ। ਪਰਵਾਸ ਤੇ ਆਵਾਸ ਦੀ ਇਸ ਘੁੰਮਣ ਘੇਰੀ ਵਿੱਚ ਪੰਜਾਬ ਦੀ ਵਸੋਂ ਤੇਜ਼ੀ ਨਾਲ ਬਦਲਣ ਲੱਗੀ। ਵਸੋਂ ਦਾ ਬਦਲਾਅ ਇੰਨੀ ਤੇਜ਼ੀ ਨਾਲ ਹੋ ਰਿਹਾ ਹੈ ਕਿ ਜੇ ਪਰਵਾਸ ਅਤੇ ਆਵਾਸ ਦੇ ਰੁਝਾਨ ਜਾਰੀ ਰਹੇ ਤਾਂ ਕੁੱਝ ਸਮੇਂ ਬਾਅਦ ਪੰਜਾਬ ਵਿੱਚ ਪੰਜਾਬੀ ਵਸੋਂ ਦਾ ਘੱਟ ਗਿਣਤੀ ਹੋ ਜਾਣਾ ਲਗਭਗ ਤੈਅ ਹੈ। ਇਹ ਹੀ ਕੁਦਰਤੀ ਅਤੇ ਸਾਮਰਾਜੀ ਪਰਵਾਸ ਵਿੱਚ ਵੱਡਾ ਫਰਕ ਹੈ। ਕੁਦਰਤੀ ਤਬਦੀਲੀ ਸਹਿਜ ਹੁੰਦੀ ਹੈ, ਜਿਵੇਂ ਕਿ ਪੰਜਾਬ ਵਿੱਚ ਹਜ਼ਾਰਾਂ ਸਾਲਾਂ ਤੋਂ ਹੁੰਦਾ ਆਇਆ ਹੈ। ਗ਼ੈਰ ਪੰਜਾਬੀ ਪੰਜਾਬ ਵਿੱਚ ਆਉਂਦੇ ਰਹੇ ਅਤੇ ਸਹਿਜੇ ਸਹਿਜੇ ਪੰਜਾਬੀਆਂ ਵਿੱਚ ਸਮਾਉਂਦੇ ਰਹੇ। ਪਰੰਤੂ ਹੁਣ ਅਜਿਹਾ ਨਹੀਂ ਹੋਣਾ । ਇੰਨੇ ਥੋੜੇ ਸਮੇਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਗ਼ੈਰ ਪੰਜਾਬੀ, ਪੰਜਾਬੀਆਂ ਵਿੱਚ ਸਮਾਅ ਨਹੀਂ ਸਕਣਗੇ। ਅਜਿਹੀ ਸਥਿਤੀ ਹਿੰਸਕ ਟੱਕਰਾਅ ਪੈਦਾ ਕਰ ਸਕਦੀ ਹੈ। ਕੁੱਝ ਸਮਾਂ ਪਹਿਲਾਂ ਆਸਾਮ ਵਿੱਚ ਅਜਿਹੀ ਸਥਿਤੀ ਨੇ ਵੱਡੇ ਪੱਧਰ ਦਾ ਹਿੰਸਕ ਟਕਰਾਅ ਪੈਦਾ ਕਰ ਦਿੱਤਾ ਸੀ, ਜਦੋਂ ਅਸਾਮ ਦੇ ਲੋਕਾਂ ਨੂੰ ਲੱਗਾ ਕਿ ਵੱਡੀ ਪੱਧਰ ’ਤੇ ਗ਼ੈਰ ਅਸਾਮੀ ਵਸੋਂ ਦਾ ਆਵਾਸ ਉਨ੍ਹਾਂ ਨੂੰ ਅਸਾਮ ਵਿੱਚ ਹੀ ਘੱਟ ਗਿਣਤੀ ਬਣਾ ਦਏਗਾ। ਅੱਜ ਸਿਰਫ਼ ਪੰਜਾਬ ਹੀ ਨਹੀਂ ਲਗਭਗ ਸਾਰੇ ਸੰਸਾਰ ਵਿੱਚ ਪਰਵਾਸ ਮੁੱਖ ਤੌਰ ’ਤੇ ਸਰਮਾਏਦਾਰੀ ਦੇ ਮੁਨਾਫ਼ੇ ਨੂੰ ਵਧਾਉਣ ਦੇ ਮੰਤਵ ਨਾਲ ਹੋ ਰਿਹਾ ਹੈ। ਸਰਮਾਏਦਾਰੀ ਲਈ ਸਿਰਫ਼ ਅਤੇ ਸਿਰਫ਼ ਮੁਨਾਫਾ ਹੀ ਜ਼ਰੂਰੀ ਹੈ। ਪਰਵਾਸ ਵੀ ਮੁਨਾਫਾ ਵਧਾਉਣ ਲਈ ਹੋ ਰਿਹਾ ਹੈ। ਪਹਿਲਾਂ ਪਰਵਾਸ ਮੁੱਖ ਤੌਰ ’ਤੇ ਕੁਦਰਤੀ ਕਿਹਾ ਜਾ ਸਕਦਾ ਹੈ ਜੋ ਲੋਕਾਂ ਦੀਆਂ ਲੋੜਾਂ ਤੇ ਅਧਾਰਿਤ ਸੀ ਪਰੰਤੂ ਹੁਣ ਪਰਵਾਸ ਸਰਮਾਏਦਾਰੀ ਦੀ ਖਾਹਿਸ਼ਾਂ ਨੂੰ ਪੂਰੀਆਂ ਕਰਨ ਦੀ ਭਾਵਨਾ ਹੇਠ ਹੋ ਰਿਹਾ ਹੈ। ਇਸ ਵਿੱਚ ਪਰਵਾਸ ਦੇ ਮਨੁੱਖੀ ਪ੍ਰਭਾਵ ਜਿਵੇਂ ਸਮਾਜ, ਪਰਿਵਾਰ, ਸਭਿਆਚਾਰ, ਨੈਤਿਕਤਾ ਅਤੇ ਮਾਨਸਿਕਤਾ ’ਤੇ ਪੈਣ ਵਾਲੇ ਪ੍ਰਭਾਵਾਂ, ਨੂੰ ਲਗਪਗ ਪੂਰੀ ਤਰ੍ਹਾ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਅਤੇ ਇਹ ਨਿਰੋਲ ਹਿੰਦਸਿਘਾਂ (ਨੰਬਰਸ) ਦੀ ਖੇਡ ਬਣ ਜਾਂਦਾ ਹੈ। ਪਰਵਾਸ ਦੇ ਮਾੜੇ ਪ੍ਰਭਾਵ ਹੁਣ ਸੰਸਾਰ ਭਰ ਵਿੱਚ ਦੇਖੇ ਜਾ ਸਕਦੇ ਹਨ। ਯੂਰਪ,ਅਮਰੀਕਾ ਅਤੇ ਕੈਨੇਡਾ ਵਿੱਚ ਹੁਣ ਸਥਾਨਿਕ ਵਸੋਂ ਦੀ ਵੱਡੀ ਬਹੁਗਿਣਤੀ ਪਰਵਾਸ ਕਾਰਨ ਨਿਰਾਸ਼ ਅਤੇ ਚਿੰਤਤ ਹੋ ਰਹੀ ਹੈ। ਯੂਰਪ ਦੇ ਵਿੱਚ ਕਈ ਦੇਸ਼ਾਂ ਵਿੱਚ ਉਹ ਪਾਰਟੀਆਂ ਜਿੱਤ ਰਹੀਆਂ ਹਨ ਜੋ ਪਰਵਾਸ ਵਿਰੁੱਧ ਸਟੈਂਡ ਲੈ ਰਹੀਆਂ ਹਨ। ਅਮਰੀਕਾ ਵਿੱਚ ਪ੍ਰਧਾਨ ਬਾਈਡਨ ਦੀ ਗ਼ੈਰ ਕਾਨੂੰਨੀ ਪਰਵਾਸ ਨੂੰ ਵੱਡੇ ਪੱਧਰ ’ਤੇ ਉਤਸਾਹਿਤ ਕਰਨ ਦੀ ਨੀਤੀ ਦੇ ਵਿਰੋਧ ਕਾਰਨ ਹੀ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਕੈਨੇਡਾ ਵਿੱਚ ਵੀ ਪ੍ਰਧਾਨ ਮੰਤਰੀ ਟਰੂਡੋ ਦੀ ਪਰਵਾਸ ਨੂੰ ਉਤਸਾਹਿਤ ਕਰਨ ਦੀ ਨੀਤੀ ਦੇ ਵਿਰੁੱਧ ਸਥਾਨਿਕ ਗੋਰੀ ਵਸੋਂ ਵਿੱਚ ਤਿੱਖੀ ਭਾਵਨਾ ਪੈਦਾ ਹੋ ਰਹੀ ਹੈ। ਯੂਰਪ ਵਿੱਚ ਤਾਂ ਪਰਵਾਸ ਕਾਰਨ ਘਰੇਲੂ ਯੁੱਧ ਦੀ ਸੰਭਾਵਨਾ ਬਾਰੇ ਵੀ ਗੱਲ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਅਤੇ ਪੰਜਾਬੀਆਂ ਲਈ ਪਰਵਾਸ ਅਤੇ ਆਵਾਸ ਦਾ ਮੁੱਦਾ ਬਹੁਤ ਗੰਭੀਰ ਬਣ ਰਿਹਾ ਹੈ। ਪੰਜਾਬੀਆਂ ਨੂੰ ਪੰਜਾਬ ਵਿੱਚ ਤੇਜ਼ੀ ਨਾਲ ਹੋ ਰਹੇ ਵਸੋਂ ਨੇ ਬਦਲਾਅ ਬਾਰੇ ਗੰਭੀਰ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਨਾ ਸਿਰਫ਼ ਪੰਜਾਬ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਲਈ ਪੰਜਾਬ ਵਿੱਚ ਵਸੋਂ ਦਾ ਤੇਜ਼ੀ ਨਾਲ ਹੋ ਰਿਹਾ ਬਦਲਾਅ ਇਕ ਮਹੱਤਵਪੂਰਨ ਅਤੇ ਚਿੰਤਾ ਵਾਲਾ ਵਿਸ਼ਾ ਬਣਿਆ ਹੋਇਆ ਹੈ। ਇਸ ਲਈ ਵੀ ਵਸੋਂ ਦੇ ਬਦਲਾਅ ਬਾਰੇ ਵਿਸ਼ਲੇਸ਼ਵਾਤਮਿਕ ਵਿਚਾਰ ਹੋਣਾ ਜ਼ਰੂਰੀ ਹੈ। ਇਸ ਵਿਚਾਰ ਚਰਚਾ ’ਚ ਬਹੁਤ ਸਾਰੇ ਅਜਿਹੇ ਨਿਸ਼ਰਕਸ਼ ਸਾਹਮਣੇ ਆ ਸਕਦੇ ਹਨ ਜੋ ਵਸੋਂ ਦੇ ਬਦਲਾਅ ਦੇ ਵਰਤਾਰੇ ਬਾਰੇ ਸਾਡੀ ਸੋਚ ਨੂੰ ਸਪਸ਼ਟਤਾ ਪ੍ਰਦਾਨ ਕਰ ਸਕਦੇ ਹਨ।
ਡਾ. ਸਵਰਾਜ ਸਿੰਘ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ