Saturday, October 12, 2024  

ਲੇਖ

ਬੁਰਾ ਹਾਲ ਹੋਇਆ ਪੰਜਾਬ ਦਾ!

May 27, 2024

ਪੰਜਾਬ, ਭਾਰਤਵਰਸ਼ ਵਿੱਚ ਐਸੀ ਥਾਂ ’ਤੇ ਸਥਿਤ ਹੈ ਜਿੱਥੇ ਸਭਿਆਚਾਰਕ ਰੂਪਾਂਤਰਣ ਦੀ ਰਫ਼ਤਾਰ ਬਹੁਤ ਤੇਜ਼ ਹੈ। ਇਹ ਰਫ਼ਤਾਰ ਨੈਤਿਕ ਕਦਰਾਂ-ਕੀਮਤਾਂ ਅਤੇ ਜੀਵਨ-ਮੁੱਲਾਂ ਨੂੰ ਸੰਭਾਲਣ ਅਤੇ ਉਸਰਨ-ਵਿਗਸਣ ਨਹੀਂ ਦਿੰਦੀ। ਸਿੱਟੇ ਵਜੋਂ ਇੱਥੇ ਹਰ ਪ੍ਰਕਾਰ ਦੀ ਅਰਾਜਕਤਾ ਫੈਲੀ ਰਹਿੰਦੀ ਹੈ। ਇਹ ਪ੍ਰਦੇਸ਼ ਭਾਰਤ ਦਾ ਪ੍ਰਵੇਸ਼ ਦੁਆਰ ਹੈ। ਆਰੀਆ ਲੋਕਾਂ ਤੋਂ ਲੈ ਕੇ ਮੁਗ਼ਲਾਂ ਤੱਕ ਬਾਹਰਲੀਆਂ ਕੌਮਾਂ ਦੇ ਸਾਰੇ ਲੋਕ ਪੰਜਾਬ ਵਿੱਚੋਂ ਦੀ ਗੁਜ਼ਰ ਕੇ ਹੀ ਭਾਰਤ ’ਤੇ ਕਾਬਜ਼ ਹੋਏ ਪਰ ਸਿਆਣੇ ਅਤੇ ਦੂਰਅੰਦੇਸ਼ ਲੋਕ ਇੱਥੇ ਰੁਕੇ ਨਾ ਬਲਕਿ ਇੱਥੋਂ ਲੰਘ ਕੇ ਦਿੱਲੀ, ਯੂਪੀ, ਬਿਹਾਰ ਅਤੇ ਬੰਗਾਲ ਤੱਕ ਜਾ ਪਹੁੰਚੇ। ਕੁਝ ਹੋਰ ਦੂਰ, ਦੱਖਣ ਤੱਕ ਵੀ ਜਾ ਪਹੁੰਚੇ ਅਤੇ ਉਧਰ ਜਾ ਕੇ ਵੱਡੀਆਂ-ਵੱਡੀਆਂ ਰਿਆਸਤਾਂ ਕਾਇਮ ਕਰ ਲਈਆਂ। ਪੰਜਾਬ ਤੋਂ ਅੱਗੇ ਲੰਘੀਆਂ ਕੌਮਾਂ ਨੇ ਵੱਡੇ-ਵੱਡੇ ਮੰਦਰ, ਕਿਲ੍ਹੇ ਅਤੇ ਸ਼ਾਹੀ-ਮਹਿਲ ਬਣਾ ਲਏ ਪਰ ਪੰਜਾਬ ਵਿੱਚ ਐਡੇ ਵੱਡੇ ਪੈਮਾਨੇ ਤੇ ਕੋਈ ਭਵਨ ਜਾਂ ਇਮਾਰਤ ਨਾ ਉਸਰ ਸਕੀ। ਪੰਜਾਬੀ ਲੋਕ ਨਾਬਰ ਹੋਣ ਦੇ ਕਾਰਨ ਢਾਹੁਣ-ਡੇਗਣ ਵਿੱਚ ਵਿਸ਼ਵਾਸ ਰੱਖਦੇ ਹਨ। ਉਸਾਰਨ-ਬਣਾਉਣ ਵਿੱਚ ਨਹੀਂ। ਪੰਜਾਬੀਆਂ ਦੇ ਅਜਿਹੇ ਚਰਿੱਤਰ ਦਾ ਮਨੋਵਿਗਿਆਨਕ ਅਧਿਐਨ ਕਰਨ ਦੀ ਜ਼ਰੂਰਤ ਹੈ।
ਬਾਬਾ ਬੁੱਲ੍ਹੇ ਸ਼ਾਹ ਨੇ ਅਠਾਰਵੀਂ ਸਦੀ ਦੇ ਅੰਤ ਵਿੱਚ ਫੁਰਮਾਇਆ ਸੀ : ‘ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ। ਬੁਰਾ ਹਾਲ ਹੋਇਆ ਪੰਜਾਬ ਦਾ। ਭੂਰਿਆਂ ਵਾਲੇ ਰਾਜੇ ਕੀਤੇ। ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।’ ਇਨ੍ਹਾਂ ਪੰਕਤੀਆਂ ਦੇ ਆਧਾਰ ’ਤੇ ਸਾਡੇ ਕੁਝ ਵਿਦਵਾਨ ਬਾਬਾ ਬੁੱਲ੍ਹੇ ਸ਼ਾਹ ਨੁੰ ਪ੍ਰਤੀਗਾਮੀ-ਚਿੰਤਕ ਕਹਿ ਦਿੰਦੇ ਹਨ ਪਰ ਸੱਚ ਇਹ ਹੈ ਕਿ ਬੁੱਲ੍ਹੇ ਸ਼ਾਹ ਹਕੀਕਤ ਬਿਆਨ ਕਰ ਰਿਹਾ ਹੈ। ਭੂਰਿਆਂ ਵਾਲਿਆਂ ਨੇ ਮੁਗ਼ਲ ਹਾਕਮਾਂ ਨੂੰ ਹਰਾ ਤਾਂ ਜ਼ਰੂਰ ਦਿੱਤਾ ਸੀ ਪਰ ਉਨ੍ਹਾਂ ਨੂੰ ਰਾਜ ਕਰਨਾ ਨਹੀਂ ਆਇਆ। ਅਠਾਰਵੀਂ ਸਦੀ ਦੀ ਤਾਂ ਕੀ ਗੱਲ ਕਰਨੀ ਹੋਈ, ਅਜੇ ਤੱਕ ਨਹੀਂ ਆਇਆ! ਪੰਜਾਬ ਦੇ ਕੋਲ ਆਪਣੀ ਕਿੜ ਕੱਢਣ ਲਈ ਰਾਜਨੀਤੀ ਦਾ ਪਾਠ ਪੜ੍ਹਨ ਦੀ ਹਦਾਇਤ ਨਹੀਂ ਕਰਦੇ। ਇਹੀ ਕਾਰਨ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਪਿੱਛੇ ਤੋਂ ਪਿੱਛੇ ਵੱਲ ਜਾ ਰਿਹਾ ਹੈ। ਇਸ ਪ੍ਰਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ, ਧੱਕੇਸ਼ਾਹੀ, ਰਿਸ਼ਵਤਖੋਰੀ ਅਤੇ ਗੁੰਡਾਗਰਦੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਕਿਸੇ ਕਦਰ-ਕੀਮਤ ਜਾਂ ਸਿਧਾਂਤ ਨੂੰ ਨਹੀਂ ਮੰਨਦੇ। ਇਨ੍ਹਾਂ ਨੂੰ ਕਦਰਾਂ, ਕੀਮਤਾਂ ਅਤੇ ਸਿਧਾਂਤ ਤੋੜ ਕੇ ਖ਼ੁਸ਼ੀ ਮਿਲਦੀ ਹੈ। ਆਜ਼ਾਦੀ ਮਿਲਣ ਉਪਰੰਤ ਇਹ ਲੋਕ ਉੱਕਾ ਹੀ ਬੁੱਧ ਮਤ ਖੋ ਬੈਠੇ ਹਨ। ਹਰਾ ਇਨਕਲਾਬ ਆਉਣ ਨਾਲ ਫ਼ਸਲਾਂ ਦਾ ਉਤਾਪਦਨ ਵਧਿਆ ਤਾਂ ਇਨ੍ਹਾਂ ਨੇ ਸਾਰੇ ਸਿਧਾਂਤਾਂ ਅਤੇ ਸਿਆਣਪਾਂ ਨੂੰ ਤਿਲਾਂਜ਼ਲੀ ਦੇ ਦਿੱਤੀ। ਕੀਟਨਾਸ਼ਕ ਅਤੇ ਨਦੀਨ-ਨਾਸ਼ਕ ਦਵਾਈਆਂ ਦਾ ਅੰਨੇ੍ਹਵਾਹ ਪ੍ਰਯੋਗ ਕਰਕੇ ਧਰਤੀ ਮਾਂ ਦੀ ਕੁੱਖ ਨੂੰ ਹੀ ਬੰਜਰ ਬਣਾ ਦਿੱਤਾ। ਫੇਰ ਵੱਧ ਹੋਰ ਕੱਦੂਆਂ, ਖ਼ਰਬੂਜ਼ਿਆਂ ਅਤੇ ਪੇਠਿਆਂ ਤੱਕ ਦੇ ਟੀਕੇ ਲਾ ਕੇ ਉਨ੍ਹਾਂ ਦੀ ਉਪਜ ਵਧਾਉਣ ਤੋਂ ਗੁਰੇਜ਼ ਨਹੀਂ ਕੀਤਾ। ਅੱਜ ਸਥਿਤੀ ਇਹ ਹੈ ਕਿ ਪੰਜਾਬ ਦੀ ਹਰ ਫ਼ਸਲ ਜ਼ਹਿਰੀਲੀ ਅਤੇ ਖ਼ਤਰਨਾਕ ਹੈ। ਇਨ੍ਹਾਂ ਨੂੰ ਖਾਣ ਵਾਲੇ ਲੋਕ ਕੈਂਸਰ ਅਤੇ ਹੋਰ ਅਸਾਧ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ।
ਇੱਥੇ ਜ਼ਮੀਨ ਦੇ ਨਾਲ-ਨਾਲ ਹਵਾ ਅਤੇ ਪਾਣੀ ਵੀ ਪ੍ਰਦੂਸ਼ਣ ਮੁਕਤ ਨਹੀਂ ਰਹੇ। ਖੇਤੀਬਾੜੀ ’ਤੇ ਕੀਤੇ ਰਸਾਇਣਕ ਛਿੜਕਾਅ ਦੇ ਕਾਰਨ ਪੂਰਾ ਵਾਤਾਵਰਣ ਜ਼ਹਿਰੀਲਾ ਹੋ ਗਿਆ ਹੈ। ਸਾਡੇ ਬੱਚੇ ਸਾਹ ਦੀਆਂ ਬੀਮਾਰੀਆਂ ਲੈ ਕੇ ਪੈਦਾ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਮਰ ਮੁੱਕ ਜਾਂਦੇ ਹਨ। ਸਵਾਰਥੀ ਮਨੁੱਖਾਂ ਨੇ ਆਪਣੀਆਂ ਫੈਕਟਰੀਆਂ ਨਦੀਆਂ ਅਤੇ ਜਲ ਕੁੰਡਾਂ ਦੇ ਕਿਨਾਰਿਆਂ ’ਤੇ ਸਥਾਪਿਤ ਕਰ ਰੱਖੀਆਂ ਹਨ। ਇਨ੍ਹਾਂ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਪਾਣੀ ਤੇਜ਼ਾਬੀ ਹੁੰਦਾ ਅਤੇ ਪੂਰੀ ਦੀ ਪੂਰੀ ਨਦੀ ਨੂੰ ਹੀ ਜ਼ਹਿਰੀਲਾ ਬਣਾਈ ਜਾਂਦਾ ਹੈ। ਕਿਸਾਨ ਭਰਾ ਝੋਨੇ ਅਤੇ ਕਣਕ ਦੀ ਫ਼ਸਲ ਨੂੰ ਕੱਟਣ ਉਪਰੰਤ ਫ਼ਸਲਾਂ ਵਿੱਚ ਖੜ੍ਹੇ ਨਾੜ ਤੋਂ ਤੂੜੀ ਵਗੈਰਾ ਬਣਾਉਣ ਦੀ ਬਜਾਏ ਉਸ ਨੂੰ ਅਗਨਭੇਟ ਕਰ ਕੇ ਫਸਤਾ ਵੱਢ ਦਿੰਦੇ ਹਨ। ਖੇਤਾਂ ਵਿੱਚੋਂ ਉਠਣ ਵਾਲਾ ਜ਼ਹਿਰੀਲਾ ਧੂੰਆਂ ਮਹੀਨਾ-ਮਹੀਨਾ ਆਕਾਸ਼ ’ਤੇ ਛਾਇਆ ਰਹਿੰਦਾ ਹੈ। ਵਾਤਾਵਰਣ ਵਿੱਚ ਆਕਸੀਜਨ ਦੀ ਘਾਟ ਹੋ ਜਾਣ ਦੇ ਕਾਰਨ ਬੱਚੇ ਤੇ ਬੁੱਢੇ ਸਾਹ ਤੱਕ ਨਹੀਂ ਲੈ ਸਕਦੇ। ਪੂਰੇ ਦਾ ਪੂਰਾ ਦੇਸ਼ ਰੋਗੀ ਹੋ ਜਾਂਦਾ ਹੈ ਪਰ ਸਾਡੇ ਕਿਸਾਨਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਨਾਅਹਿਲ ਸਰਕਾਰਾਂ ਨੂੰ ਸਜ਼ਾ ਦੇਣ ਦਾ ਕਿਸਾਨ ਵੀਰਾਂ ਨੇ ਅਨੋਖਾ ਰਾਹ ਕੱਢ ਲਿਆ ਹੈ।
ਵਿਸ਼ੈਲੇ ਵਾਤਾਵਰਣ ਦੇ ਕਾਰਨ ਪੰਜਾਬ ਵਾਸੀਆਂ ਦੇ ਸਰੀਰ ਰੋਗੀ ਹੋ ਰਹੇ ਹਨ ਅਤੇ ਵਿਸ਼ੈਲੀ ਸੋਚ ਨੇ ਸਾਡੇ ਮਨਾਂ ਅਤੇ ਰੂਹ ਨੂੰ ਵਿਕ੍ਰਿਤ ਕਰ ਦਿੱਤਾ ਹੈ। ਗਾਲੀ ਗਲੋਚ ਅਤੇ ਅਪਮਾਨਜਨਕ ਭੱਦੀ ਭਾਸ਼ਾ ਬੋਲਣ ਵਿੱਚ ਪੰਜਾਬੀਆਂ ਨੇ ਨਵੇਂ ਕੀਰਤੀਮਾਨ ਸਥਾਪਿਤ ਕਰ ਦਿੱਤੇ ਹਨ। ਘਰਾਂ-ਪਰਿਵਾਰਾਂ ਵਿੱਚ, ਸੱਥਾਂ-ਚੌਰਾਹਿਆਂ ਅਤੇ ਸਕੂਲਾਂ-ਦਫ਼ਤਰਾਂ ਵਿੱਚ ਹਰ ਕੋਈ ਰੁੱਖੀ, ਖਰ੍ਹਵੀ ਅਤੇ ਅਪੱਤੀ-ਜਨਕ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਹੈ। ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਜਿੱਥੇ ਮਾਨਵੀ ਅਧਿਕਾਰਾਂ ਅਤੇ ਸੰਵਿਧਾਨ ਦੀ ਰਾਖੀ ਹੋਣੀ ਚਾਹੀਦੀ ਸੀ, ਉਥੇ ਵੀ ਗਾਲੀ ਗਲੋਚ ਆਮ ਹੈ। ਇਹੋ ਜਿਹੇ ਘਿਨਾਉਣੇ ਅਤੇ ਵਿਸ਼ੈਲੇ ਵਾਤਾਵਰਣ ਵਿੱਚ ਕੋਈ ਮਨੁੱਖ ਸਵਸਥ ਅਤੇ ਨਿਰੋਗੀ ਕਿਵੇਂ ਰਹਿ ਸਕਦਾ ਹੈ? ਉਸ ਦਾ ਮਨ ਅਤੇ ਰੂਹ ਧੁਆਂਖੀ ਨਹੀਂ ਜਾਵੇਗੀ?
ਰਾਜਨੀਤੀ ਦੇ ਗਲਿਆਰਿਆਂ ਵਿੱਚ ‘‘ਤੂੰ-ਤੂੰ, ਮੈਂ-ਮੈਂ’’ ਸ਼ੋਭਾ ਨਹੀਂ ਦਿੰਦੀ। ਜਿਹੜੇ ‘ਵਿਸ਼ਿਸ਼ਟ’ ਲੋਕਾਂ ਨੂੰ ਸਾਡੇ ਵੋਟਰ ਆਪਣੇ ਪ੍ਰਤੀਨਿਧ ਚੁਣ ਕੇ ਵਿਧਾਨ ਸਭਾਵਾਂ ਜਾਂ ਸੰਸਦ ਵਿੱਚ ਭੇਜਦੇ ਹਨ, ਉਹ ਉਨ੍ਹਾਂ ਪਾਸੋਂ ਸੱਭਯ ਅਤੇ ਸ਼ਿਸ਼ਟ ਵਿਹਾਰ ਦੀ ਤਵੌਕੋ ਕਰਦੇ ਹਨ ਪ੍ਰੰਤੂ ਜਾਡੇ ਐਮਐਲਏ-ਐਮਪੀ ਆਪਣੇ ਵਿਰੋਧੀਆਂ ਲਈ ਬਹੁਤ ਅਪਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ ਜਿਸ ਦੇ ਜਵਾਬ ’ਚ ਵਿਰੋਧੀ ਰਾਜਨੇਤਾ ਵੀ ਓਨੀ ਹੀ ਭੈੜੀ ਅਤੇ ਭੱਦੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਇਹੋ ਜਿਹੈ ਦ੍ਰਿਸ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੇ ਹਨ, ਜਿਸ ਸਕਦਾ ਪਰਸਪਰ ਗੁਫ਼ਤਗੂ ਦਾ ਇਹ ਘਟੀਆ ਰੂਪ ਜਨਮਾਨਸ ਦੇ ਹਿਰਦੇ ਉਪਰ ਅੰਕਿਤ ਹੋ ਜਾਂਦਾ ਹੈ। ਅੱਗੋਂ ਲੋਕ ਵੀ ਆਪਣੀ ਬੋਲਚਾਲ ਵਿੱਚ ਇਹੋ ਜਿਹੀ ਭਾਸ਼ਾ ਦਾ ਪ੍ਰਯੋਗ ਕਰਨ ਲੱਗ ਪੈਂਦੇ ਹਨ।
ਸੋਸ਼ਲ ਮੀਡੀਆ ਨੂੰ ਪ੍ਰਭਾਵਸ਼ਾਲੀ ਹਥਿਆਰ ਦੇ ਰੂਪ ਵਿੱਚ ਵਰਤਦੇ ਹੋਏ ਜਦੋਂ ਆਮ ਲੋਕ ਕਿਸੇ ਰਾਜਨੀਤਕ ਵਿਅਕਤੀ ਜਾਂ ਸੰਦਰਭ ਬਾਰੇ ਕੋਈ ਪੋਸਟ ਪਾਉਂਦੇ ਹਨ ਤਾਂ ਟਿੱਪਣੀਆਂ ਦਾ ਹੜ੍ਹ ਆ ਜਾਂਦਾ ਹੈ। ਹਰ ਕੋਈ ਵੱਧ ਤੋਂ ਵੱਧ ਗੰਦ ਬਕਦਾ ਹੈ। ਗਾਲੀ ਗਲੋਚ ਅਤੇ ਅਸ਼ਲੀਲ ਸ਼ਬਦਾਵਲੀ ਨੂੰ ਵਰਤਣ ਤੋਂ ਕੋਈ ਵੀ ਧਿਰ ਸੰਕੋਚ ਨਹੀਂ ਕਰਦੀ। ਹਮਾਮ ਵਿੱਚ ਹਰ ਕੋਈ ਵੱਧ ਤੋਂ ਵੱਧ ਨੰਗਾ ਹੋਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਵਾਤਾਵਰਣ ਤੋਂ ਘਬਰਾ ਕੇ ਬਹੁਤ ਲੋਕਾਂ ਨੇ ਆਪਣੇ ਫੇਸਬੁੱਕ ਅਕਾਊਂਟ ਜਾਂ ਤਾਂ ਬੰਦ ਕਰ ਰੱਖੇ ਹਨ ਅਤੇ ਜਾਂ ਉਹ ਇਸ ਦਾ ਪ੍ਰਯੋਗ ਨਹੀਂ ਕਰਦੇ। ਚਾਹੀਦਾ ਤਾਂ ਇਹ ਸੀ ਕਿ ਸ਼ਿਸ਼ਟ ਅਤੇ ਸੱਭਯ ਭਾਸ਼ਾਂ ਵਿੱਚ ਆਪਣੀ ਰਾਏ ਪੇਸ਼ ਕੀਤੀ ਜਾਂਦੀ ਤਾਂ ਜੋ ਕੋਈ ਸਾਰਥਿਕ ਸੰਵਾਦ ਹੋ ਸਕੇ ਪ੍ਰੰਤੂ ਪੰਜਾਬੀ ਲੋਕ ਆਪਣੀ ਹਉਮੈ ਵਿੱਚ ਗ਼ਲਤਾਨ ਹੋ ਕੇ ਹਰ ਅਥਾਰਿਟੀ ਦੀ ਪਗੜੀ ਉਛਾਲਣ ਲਈ ਤਤਪਰ ਹੋ ਜਾਂਦੇ ਹਨ। ਅਜਿਹਾ ਮਾਹੌਲ ਮਾਨਵਤਾ ਨੂੰ ਸ਼ਰਮਸਾਰ ਕਰ ਦਿੰਦਾ ਹੈ। ਸਾਨੁੰ ਸਭ ਨੂੰ ਪ੍ਰਤਿਗਿਆ ਕਰ ਕੇ ਗਾਲੀ ਗਲੋਚ ਵਾਲੀ ਭਾਸ਼ਾ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਦੇ ਸਭਿਆਚਾਰ ਨੂੰ ਸੁੱਚਾ ਬਣਾਉਣ ਦੀ ਜ਼ਰੂਰਤ ਹੈ। ਲੁੱਚਪੁਣੇ ਤੋਂ ਆਖਰ ਅਸੀਂ ਕੀ ਖੱਟਾਂਗੇ?
-ਬ੍ਰਹਮਜਗਦੀਸ਼ ਸਿੰਘ
-ਮੋਬਾ : 98760-52136

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ