Saturday, July 27, 2024  

ਲੇਖ

ਸਹਿਜ ਵਿੱਚ ਹੀ ਜੀਵਨ ਦਾ ਆਨੰਦ

May 27, 2024

ਜੀਵਨ ਪਰਮਾਤਮਾ ਦੀ ਅਨਮੋਲ ਦਾਤ ਹੈ । ਮਨੁੱਖੀ ਜੀਵਨ ਅਨਮੋਲ ਦੇ ਨਾਲ ਹੀ ਦੁਰਲੱਭ ਵੀ ਹੈ । ਸਭ ਤੋਂ ਸ੍ਰੇਸ਼ਟ ਤਨ , ਤਨ ਅੰਦਰ ਸੋਚ , ਸਮਝ ਦੀ ਸਮਰਥਾ , ਸਾਰੇ ਜੀਵਾਂ ’ਚੋਂ ਕੇਵਲ ਮਨੁੱਖ ਦੇ ਹਿੱਸੇ ਆਈ ਹੈ । ਮਨੁੱਖੀ ਜੀਵਨ ਲਈ ਕਿਸੇ ਜੀਵ ਦੀ ਚੋਣ ਉਸ ਦੇ ਵੱਡੇ ਭਾਗਾਂ ਦਾ ਪ੍ਰਤੀਕ ਹੈ । ਇਹ ਪੂਰਨ ਆਨੰਦ ਦਾ ਅਵਸਰ ਹੈ ਕਿਉਂਕਿ ਪਰਮਾਤਮਾ ਨੇ ਖ਼ਾਸ ਕਿਰਪਾ ਕਰ ਕੇ ਬਖਸ਼ਿਆ ਹੈ । ਪਰ ਇਸ ਆਨੰਦ ਦਾ ਅਨੁਭਵ ਕਿਉਂ ਨਹੀਂ ਹੁੰਦਾ । ਸੰਸਾਰ ਅੰਦਰ ਕੋਈ ਵਿਰਲਾ ਹੀ ਹੋਵੇਗਾ ਜੋ ਪੂਰਨ ਸੁਖੀ ਹੋਵੇ । ਹਰ ਮਨੁੱਖ ਕਿਸੇ ਨ ਕਿਸੇ ਪੱਖੋਂ ਦੁਖੀ ਹੈ । ਸਾਰਿਆਂ ਦੇ ਦੁੱਖ ਦੇ ਆਪੋ ਆਪਣੇ ਕਾਰਨ ਹਨ । ਕਾਰਨ ਭਿੰਨ ਭਿੰਨ ਹੋ ਸਕਦੇ ਹਨ ਪਰ ਇੱਕ ਸਮਾਨਤਾ ਹੈ ਕਿ ਸਾਰੇ ਦੁੱਖੀ ਹਨ ਤੇ ਆਪਣੇ ਹਾਲਾਤ ਬਦਲਣਾ ਚਾਹੁੰਦੇ ਹਨ । ਦੁੱਖ ਦਾ ਅਨੁਭਵ ਮਨ ਕਰਦਾ ਹੈ । ਦੁੱਖ ਦਾ ਮੂਲ ਮਨ ਅੰਦਰ ਹੀ ਹੈ ।
ਦੁੱਖ ਦਾ ਸਬੰਧ ਦਰਅਸਲ ਮਨ ਨਾਲ ਹੀ ਹੈ । ਮਨ ਦੁੱਖ ਮਹਿਸੂਸ ਹੀ ਨਹੀਂ ਕਰਦਾ, ਦੁੱਖ ਦਾ ਜਨਕ ਵੀ ਹੈ । ਹਰ ਮਨੁੱਖ ਦੇ ਮਨ ਅੰਦਰ ਕੋਈ ਨ ਕੋਈ ਤੂਫਾਨ ਚੱਲ ਰਿਹਾ ਹੈ । ਕਿਸੇ ਨੂੰ ਕੁਝ ਚਾਹੀਦੇ ਕਿਸੇ ਨੂੰ ਕੁਝ । ਇਹ ਮੰਗ ਲਾਲਸਾ ਤੋਂ ਜਨਮ ਲੈਂਦੀ ਹੈ । ਅੱਜ ਦੇ ਪਦਾਰਥਵਾਦੀ ਯੁਗ ਵਿੱਚ ਬੇਹਿਸਾਬ ਸਮਾਨ ਬਾਜਾਰ ਅੰਦਰ ਮੌਜੂਦ ਹੈ ਜਿਸ ਨੂੰ ਵੇਚਨ ਲਈ ਨਕਲੀ ਲੋੜਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ । ਮਨੁੱਖ ਉਸ ਨਕਲੀ ਲੋੜ ਦੀ ਪੂਰਤੀ ਲਈ ਖ਼ਾਸ ਤੌਰ ’ਤੇ ਵਿਆਕੁਲ ਹੋ ਉੱਠਦਾ ਹੈ ਜਦੋਂ ਆਪਣੇ ਗੁਆਂਢੀ , ਮਿੱਤਰ , ਸਬੰਧੀ ਜਾਂ ਕਿਸੇ ਹੋਰ ਜਾਣ ਪਛਾਣ ਵਾਲੇ ਕੋਲ ਕੋਈ ਪਦਾਰਥ ਵੇਖ ਲੈਂਦਾ ਹੈ । ਮਨ ਅੰਦਰ ਕਿਉਂਕਿ ਈਰਖਾ ਹੈ , ਸ਼ਰੀਕੇ ਵਾਲੀ ਹੋੜ ਦੀ ਭਾਵਨਾ ਹੈ , ਦੂਜੇ ਦੀ ਲੋੜ ਨੂੰ ਉਹ ਆਪਣੀ ਲੋੜ ਬਣਾ ਲੈਂਦਾ ਹੈ । ਮਾਇਆ , ਵਿਕਾਰਾਂ ਦੇ ਝੱਖੜ ਵਿੱਚ ਆਪਣੇ ਆਪ ਦੀ ਪਛਾਣ ਹੀ ਵਿਸਰ ਗਈ ਹੈ । ਆਪਣੀਆਂ ਲੋੜਾਂ , ਆਪਣੀ ਸਮਰਥਾ , ਆਪਣੀਆਂ ਦਿਲਚਸਪੀਆਂ ਅਨਦੇਖੀਆਂ ਕਰ ਦਿੱਤੀਆਂ ਜਾਂਦੀਆਂ ਹਨ । ਆਪ ਆਪਣੀ ਜ਼ਿੰਦਗੀ ਦਾ ਨਾਇਕ ਬਨਣ ਦੀ ਥਾਂ ਕਿਸੇ ਹੋਰ ਦੇ ਸੁਪਨੇ ਉਧਾਰ ਲੈ ਲਏ ਜਾਂਦੇ ਹਨ । ਸਾਰੀ ਦੁਨੀਆਂ ਅੰਦਰ ਕਮੋਬੇਸ਼ ਇਹੋ ਦਿ੍ਰਸ਼ ਚੱਲ ਰਿਹਾ ਹੈ । ਹਰ ਕੋਈ ਕਿਸੇ ਦੂਜੇ ਦੇ ਜੂਤੇ ਅੰਦਰ ਆਪਣੇ ਪੈਰ ਰੱਖਣ ਦਾ ਮੌਕਾ ਤਲਾਸ਼ ਰਿਹਾ ਹੈ । ਮਨ ਭਟਕ ਰਿਹਾ ਹੈ । ਤਨਾਅ ਹੈ , ਉਤਾਵਲਾਪਨ ਹੈ , ਕਲੇਸ਼ ਹੈ , ਸੰਤਾਪ ਹੈ ਦੂਜਿਆਂ ਦੀ ਬਰਾਬਰੀ ਕਰਨ ਦਾ ਉਨ੍ਹਾਂ ਤੋਂ ਅੱਗੇ ਵਧਣ ਦਾ । ਮਨ ਟਿਕੇਗਾ ਹੀ ਨਹੀਂ ਤਾਂ ਸੁੱਖ , ਆਨੰਦ ਕਿਵੇਂ ਪ੍ਰਾਪਤ ਹੋਵੇਗਾ । ਨਦੀ ਦਾ ਪਾਣੀ ਜਦੋਂ ਸ਼ਾਂਤ ਹੁੰਦਾ ਹੈ ਤਾਂ ਹੀ ਉਸ ਦੇ ਅੰਦਰ ਦੀ ਗਹਿਰਾਈ , ਉਸ ਦੇ ਤਲ ਦਾ ਪਤਾ ਲੱਗਦਾ ਹੈ ।
ਮਨ ਨੂੰ ਸ਼ਾਂਤ ਕਰਨ ਲਈ ਆਪਣੇ ਆਪ ਨੂੰ ਪਛਾਣ ਕੇ ਸਵੀਕਾਰ ਕਰਨ ਦੀ ਲੋੜ ਹੈ । ਪਰਮਾਤਮਾ ਨੇ ਜੋ ਬਖਸ਼ਿਆ ਹੈ ਜੋ ਭਵਿੱਖ ਵਿੱਚ ਬਖ਼ਸ਼ਣ ਜਾ ਰਿਹਾ ਹੈ ਮਾਤਰ ਉਸ ਤੇ ਹੀ ਮਨੁੱਖ ਦਾ ਹੱਕ ਬਣਦਾ ਹੈ । ਬੇਸ਼ੱਕ ਇਸ ਲਈ ਉੱਦਮ ਕਰਨਾ ਪੈਂਦਾ ਹੈ ਪਰ ਇਸ ਦੀ ਪ੍ਰੇਰਣਾ ਵੀ ਪਰਮਾਤਮਾ ਹੀ ਦਿੰਦਾ ਹੈ । ਪਰਮਾਤਮਾ ਹੀ ਕਾਰਜ ਪੂਰੇ ਕਰਦਾ ਹੈ । ਮਨੁੱਖ ਆਪਣੀਆਂ ਲੋੜਾਂ ਆਪਣੀ ਸਮਰਥਾ ‘ਤੇ ਯੋਗਤਾ ਮੁਤਾਬਿਕ ਤੈ ਕਰੇ ‘ਤੇ ਉਨ੍ਹਾਂ ਦੀ ਪੂਰਤੀ ਲਈ ਜਤਨ ਕਰੇ । ਉਸ ਨੂੰ ਜਤਨ ‘ਤੇ ਹਠ ਵਿੱਚ ਫਰਕ ਕਰਨਾ ਆਉਣਾ ਚਾਹੀਦੇ । ਜਤਨ ਆਪਣੀ ਸਮਰਥਾ , ਗੁਣਾਂ ਅਨੁਸਾਰ ਕੀਤੇ ਜਾਂਦੇ ਹਨ । ਜਦੋਂ ਦੂਜੇ ਦੀ ਰੀਸ ਕਰਨ ਲਈ ਜਾਂ ਈਰਖਾ ਵਿੱਚ ਭਰ ਕੇ ਜਤਨ ਕੀਤਾ ਜਾਵੇ ਉਹ ਹਠ ਬਣ ਜਾਂਦਾ ਹੈ । ਹਠ ਨਾਲ ਕੀਤੇ ਉੱਦਮ ਜਿਆਦਾ ਨਿਹਫਲ ਹੀ ਜਾਂਦੇ ਹਨ ਕਿਉਂਕਿ ਉਹ ਅਸ਼ਾਂਤ ਮਨ ਨਾਲ ਕੀਤੇ ਗਏ ਹੁੰਦੇ ਹਨ । ਹਠ ਨਾਲ ਪ੍ਰਾਪਤੀ ਹੋ ਵੀ ਜਾਵੇ ਪਰ ਮਨ ਸਹਿਜ ਨਾ ਹੋਣ ਕਾਰਨ ਮਨੁੱਖ ਪੂਰਨ ਆਨੰਦ ਮਾਨਣ ਤੋਂ ਦੂਰ ਹੀ ਰਹਿੰਦਾ ਹੈ । ਜੋ ਜੂਤਾ ਉਸ ਲਈ ਬਣਿਆ ਹੀ ਉਹ ਪ੍ਰਾਪਤ ਹੋ ਵੀ ਜਾਵੇ ਪਰ ਚਾਲ ਵਿਗਾੜ ਦਿੰਦਾ ਹੈ । ਸੰਸਾਰ ਅੰਦਰ ਅਜਿਹੇ ਲੋਗ ਬਹੁਤ ਮਿਲ ਜਾਣਗੇ ਜਿਨ੍ਹਾਂ ਆਪਣੀ ਯੋਗਤਾ ਤੋਂ ਵੱਧ , ਦੰਦ ਫੰਦ ਨਾਲ ਮਨ ਚਾਹਿਆ ਹਾਸਲ ਤਾਂ ਕਰ ਲਿਆ ਪਰ ਉਹ ਪ੍ਰਾਪਤੀਆਂ ਹੀ ਉਨ੍ਹਾਂ ਦੇ ਦੁੱਖਾਂ ਦਾ ਕਾਰਨ ਬਣੀਆਂ । ਕੁਝ ਪ੍ਰਾਪਤ ਕਰਨਾ ਜ਼ਿਆਦਾ ਕਠਿਨ ਨਹੀਂ ਪਰ ਉਹ ਪ੍ਰਾਪਤੀ ਜੀਵਨ ਵਿੱਚ ਸੁੱਖ , ਆਨੰਦ ਵੀ ਲਿਆਵੇ ਇਹ ਜ਼ਰੂਰੀ ਨਹੀਂ ਹੈ । ਗੁਰਬਾਣੀ ਅੰਦਰ ਅਜਿਹੇ ਲੋਕਾਂ ਲਈ ਹੀ ਕਿਹਾ ਗਿਆ ਹੈ ਕਿ ਜੋ ਲੋਕ ਬੜੇ ਵੱਡੇ ਵਿਖਾਈ ਦਿੰਦੇ ਹਨ ਉਹ ਚਿੰਤਾ, ਰੋਗਾਂ ਨਾਲ ਘਿਰੇ ਹੋਏ ਹਨ । ਮਨੁੱਖ ਨੂੰ ਦੂਜਿਆਂ ਦੀਆਂ ਪ੍ਰਾਪਤੀਆਂ ਵਿਖਾਈ ਦਿੰਦਿਆਂ ਹਨ ਪਰ ਉਨ੍ਹਾਂ ਨੇ ਪ੍ਰਾਪਤੀਆਂ ਦੀ ਕੀ ਕੀਮਤ ਚੁਕਾਈ ਹੈ , ਕੀ ਅੱਗੇ ਚੁਕਾਉਣ ਵਾਲੇ ਹਨ ਇਹ ਨਹੀਂ ਦਿੱਸਦਾ । ਦੂਜਿਆਂ ਦੀ ਸਫਲਤਾ ਤੋਂ ਪ੍ਰੇਰਣਾ ਲਈ ਜਾ ਸਕਦੀ , ਉਸ ਲਈ ਆਪਣੇ ਅੰਦਰ ਗੁਣ ਵਿਕਸਿਤ ਕੀਤੇ ਜਾ ਸਕਦੇ ਹਨ ਪਰ ਨਿੱਠਲੀ ਰੀਸ ਆਤਮਘਾਤੀ ਹੁੰਦੀ ਹੈ । ਸਰੋਵਰ ਨਦੀ ਨਹੀਂ ਬਣ ਸਕਦਾ , ਨਦੀ ਸਾਗਰ ਨਹੀਂ ਬਣ ਸਕਦੀ , ਸਾਗਰ ਆਕਾਸ਼ ਨਹੀਂ ਬਣ ਸਕਦਾ । ਸਰੋਵਰ ਤਾਂ ਤੱਕ ਹੀ ਸਰੋਵਰ ਹੈ , ਨਦੀ ਤਾਂ ਤੱਕ ਹੀ ਨਦੀ ਹੈ ਜਦੋਂ ਤੱਕ ਉਸ ਦੇ ਕਿਨਾਰੇ ਬੰਨੇ ਹੋਏ ਹਨ । ਮਰਿਆਦਾ ਰੂਪ ਕਿਨਾਰੇ ਹੀ ਮਨੁੱਖ ਦੇ ਜੀਵਨ ਵਿੱਚ ਸਹਿਜ ਦੀ ਅਵਸਥਾ ਸਿਰਜਦੇ ਹਨ ।
ਜੀਵਨ ਦੀ ਮਰਿਆਦਾ ਹੈ ਕਿ ਜੋ ਕੁਝ ਪ੍ਰਾਪਤ ਹੋਇਆ ਹੈ ਉਸ ਨੂੰ ਸੰਭਾਲ ਕੇ ਸਂਜੋ ਕੇ ਰੱਖਿਆ ਜਾਵੇ । ਜੀਵਨ ਵਿੱਚ ਵੱਡਾ ਜਾਂ ਛੋਟਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ । ਜੋ ਮਨੁੱਖ ਨੂੰ ਪ੍ਰਾਪਤ ਹੈ ਉਸ ਦੀ ਸੁਚੱਜੀ ਵਰਤੋਂ ਉਸ ਨੂੰ ਸੁੰਦਰ ਬਣਾ ਦਿੰਦੀ ਹੈ । ਜੀਵਨ ਵਿੱਚ ਮਹੱਤਾ ਸੁੰਦਰਤਾ ਦੀ ਹੈ । ਸਮਾਂ ਹੋਵੇ , ਸਬੰਧ ਹੋਵੇ , ਪਦਾਰਥ ਹੋਵੇ , ਉਸ ਨੂੰ ਖੂਬਸੂਰਤ ਬਣਾ ਦੇਣਾ ਮਨੁੱਖ ਦੇ ਹੱਥ ਵਿੱਚ ਹੈ । ਰੱਬ ਨੇ ਨਿੱਕੀ ਜਿਹੀ ਤਿਤਲੀ ਬਣਾਈ ਪਰ ਉਸ ਦੇ ਪੰਖਾਂ ਵਿੱਚ ਵੰਨ ਸੁਵੰਨੇ ਰੰਗ ਭਰ ਕੇ ਉਸ ਨੂੰ ਖੂਬਸੂਰਤ ਬਣਾ ਦਿੱਤਾ । ਮਨੁੱਖ ਕੋਲ ਭਾਵਨਾਵਾਂ ਦਾ ਅਦੁੱਤੀ ਖਜਾਨਾ ਲੁਕਿਆ ਪਿਆ ਹੈ । ਲੋੜ ਹੈ ਆਪਣੇ ਅੰਦਰ ਛੁਪੇ ਇਸ ਖਜਾਨੇ ਤੋਂ ਪ੍ਰੇਮ , ਸੰਜਮ , ਸੰਤੋਖ ਦੇ ਰੰਗ ਕੱਢ ਕੇ ਜੀਵਨ ਨੂੰ ਖੂਬਸੂਰਤ ਬਣਾਉਣ ਦੀ ਖੁਸ਼ੀਆਂ ਮਨੁੱਖ ਦੇ ਨੇੜੇ ਤੇੜੇ ਹੀ ਵੱਸ ਰਹਿਆਂ ਹਨ ।
ਉਨ੍ਹਾਂ ਦੀ ਪਛਾਣ ਕਰ ਭਾਵਨਾਵਾਂ ਦੇ ਰੰਗ ਭਰਦਿਆਂ ਹੀ ਆਨੰਦ ਦੇ ਸੋਮੇ ਵਰ੍ਹ ਪੈਣਗੇ । ਅੰਮ੍ਰਿਤ ਵੇਲੇ ਉੱਠ ਕੇ ਸੂਰਜ ਦਾ ਉੱਗਣਾ ਵੇਖਣਾ ਮਨ ਅੰਦਰ ਆਸ ਭਰ ਦਿੰਦਾ ਹੈ । ਸੂਰਜ ਨੇ ਇਹ ਦਿ੍ਰਸ਼ ਆਪ ਕੁਦਰਤ ਦਾ ਸਭ ਤੋਂ ਮਨੋਰਮ ਦਿ੍ਰਸ਼ ਬਣਾ ਦਿੱਤਾ ਹੈ ਕਿਉਂਕਿ ਉਸ ਦੇ ਉੱਗਣ ਵਿੱਚ ਸਹਿਜ ਹੈ , ਤਿਲ ਮਾਤਰ ਵੀ ਵਿਆਕੁਲਤਾ ਨਹੀਂ ਹੈ । ਸੂਰਜ ਦਾ ਸਹਿਜ ਹੀ ਉਸ ਨੂੰ ਕਦੋਂ ਦੁਪਹਿਰ ਦੇ ਸ਼ਿਖਰ ਤੱਕ ਪੁਜਾ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ । ਉਸ ਦਾ ਡੁੱਬਣਾ ਵੀ ਸਹਿਜ ਦੀ ਸ੍ਰੇਸ਼ਟ ਮਿਸਾਲ ਹੈ । ਬਿਨਾ ਕਿਸੇ ਨਿਰਾਸ਼ਾ , ਬਿਨਾ ਕਿਸੇ ਪ੍ਰਤੀਕਰਮ ਸੂਰਜ ਚਹਿਲਕਦਮੀ ਕਰਦਿਆਂ ਆਕਾਸ਼ ਦੇ ਦੂਜੇ ਚੋਰ ਤੇ ਪੁੱਜ ਕੇ ਅਲੋਪ ਹੋ ਜਾਂਦਾ ਹੈ । ਉਸ ਦੇ ਉੱਗਣ ਵਿੱਚ ਵੀ ਸਹਿਜ ਹੈ ‘ਤੇ ਡੁੱਬਣ ਵਿੱਚ ਵੀ ਸਹਿਜ ਹੈ । ਇਹੋ ਕਾਰਨ ਹੈ ਕਿ ਲੋਕਾਂ ਨੂੰ ਸੂਰਜ ਦਾ ਉੱਗਣਾ ਵੀ ਮਨਮੋਹਕ ਲੱਗਦਾ ਹੈ ਤੇ ਡੁੱਬਣਾ ਵੀ ।
ਮਨੁੱਖ ਦਾ ਅਮੀਰ ਜਾਂ ਗਰੀਬ ਹੋਣਾ , ਤਾਕਤਵਰ ਜਾਂ ਕਮਜੋਰ ਹੋਣਾ , ਊਚੀ ਜਾਂ ਨੀਵੀਂ ਪਦਵੀ ਤੇ ਹੋਣਾ ਉਸ ਦੇ ਕਰਮਾਂ ਦਾ ਫਲ ਕਿਹਾ ਜਾ ਸਕਦਾ ਹੈ ਪਰ ਉਸ ਦਾ ਸੁਖੀ ਜਾਂ ਦੁਖੀ ਹੋਣਾ ਉਸ ਦੀ ਆਪਣੀ ਜੀਵਨ ਦਿ੍ਰਸ਼ਟੀ ਦਾ ਫਲ ਹੈ । ਭਗਤ ਕਬੀਰ ਦਾਸ ਜੀ ਜੀਵਨ ਭਰ ਕਪੜਾ ਬੁਣਦੇ ਰਹੇ , ਭਗਤ ਰਵਿਦਾਸ ਜੀ ਜੀਵਨ ਭਰ ਜੁੱਤੀਆਂ ਗੰਢਦੇ ਰਹੇ ਪਰ ਉਨ੍ਹਾਂ ਦੇ ਜੀਵਨ ਅੰਦਰ ਆੱਨਦ ਦੇ ਜੋ ਸਾਗਰ ਲਹਿਰਾ ਰਹੇ ਸਨ ਉਹ ਵੱਡੇ ਵੱਡੇ ਜਪੀਆਂ ਤਪੀਆਂ ਦੇ ਹਿੱਸੇ ਨਹੀਂ ਆਏ । ਭਗਤ ਕਬੀਰ ਜੀ , ਭਗਤ ਰਵਿਦਾਸ ਜੀ ਬਣਨਾ ਕਿਸੇ ਲਈ ਵੀ ਮੁਮਕਿਨ ਨਹੀਂ ਹੈ ਪਰ ਉੰਨ੍ਹਾਂ ਦੇ ਜੀਵਨ ਤੋਂ ਸਿਖਿਆ ਤਾਂ ਲਈ ਹੀ ਜਾ ਸਕਦੀ ਹੈ ।
ਭਗਤ ਕਬੀਰ ਜੀ ਲਈ ਕਾਸ਼ੀ ਤੇ ਮਗਹਰ ਇੱਕ ਸਮਾਨ ਸਨ । ਭਗਤ ਰਵਿਦਾਸ ਜੀ ਪਾਰਸ ਤੇ ਪੱਥਰ ‘ਚ ਕੋਈ ਭੇਦ ਨਹੀਂ ਸੀ । ਉਨ੍ਹਾਂ ਨੇ ਸੰਸਾਰ ਦੇ ਫੇਰ ਵਿੱਚ ਪਏ ਬਿਨਾ ਸੰਸਾਰ ਅੰਦਰ ਆਪਣੀ ਭੂਮਿਕਾ ਨੂੰ ਪਛਾਣਿਆਂ ਅਤੇ ਉਸ ਦਾ ਪੂਰਨ ਸਮਰਪਣ ਨਾਲ ਨਿਰਵਾਹ ਕੀਤਾ । ਮਨੁੱਖ ਆਪਨੀ ਭੂਮਿਕਾ ਦੀ ਪਛਾਣ ਕਰੇ ‘ਤੇ ਉਸ ਨੂੰ ਨਿਭਾਉਣ ਲਈ ਤਨ , ਮਨ ਨਾਲ ਜਤਨ ਕਰੇ । ਨਦੀ ਵਿੱਚ ਜਲ ਦਾ ਪ੍ਰਵਾਹ ਤਾਂ ਹੀ ਬਣਦਾ ‘ਤੇ ਤੁਰਦਾ ਹੈ ਜਦੋਂ ਉਹ ਕਿਨਾਰਿਆਂ ਦੇ ਅੰਦਰ ਚੱਲਦਾ ਹੈ । ਨਦੀ ਦਾ ਜਲ ਜਦੋਂ ਹਠ ਕਰਦਾ ਹੈ ਤਾਂ ਕਿਨਾਰੇ ਤੋੜ ਕੇ ਹੜ੍ਹ ਬਣ ਜਾਂਦਾ ਹੈ ਤੇ ਤਬਾਹੀ ਲਿਆਉਂਦਾ ਹੈ । ਜ਼ਿੰਦਗੀ ਨੂੰ ਹੜ੍ਹ ਦਾ ਜਲ ਨਾ ਬਨਣ ਦਿਉ । ਸਹਿਜ ਰਹੋ ਤਾਂ ਇੱਕ ਦਿਨ ਆਪ ਹੀ ਉਸ ਸ਼ਿਖਰ ਤੇ ਪੁੱਜ ਜਾਵੋਗੇ ਜੋ ਪਰਮਾਤਮਾ ਨੇ ਤੁਹਾਡੇ ਲਈ ਨੀਅਤ ਕੀਤਾ ਹੋਇਆ ਹੈ । ਸਾਗਰ ਵਿੱਚ ਮਿਲਨ ਲਈ ਸਹਿਜ ਪ੍ਰਵਾਹ ਬਨੋਂ ।
---0---
-ਡਾ. ਸਤਿੰਦਰ ਪਾਲ ਸਿੰਘ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ