Tuesday, October 08, 2024  

ਲੇਖ

ਚੋਣਾਂ ’ਚ ਰਾਜਸੀ ਆਗੂਆਂ ਦੀ ਪਸੰਦ ਬਣੀ ਆਚਾਰ ਨਾਲ ਰੋਟੀ

May 28, 2024

ਸਾਡੇ ਮੁਲਕ ਦੇ ਲੋਕਤੰਤਰੀ ਢਾਂਚੇ ’ਚ ਵੋਟ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ।ਇਸੇ ਤਾਕਤ ਬਦੌਲਤ ਹੀ ਰਾਜਸੀ ਆਗੂਆਂ ਨੂੰ ਵੋਟਾਂ ਲੈਣ ਲਈ ਵੋਟਰਾਂ ਦੇ ਦੁਆਰ ’ਤੇ ਜਾਣਾ ਪੈਂਦਾ ਹੈ।ਨਾ ਕੇਵਲ ਦੁਆਰ ’ਤੇ ਜਾਣਾ ਪੈਂਦਾ ਹੈ, ਸਗੋਂ ਅਪਣੱਤ ਵੀ ਜਤਾਉਣੀ ਪੈਂਦੀ ਹੈ।ਵੋਟਰਾਂ ਦੀਆਂ ਤੱਤੀਆਂ ਠੰਢੀਆਂ ਵੀ ਝੋਲੀ ਵਿੱਚ ਪਵਾਉਣੀਆਂ ਪੈਂਦੀਆਂ ਹਨ।ਰਾਜਸੀ ਆਗੂਆਂ ਨੇ ਜਿਨਾਂ ਵੋਟਰਾਂ ਦੀ ਸਾਸਰੀਕਾਲ ਮੰਨਣ ਤੋਂ ਵੀ ਪਾਸਾ ਵੱਟਿਆ ਹੁੰਦਾ ਹੈ ਉਹਨਾਂ ਨੂੰ ਖੁਦ ਸਾਸਰੀਕਾਲ ਬੁਲਾਉਣੀ ਪੈਂਦੀ ਹੈ।ਨਾ ਕੇਵਲ ਸਾਸਰੀਕਾਲ ਬੁਲਾਉਣੀ ਪੈਂਦੀ ਹੈ, ਸਗੋਂ ਜੱਫੀਆਂ ਵੀ ਪਾਉਣੀਆਂ ਪੈਂਦੀਆਂ ਹਨ। ਜਵਾਕਾਂ ਨਾਲ ਮੋਹ ਜਤਾਉਣਾ ਪੈਂਦਾ ਹੈ।
ਵੋਟਰਾਂ ਨੂੰ ਭਰਮਾਉਣ ਲਈ ਅਪਣੱਤ ਭਰਿਆ ਵਿਵਹਾਰ ਕਰਨ ਦੇ ਨਾਲ ਨਾਲ ਸਾਦਗੀ ਭਰਪੂਰ ਰਹਿਣੀ ਬਹਿਣੀ ਵੀ ਰਾਜਸੀ ਆਗੂਆਂ ਦਾ ਵੱਡਾ ਹਥਿਆਰ ਹੈ। ਸ਼ਾਇਦ ਇਸੇ ਲਈ ਚੋਣਾਂ ਦੌਰਾਨ ਆਮ ਲੋਕਾਂ ਵਾਂਗ ਹੱਥ ’ਤੇ ਧਰ ਕੇ ਆਚਾਰ ਨਾਲ ਰੋਟੀ ਖਾਣਾ ਬਹੁਗਿਣਤੀ ਰਾਜਸੀ ਆਗੂਆਂ ਦੀ ਪਸੰਦ ਬਣ ਜਾਂਦਾ ਹੈ। ਮੌਜ਼ੂਦਾ ਲੋਕ ਸਭਾ ਚੋਣਾਂ ਦੌਰਾਨ ਵੀ ਇਹ ਆਲਮ ਵੇਖਣ ਵਿੱਚ ਆ ਰਿਹਾ ਹੈ। ਇੱਕ ਚੋਟੀ ਦਾ ਰਾਜਸੀ ਆਗੂ ਤੇ ਲੋਕ ਸਭਾ ਦਾ ਉਮੀਦਵਾਰ ਚੱਲ ਰਹੀ ਚੋਣ ਰੈਲੀ ਦੌਰਾਨ ਹੀ ਹੱਥ ’ਤੇ ਧਰਕੇ ਆਚਾਰ ਨਾਲ ਰੋਟੀ ਖਾਂਦਾ ਵਿਖਾਈ ਦਿੰਦਾ ਹੈ।ਫਿਰ ਇਸ ਤਰ੍ਹਾਂ ਰੋਟੀ ਖਾਣ ਨੂੰ ਸੋਸ਼ਲ ਮੀਡੀਆ ’ਤੇ ਸਾਦਗੀ ਕਹਿਕੇ ਪ੍ਰਚਾਰਿਆ ਵੀ ਜਾਂਦਾ ਹੈ।ਇੱਕ ਹੋਰ ਉਮੀਦਵਾਰ ਆਪਣੀ ਕਾਰ ’ਚ ਬੈਠਾ ਆਚਾਰ ਨਾਲ ਰੋਟੀ ਖਾਂਦਾ ਵਿਖਾਈ ਦਿੰਦਾ ਹੈ।ਇੱਕ ਹੋਰ ਉਮੀਦਵਾਰ ਰੋਟੀ ਖਾਂਦਿਆਂ ਖਾਂਦਿਆਂ ਚੈਨਲ ਦੇ ਪੱਤਰਕਾਰ ਨੂੰ ਇੰਟਰਵਿਊ ਦਿੰਦਾ ਹੈ।ਇਸ ਦੌਰਾਨ ਖਾਣੇ ਦੀ ਥਾਲੀ ਵਿੱਚ ਆਮ ਲੋਕਾਂ ਵਰਗਾ ਸਾਦਾ ਪਰਾਉਂਠਾ ਅਤੇ ਦਹੀ ਪਰੋਸਿਆ ਜਾਂਦਾ ਹੈ।ਪੱਤਰਕਾਰ ਨਾਲ ਆਏ ਕੈਮਰਾਮੈਨ ਵੱਲੋਂ ਉਸ ਉਮੀਦਵਾਰ ਦੀ ਖਾਣੇ ਪ੍ਰਤੀ ਸਾਦਗੀ ਵਿਖਾਉਣ ਲਈ ਵਾਰ ਵਾਰ ਖਾਣੇ ਵਾਲੀ ਥਾਲੀ ਵਿਖਾਈ ਜਾਂਦੀ ਹੈ।ਸਾਦਗੀ ਭਰਪੂਰ ਵਤੀਰੇ, ਖਾਣ ਪੀਣ ਅਤੇ ਰਹਿਣ ਸਹਿਣ ਦੇ ਵਿਖਾਵੇ ਜਰੀਏ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵੀ ਬਾਕੀ ਕੋਸ਼ਿਸ਼ਾਂ ਵਾਂਗ ਰਾਜਸੀ ਆਗੂਆਂ ਵੱਲੋਂ ਆਮ ਕੀਤੀ ਜਾਣ ਲੱਗੀ ਹੈ।
ਚੋਣਾਂ ਦੌਰਾਨ ਖਾਸ ਰਾਜਸੀ ਆਗੂਆਂ ਵੱਲੋਂ ਆਮ ਲੋਕਾਂ ਵਰਗੇ ਵਿਵਹਾਰ ਦੇ ਵਿਖਾਵੇ ਜਰੀਏ ਆਮ ਬਣਕੇ ਵੋਟਰਾਂ ਨੂੰ ਭਰਮਾਉਣ ਦਾ ਤਰੀਕਾ ਕੋਈ ਨਵਾਂ ਨਹੀਂ ਹੈ।ਇਸ ਤਰ੍ਹਾਂ ਦਾ ਆਲਮ ਹਰ ਚੋਣ ਦੌਰਾਨ ਹੀ ਵੇਖਣ ਨੂੰ ਮਿਲਦਾ ਹੈ। ਇਕ ਚੋਣਾਂ ਦੌਰਾਨ ਕੌਮੀ ਪਾਰਟੀ ਦੇ ਕੌਮੀ ਪੱਧਰ ਦੇ ਆਗੂ ਵੱਲੋਂ ਇੱਕ ਮਜ਼ਦੂਰ ਦੇ ਘਰ ਰਾਤ ਬਿਤਾ ਕੇ ਅਤੇ ਉਸਦੇ ਪਰਿਵਾਰ ਨਾਲ ਖਾਣਾ ਖਾ ਕੇ ਆਮ ਬਣਨ ਦੇ ਵਿਖਾਵੇ ਦਾ ਸਿਖਰ ਹੀ ਕਰ ਦਿੱਤਾ ਗਿਆ ਸੀ।ਕਈ ਚਲਾਕ ਕਿਸਮ ਦੇ ਰਾਜਸੀ ਆਗੂ ਵੋਟਰਾਂ ਦਾ ਇਕੱਠ ਵੇਖ ਕੇ ਬਿਨਾਂ ਚੋਣ ਦਿਨਾਂ ਤੋਂ ਵੀ ਅਜਿਹੇ ਵਿਵਹਾਰ ਦਾ ਛਿੱਕਾ ਮਾਰ ਜਾਂਦੇ ਹਨ। ਮੈਨੂੰ ਯਾਦ ਹੈ ਸਰਕਾਰੀ ਮੁਲਾਜ਼ਮਾਂ ਦੀ ਇੱਕ ਇੱਕਤਰਤਾ ਦੌਰਾਨ ਕਈ ਰਾਜਸੀ ਆਗੂ ਆਏ ਸਨ।ੳੇਹਨਾਂ ਰਾਜਸੀ ਆਗੂਆਂ ਦੇ ਬੈਠਣ ਲਈ ਸਟੇਜ ’ਤੇ ਸੋਫੇ ਲਾਏ ਗਏ ਸਨ।ਸਾਰੇ ਰਾਜਸੀ ਆਗੂ ਸੋਫਿਆਂ ’ਤੇ ਬੈਠ ਗਏ ਪਰ ਇੱਕ ਆਗੂ ਨੇ ਆਮ ਵਿਵਹਾਰ ਦਾ ਅਜਿਹਾ ਦਾਅ ਖੇਲਿਆ ਕਿ ਚੁਫੇਰੇ ਚੀਕਾਂ ਪੈ ਗਈਆਂ। ‘ਆਪਾਂ ਸੋਫਿਆਂ ਵਾਲੇ ਕਿੱਥੇ ਆਂ।ਆਪਾਂ ਤਾਂ ਕੰਧਾਂ ਅਤੇ ਚੌਕੜੀਆਂ ’ਤੇ ਬੈਠਣ ਵਾਲੇ ਪੇਂਡੂ ਲੋਕ ਆਂ’ ਕਹਿੰਦਿਆਂ ਉਹ ਰਾਜਸੀ ਆਗੂ ਸੋਫੇ ਦੀ ਬਜਾਏ ਲੱਤਾਂ ਹੇਠਾਂ ਲਮਕਾ ਕੇ ਸਟੇਜ ’ਤੇ ਬੈਠ ਗਿਆ।
ਰਾਜਸੀ ਆਗੂਆਂ ਵੱਲੋਂ ਆਮ ਬਣਨ ਦਾ ਵਿਖਾਵਾ ਸਿੱਧ ਕਰਦਾ ਹੈ ਕਿ ਉਹ ਆਮ ਨਹੀਂ ਹਨ ਅਤੇ ਉਹਨਾਂ ਨੂੰ ਇਸ ਗੱਲ ਦਾ ਭਲੀਭਾਂਤ ਇਲਮ ਵੀ ਹੈ ਕਿ ਉਹਨਾਂ ਦਾ ਰੋਜ਼ਾਨਾ ਦਾ ਵਿਵਹਾਰ ਆਮ ਲੋਕਾਂ ਨਾਲੋਂ ਵੱਖਰਾ ਹੈ।ਕਿਉਂਕਿ ਇਹ ਮਨੋਵਿਗਿਆਨਕ ਤੱਥ ਹੈ ਕਿ ਇਨਸਾਨ ਨੂੰ ਉਹ ਹੀ ਕਰਕੇ ਵਿਖਾਉਣਾ ਪੈਂਦਾ ਹੈ ਜੋ ਉਹ ਅਸਲ ਵਿੱਚ ਕਰਦਾ ਨਹੀਂ ਜਾਂ ਜੋ ਉਹ ਨਹੀਂ ਹੁੰਦਾ। ਜੋ ਇਨਸਾਨ ਹੈ ਹੀ ਆਮ ਉਸਨੂੰ ਆਮ ਵਰਗਾ ਬਣਕੇ ਵਿਖਾਉਣ ਦੀ ਕੀ ਜ਼ਰੂਰਤ ਹੈ।ਆਮ ਲੋਕਾਂ ਵਾਂਗ ਵਿਚਰਦੇ, ਆਮ ਲੋਕਾਂ ਵਰਗਾ ਖਾਣਾ ਖਾਂਦੇ ਅਤੇ ਆਮ ਲੋਕਾਂ ਵਾਂਗ ਗੱਲਾਂ ਕਰਦੇ ਖਾਸ ਰਾਜਸੀ ਆਗੂਆਂ ਨੂੰ ਇਸ ਗੱਲ ਦਾ ਵੀ ਇਲਮ ਹੁੰਦਾ ਹੈ ਕਿ ਉਹਨਾਂ ਦਾ ਇਹ ਵਿਖਾਵਾ ਮਹਿਜ਼ ਚੋਣਾਂ ਤੱਕ ਹੁੰਦਾ ਹੈ।ਉਸ ਤੋਂ ਬਾਅਦ ਉਹਨਾਂ ਨੂੰ ਆਮ ਲੋਕਾਂ ਦੀ ਜੀਵਨ ਸ਼ੈਲੀ ਜਿਉਣ ਦਾ ਕੋਈ ਸ਼ੌਂਕ ਨਹੀਂ ਰਹਿੰਦਾ। ਜਾਂ ਕਹਿ ਲਈਏ ਕਿ ਵੋਟਰ ਦੀ ਸਰਦਾਰੀ ਚੋਣਾਂ ਦੇ ਗਿਣੇ ਚੁਣੇ ਦਿਨਾਂ ਤੱਕ ਹੀ ਮਹਿਦੂਦ ਹੁੰਦੀ ਹੈ।ਚੋਣਾਂ ਤੋਂ ਬਾਅਦ ਮੁੜ ਤੋਂ ਦੌਰ ਸ਼ੁਰੂ ਹੁੰਦਾ ਹੈ ਰਾਜਸੀ ਆਗੂਆਂ ਦੀ ਸਰਦਾਰੀ ਦਾ।
ਸ਼ਾਇਦ ਬਾਹਰਲੇ ਮੁਲਕਾਂ ਦੇ ਰਾਜਸੀ ਆਗੂਆਂ ਅਤੇ ਸਾਡੇ ਮੁਲਕ ਦੇ ਰਾਜਸੀ ਆਗੂਆਂ ’ਚ ਇਹ ਵੱਡਾ ਅੰਤਰ ਹੈ ਕਿ ਸਾਡੇ ਮੁਲਕ ਦੇ ਰਾਜਸੀ ਆਗੂ ਕੇਵਲ ਵੋਟਾਂ ਦੌਰਾਨ ਆਮ ਬਣਨ ਦਾ ਵਿਖਾਵਾ ਕਰਦੇ ਹਨ। ਜਦਕਿ ਆਮ ਲੋਕਾਂ ਦੀ ਜੀਵਨ ਸ਼ੈਲੀ ਉਹਨਾਂ ਨੂੰ ਮਨਜ਼ੂਰ ਨਹੀਂ ਹੁੰਦੀ। ਰੋਜ਼ਾਨਾ ਜੀਵਨ ਵਿੱਚ ਉਹ ਆਪਣੇ ਆਪ ਨੂੰ ਆਮ ਲੋਕਾਂ ਤੋਂ ਬਹੁਤ ਜਿਆਦਾ ਉੱਪਰ ਅਤੇ ਵੱਖਰਾ ਮੰਨਦੇ ਹਨ। ਜਦਕਿ ਬਾਹਰਲੇ ਮੁਲਕਾਂ ਦੇ ਆਗੂ ਰੋਜ਼ਾਨਾ ਜੀਵਨ ਵਿੱਚ ਆਮ ਲੋਕਾਂ ਵਾਂਗ ਵਿਚਰਦੇ ਹਨ। ਬਿਨਾਂ ਸਕ ਉਹਨਾਂ ਕੋਲ ਵੀ ਸੁਰੱਖਿਆ ਕਰਮੀ ਹੁੰਦੇ ਹਨ। ਪਰ ਉਹਨਾਂ ਦੇ ਸੁਰੱਖਿਆ ਕਰਮੀ ਆਮ ਲੋਕਾਂ ਨਾਲ ਸਾਡੇ ਰਾਜਸੀ ਆਗੂਆਂ ਦੇ ਸੁਰੱਖਿਆ ਕਰਮੀਆਂ ਜਿਹਾ ਵਿਵਹਾਰ ਨਹੀਂ ਕਰਦੇ।ਕਾਸ਼! ਸਾਡੇ ਰਾਜਸੀ ਆਗੂ ਅਸਲ ਵਿੱਚ ਆਮ ਲੋਕ ਹੁੰਦੇ।ਅਸਲ ਵਿੱਚ ਆਮ ਲੋਕਾਂ ਵਰਗੇ ਹੁੰਦੇ।
ਬਿੰਦਰ ਸਿੰਘ ਖੁੱਡੀ ਕਲਾਂ
-ਮੋਬਾ:98786-05965

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ