ਵਿਜੇਵਾੜਾ, 14 ਜੂਨ
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਕੰਟੇਨਰ ਟਰੱਕ ਅਤੇ ਇੱਕ ਡੀਸੀਐਮ ਵੈਨ ਵਿਚਕਾਰ ਹੋਈ ਟੱਕਰ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ।
ਇਹ ਹਾਦਸਾ ਕ੍ਰਿਤੀਵੇਨੂ ਮੰਡਲ ਦੇ ਸੀਤਾਨਪੱਲੀ ਨੇੜੇ ਹੋਇਆ। ਮ੍ਰਿਤਕਾਂ ਵਿੱਚ ਦੋਵੇਂ ਵਾਹਨਾਂ ਦੇ ਡਰਾਈਵਰ ਸ਼ਾਮਲ ਹਨ।
ਕੰਟੇਨਰ ਟਰੱਕ, ਜੋ ਪੁਡੂਚੇਰੀ ਤੋਂ ਭੀਮਾਵਰਮ ਜਾ ਰਿਹਾ ਸੀ, ਉਲਟ ਦਿਸ਼ਾ ਤੋਂ ਆ ਰਹੀ ਡੀਸੀਐਮ ਵੈਨ ਨਾਲ ਟਕਰਾ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਟੇਨਰ ਡਰਾਈਵਰ ਨੇ ਲੱਕੜਾਂ ਨਾਲ ਭਰੇ ਇੱਕ ਟਰੈਕਟਰ ਨੂੰ ਟੱਕਰ ਮਾਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਡੀਸੀਐਮ ਵੈਨ ਨਾਲ ਟਕਰਾ ਗਿਆ।
ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚੋਂ ਪੰਜ ਕੋਨਾਸੀਮਾ ਜ਼ਿਲ੍ਹੇ ਦੇ ਤਾਲਾਰੇਵੂ ਦੇ ਰਹਿਣ ਵਾਲੇ ਸਨ।
ਡੀਸੀਐਮ ਵੈਨ ਵਿੱਚ ਘੱਟੋ-ਘੱਟ 10 ਲੋਕ ਸਵਾਰ ਸਨ ਅਤੇ ਮੱਛੀਆਂ ਫੜਨ ਲਈ ਜਾ ਰਹੇ ਸਨ, ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ, ਮਾਛੀਲੀਪਟਨਮ ਵਿੱਚ ਭੇਜ ਦਿੱਤਾ ਗਿਆ। ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ।
ਰਾਜ ਮੰਤਰੀ ਕੋਲੂ ਰਵਿੰਦਰਾ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਖ਼ਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਇਆ ਜਾਵੇ।