ਚੰਡੀਗੜ੍ਹ, 27 ਜੁਲਾਈ
ਹਰਿਆਣਾ ਸਰਕਾਰ ਵਲੋਂ ਮੰਗਾਂ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਸਰਕਾਰੀ ਡਾਕਟਰਾਂ ਨੇ ਅੱਜ ਆਪਣੀ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਖ਼ਤਮ ਕਰ ਦਿੱਤੀ ਹੈ ਤੇ ਮੁੜ ਡਿਊਟੀ ਸ਼ੁਰੂ ਕਰ ਦਿੱਤੀ। ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀਆ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਪ੍ਰਦਰਸ਼ਨਕਾਰੀ ਡਾਕਟਰਾਂ ਦੇ ਪ੍ਰਤੀਨਿਧਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਅਮਿਤ ਅਗਰਵਾਲ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ 15 ਅਗਸਤ ਤੋਂ ਪਹਿਲਾਂ ਉਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।