ਸ੍ਰੀ ਫਤਿਹਗੜ੍ਹ ਸਾਹਿਬ/2 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੇਸ ਦੇ ਵੱਖ-ਵੱਖ ਹਿਸਿਆਂ ਵਿੱਚ ਬੱਦਲ ਫੱਟਣ ਤੇ ਜ਼ਮੀਨ ਖਿਸਕਣ, ਪਹਾੜੀ ਮਲਬਾ ਡਿੱਗਣ ਕਾਰਨ ਹੋ ਰਹੇ ਜਾਨੀਮਾਲੀ ਨੁਕਸਾਨ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਜ਼ਮੀਨ ਖਿਸਕਣ ਦੀ ਬਿਪਤਾ ਨਾਲ ਕੇਰਲਾ ਦੇ ਵਾਇਨਾਡ ‘ਚ ਵਿਆਪਕ ਨੁਕਸਾਨ ਹੋਣ ਤੇ ਬਚਾਅ ਕਾਰਜਾਂ ਲਈ ਹੁਣ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਅਜਿਹੀਆਂ ਘਟਨਾਵਾਂ ਜਲਵਾਯੂ ਤਬਦੀਲੀ ਦਾ ਹੀ ਸਿੱਟਾ ਹਨ। ਸੰਵੇਦਨਸ਼ੀਲ ਜ਼ੋਨਾਂ ‘ਚ ਜੰਗਲਾਤ ਰਕਬਾ ਲਗਾਤਾਰ ਘਟਣ ਕਾਰਨ ਅਜਿਹੇ ਦਿਨ ਦੇਖਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਕੌਮੀ ਰਿਮੋਟ ਸੈਂਸਿੰਗ ਕੇਂਦਰ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਜ਼ਮੀਨ ਖਿਸਕਣ ਦੇ ਸਭ ਤੋਂ ਵੱਧ ਖ਼ਤਰੇ ਵਾਲੇ 30 ਜ਼ਿਲ੍ਹਿਆਂ ਵਿੱਚੋਂ ਦਸ ਕੇਰਲਾ ਵਿੱਚ ਹਨ। ਸਾਲ 2021 ਦੇ ਇੱਕ ਅਧਿਐਨ ਮੁਤਾਬਿਕ ਕੇਰਲਾ `ਚ ਅਜਿਹੀਆਂ ਸਾਰੀਆਂ ਜੋਖ਼ਮ ਵਾਲੀਆਂ ਥਾਵਾਂ ਪੱਛਮੀ ਘਾਟ ਇਲਾਕੇ `ਚ ਹਨ। ਇਸੇ ਖੇਤਰ ਵਿੱਚ ਇਛੁੱਕੀ, ਏਰਨਾਕੁਲਮ, ਕੋਟਿਆਮ, ਵਾਇਨਾਡ, ਕੋਜ਼ੀਕੋਡ ਤੇ ਮੱਲਾਪੁਰਮ ਜ਼ਿਲ੍ਹੇ ਆਉਂਦੇ ਹਨ। ਉਨ੍ਹਾਂ ਕਿਹਾ ਲੋਕ ਸਭਾ ਵਿੱਚ ਸੰਸਦ ਮੈਂਬਰ ਤੇ ਵਿਰੋਧੀ ਧਿਰ ਦੇ ਨੇਤਾ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਪੱਛਮੀ ਘਾਟ ਦੇ ਨਾਜ਼ੁਕ ਖੇਤਰ ਵਿੱਚ ਵਾਰ-ਵਾਰ ਆਉਂਦੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਅਤੇ ਹੱਲ ਤਲਾਸ਼ਣ ਲਈ ਇੱਕ ਢੁੱਕਵੀਂ ਯੋਜਨਾ ਤਿਆਰ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਆਫ਼ਤਾਂ ਨਾਲ ਨਜਿੱਠਣ ਲਈ ਵੱਖ-ਵੱਖ ਸੂਬਿਆਂ ਦੀ ਤਿਆਰੀ ਦਾ ਅਗਾਉਂ ਮੁਲਾਂਕਣ ਕਰਨਾ ਮਹੱਤਵਪੂਰਨ ਹੈ ਤਾਂ ਕਿ ਮੁਸੀਬਤ ਦਾ ਸਾਹਮਣਾ ਕਰਨ ਲਈ ਉਹ ਬਿਹਤਰ ਢੰਗ ਨਾਲ ਤਿਆਰ ਹੋ ਸਕਣ। ਉਨ੍ਹਾਂ ਕਿਹਾ ਅਗਾਊਂ ਚਿਤਾਵਨੀ ਦਾ ਇੱਕ ਅਸਰਦਾਰ ਤੰਤਰ ਕਾਇਮ ਕਰ ਕੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ, ਜੋ ਕੇਰਲਾ ਦੇ ਮਾਮਲੇ `ਚ ਕਿਤੇ ਨਜ਼ਰ ਨਹੀਂ ਆਇਆ।ਉਨ੍ਹਾਂ ਕਿਹਾ ਵੱਡਾ ਅੜਿੱਕਾ ਰਾਜ ਸਰਕਾਰਾਂ, ਉਦਯੋਗਾਂ ਤੇ ਮੁਕਾਮੀ ਭਾਈਚਾਰਿਆਂ ਵੱਲੋਂ ਮਾਹਿਰਾਂ ਦੀਆਂ ਚਿਤਾਵਨੀਆਂ ਨੂੰ ਅਣਗੌਲਿਆਂ ਕਰਨਾ ਹੈ। ਇਨ੍ਹਾਂ ਵੱਲੋਂ ਸੰਵੇਦਨਸ਼ੀਲ ਖੇਤਰਾਂ `ਚ ਢਾਂਚਾ ਉਸਾਰੀ ਤੇ ਸੈਰ-ਸਪਾਟਾ ਨਾਲ ਜੁੜੀਆਂ ਮਾਹਿਰਾਂ ਦੀਆਂ ਚਿਤਾਵਨੀਆਂ `ਤੇ ਗੌਰ ਨਹੀਂ ਕੀਤਾ ਜਾਂਦਾ, ਜਿਸ ਦੇ ਮਾੜੇ ਨਤੀਜੇ ਨਿਕਲਦੇ ਹਨ। ਉਨ੍ਹਾਂ ਕਿਹਾ ਕੁਦਰਤੀ ਸਰੋਤਾਂ ਦੀ ਵਰਤੋਂ ਨਿਆਂਸੰਗਤ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਸਥਿਰਤਾ ਕਾਇਮ ਰਹੇ।