ਅੰਮ੍ਰਿਤਸਰ/ ਤਰਨਤਾਰਨ, 1 ਮਈ
ਪੰਜਾਬ ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਅਤੇ ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਸੂਬਾ ਉੱਪ ਪ੍ਰਧਾਨ ਸ: ਜਸਬੀਰ ਸਿੰਘ ਸੁਰ ਸਿੰਘ ਨੇ ਕੇਂਦਰੀ ਮੋਦੀ ਸਰਕਾਰ ਤੇ ਕੇਂਦਰੀ ਸੱਤਾਧਾਰੀ ਭਾਜਪਾ ਤੇ ਤਿੱਖੇ ਰਾਜਸੀ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਕੌਮਾਂਤਰੀ ਰਿਪੇਰੀਅਨ ਕਾਨੂੰਨ ਤਹਿਤ ਹੱਲ ਕਰਨ ਦੀ ਬਜਾਏ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਅਕਤੂਬਰ 1981 ‘ਚ ਪੰਜਾਬ ਦੇ ਦਰਿਆਈ ਹੱਕੀ ਪਾਣੀਆਂ ਦੇ ਮੌਲਿਕ ਅਧਿਕਾਰ ਨੂੰ ਖੌਹ ਕੇ ਹਰਿਆਣਾ ਤੇ ਰਾਜਸਥਾਨ ਨੂੰ ਦਿੱਤੇ ਜਾਣ ਦੇ ਪੰਜਾਬ ਵਿਰੋਧੀ ਫੈਸਲੇ ਨਾਲੋਂ ਵੀ ਮੋਦੀ ਸਰਕਾਰ ਤੇ ਭਾਜਪਾ ਕਈ ਗੁਣਾ ਅੱਗੇ ਨਿਕਲ ਗਈ ਹੈ। ਕਿਉਂਕਿ ਕੇਂਦਰੀ ਮੋਦੀ ਸਰਕਾਰ ਦੇ ਕਥਿਤ ਦਿਸ਼ਾ ਨਿਰਦੇਸ਼ਾਂ ਤੇ ਭਾਜਪਾ ਸ਼ਾਸ਼ਿਤ ਸੂਬਿਆਂ ਹਰਿਆਣਾ, ਰਾਜਸਥਾਨ ਤੇ ਦਿੱਲੀ ਸਰਕਾਰਾਂ ਦੇ ਪ੍ਰਤੀਨਿਧਾਂ ਨੇ ਵੋਟ ਪਰਚੀ ਰਾਹੀਂ ਆਪਣੇ ਹੱਕ ‘ਚ ਸਿਰਫ 4-1 ਦੇ ਅੰਤਰ ਨਾਲ ਝੂਠਾ ਤੇ ਬੇਬੁਨਿਆਦ ਫਤਵਾ ਹੀ ਨਹੀਂ ਹਾਸਲ ਕੀਤਾ , ਸਗੋਂ ਬੀਬੀਐਮਬੀ ‘ਚ ਪੰਜਾਬ ਸਰਕਾਰ ਦੇ ਸਰਕਾਰੀ ਪ੍ਰਤੀਨਿੱਧ ਦੀਆਂ ਸੇਵਾਵਾਂ ਨੂੰ ਮੁਅੱਤਲ ਕਰਕੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਦਿਆਂ ਹਰਿਆਣਾ ਪ੍ਰਦੇਸ਼ ਨੂੰ 8500 ਕਿਉਸਿਕ ਫਿਰ ਪਾਣੀ ਛੱਡ ਦਿੱਤਾ। ਜਦੋਂਕਿ ਆਪਣੇ ਹਿੱਸੇ ਦਾ ਸਾਲ ਮਈ 2024 ਤੋਂ ਸਾਲ 2025 ਤੱਕ ਆਪਣੇ ਹਿੱਸੇ ਦਾ ਪਾਣੀ 8550 ਕਿਉਸਿਕ ਬਕਾਇਦਾ ਹਾਸਲ ਕਰਕੇ ਵਰਤੋਂ ‘ਚ ਲਿਆ ਚੁੱਕਾ ਹੈ। ਗੱਲਬਾਤ ਦੌਰਾਨ ਡਾਇਰੈਕਟਰ ਤੇ ਸੂਬਾਈ ਕਿਸਾਨ ਆਗੂ ਜਸਬੀਰ ਸਿੰਘ ਸੁਰ ਸਿੰਘ ਨੇ ਰਾਜਸੀ ਤਿੱਖੇ ਹਮਲੇ ਜਾਰੀ ਰੱਖਦਿਆਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕੇਂਦਰੀ ਸਰਕਾਰ ਦੇ ਆਲਾ ਅਧਿਕਾਰੀਆਂ ਨਾਲ ਨਿਰੰਤਰ ਮੀਟਿੰਗਾਂ ‘ਚ ਤਰਕਪੂਰਨ ਤੱਥ ਪੇਸ਼ ਕਰਕੇ ਸਪੱਸ਼ਟ ਕੀਤਾ ਹੋਇਆ ਹੈ ਕਿ ਪੰਜਾਬ ਕੋਲ ਇੱਕ ਤੁਪਕਾ ਵੀ ਵਾਧੂ ਪਾਣੀ ਨਹੀਂ ਹੈ। ਹਰਿਆਣਾ ਸਮੇਤ ਹੋਰ ਸੂਬਿਆਂ ਨੂੰ ਪੰਜਾਬ ਦਾ ਦਰਿਆਈ ਪਾਣੀ ਦੇਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਅਤੇ ਕੇਂਦਰ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚਿੱਠੀਆਂ ਲਿਖਣ ਅਤੇ ਸ਼ੋਸ਼ਲ ਮੀਡੀਆ ਰਾਹੀਂ ਜਨਤਕ ਤੌਰ ਤੇ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਵਾਧੂ ਨਾ ਹੋਣ ਦਾ ਪੱਖ ਸਪੱਸ਼ਟ ਕੀਤੇ ਜਾਣ ਦੇ ਬਾਵਜੂਦ ਕੇਂਦਰੀ ਮੋਦੀ ਸਰਕਾਰ ਤੇ ਭਾਜਪਾ ਨੇ ਪੰਜਾਬ ਦੇ ਪਾਣੀਆਂ ਤੇ ਬੜੀ ਬੇਕਿਰਕੀ ਨਾਲ ਡਾਕਾ ਮਾਰਨ ਤੋਂ ਸੰਕੋਚ ਨਹੀਂ ਕੀਤਾ।ਉਨ੍ਹਾਂ ਨੇ ਪੰਜਾਬ ਤੋਂ ਕੇਂਦਰੀ ਭਾਜਪਾ ਸਰਕਾਰ ਪ੍ਰਤੀਨਿੱਧਤਾ ਕਰਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਪੰਜਾਬ ਦੇ ਨਾਲ ਪਾਣੀਆਂ ਦੇ ਮੱੁਦੇ ਤੇ ਹੋਈ ਧੱਕੇਸ਼ਾਹੀ ਦੇ ਰੋਸ ‘ਚ ਪੰਜਾਬ ਨਾਲ ਖੜੇ ਹੋਣ ਦੀ ਬਜਾਏ ਕੇਂਦਰ ਤੇ ਹਰਿਆਣਾ ਭਾਜਪਾ ਸਰਕਾਰ ਦਾ ਪੱਖ ਪੂਰਨ ਜਾਂ ਮੂਕ ਦਰਸ਼ਕ ਬਣੇ ਰਹਿਣ ਤੇ ਸੁਆਲ ਉਠਾਉਂਦਿਆਂ ਪੁਛਿਆ ਕਿ ਪੰਜਾਬ ਭਾਜਪਾ ਤੇ ਪੰਜਾਬ ਤੋਂ ਕੇਂਦਰੀ ਮੰਤਰੀ ਆਪਣਾ ਪੱਖ ਸਪੱਸ਼ਟ ਕਰਨ ਕਿ ਪੰਜਾਬ ਨਾਲ ਪਾਣੀਆਂ ਦੇ ਮੱੁਦੇ ਤੇ ਧੋਖਾ ਕਰਨ ਵਾਲੀ ਹਰਿਆਣਾ ਤੇ ਕੇਂਦਰ ਸਰਕਾਰ ਨਾਲ ਹਨ, ਜਾਂ ਫਿਰ ਪੰਜਾਬ ਦੇ ਹਿੱਤਾਂ ਦੇ ਨਾਲ ਖੜੇ ਹਨ। ਡਾਇਰੈਕਟਰ ਸ: ਸੁਰ ਸਿੰਘ ਨੇ ਸਪੱਸ਼ਟ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਵਾਸੀਆਂ ਲਈ ਸੁਰੱਖਿਅਤ ਰੱਖਣ ਹਿੱਤ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ , ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ‘ਚ ਆਪ ਦੀ ਸਮੁੱਚੀ ਲੀਡਰਸ਼ਿਪ , ਵਲੰਟੀਅਰ ਤੇ ਕਿਸਾਨ ਵਿੰਗ ਆਪਣੀ ਸਾਰੀ ਸ਼ਕਤੀ ਝੌਂਕ ਦੇਣਗੇ।