ਸ੍ਰੀ ਫ਼ਤਹਿਗੜ੍ਹ ਸਾਹਿਬ/2 ਮਈ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਆਰਟਸ ਵਿਭਾਗ ਵਿਚ ਬੀ.ਏ. ਭਾਗ ਤੀਸਰਾ ਦੇ ਵਿਦਿਆਰਥੀਆਂ ਨੂੰ ਬੀ.ਏ. ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਬੀ.ਏ. ਭਾਗ ਦੂਜਾ ਅਤੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪਾਰਟੀ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਵਨੀਤਾ ਗਰਗ ਨੂੰ ਬੂਟਾ ਭੇਟ ਕਰਕੇ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਵਨੀਤਾ ਗਰਗ ਦੁਆਰਾ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸ਼ਾਨਦਾਰ ਪ੍ਰਾਪਤੀਆਂ ਲਈ ਹੱਲਾਸ਼ੇਰੀ ਦਿੱਤੀ ਗਈ ਅਤੇ ਆਪਣੀ ਪੜ੍ਹਾਈ ਦੇ ਆਧਾਰ ਤੇ ਮਿਹਨਤ ਕਰਕੇ ਉੱਚੀਆਂ ਪਦਵੀਆਂ ਤੇ ਪਹੁੰਚਣ ਦੀ ਕਾਮਨਾ ਵੀ ਕੀਤੀ। ਕਾਲਜ ਵਿੱਚ ਚੱਲ ਰਹੇ ਪੋਸਟ ਗ੍ਰੈਜੂਏਸ਼ਨ ਦੇ ਕੋਰਸਾਂ ਵਿੱਚ ਦਾਖਲਾ ਲੈ ਕੇ ਉੱਚੀ ਅਤੇ ਮਿਆਰੀ ਸਿੱਖਿਆ ਲੈਣ ਦੀ ਵੀ ਹੱਲਾਸ਼ੇਰੀ ਦਿੱਤੀ ਗਈ। ਬੀ.ਏ. ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ. ਭਾਗ ਤੀਜਾ ਦੇ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਉਨਾਂ ਲਈ ਸਟੇਜ ਤੇ ਵੱਖ-ਵੱਖ ਗੇਮਾਂ ਰੱਖ ਕੇ ਉਨਾਂ ਦਾ ਮਨੋਰੰਜਨ ਵੀ ਕੀਤਾ ਗਿਆ। ਬੀ.ਏ. ਭਾਗ ਤੀਜਾ ਦੇ ਲੜਕਿਆਂ ਵਿੱਚੋਂ ਮਨਿੰਦਰਜੀਤ ਸਿੰਘ ਨੂੰ ਮਿਸਟਰ ਫੇਅਰਵੈਲ ਅਤੇ ਲੜਕੀਆਂ ਵਿੱਚੋਂ ਹਰਮਨਦੀਪ ਕੌਰ ਨੂੰ ਮਿਸ ਫੇਅਰਵੈਲ ਚੁਣਿਆ ਗਿਆ।ਜੱਜਮੈਂਟ ਦੀ ਭੂਮਿਕਾ ਡਾ. ਵਿਭਾ ਸਹਿਜਪਾਲ, ਡਾ. ਨਵਜੋਤ ਕੌਰ ਅਤੇ ਡਾ. ਸਤਪਾਲ ਸਿੰਘ ਦੁਆਰਾ ਨਿਭਾਈ ਗਈ। ਪਾਰਟੀ ਦਾ ਪ੍ਰਬੰਧ ਡਾ. ਜਸਪ੍ਰੀਤ ਕੌਰ, ਡਾ. ਰੂਪ ਕਮਲ ਕੌਰ, ਡਾ. ਦਲਬੀਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਦਵਿੰਦਰ ਸਿੰਘ, ਡਾ. ਸੁਰਿੰਦਰ ਸਿੰਘ ਅਤੇ ਅਸਿਸਟੈਂਟ ਪ੍ਰੋਫੈਸਰ ਵਿਜੇ ਕੁਮਾਰ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।