ਚੰਡੀਗੜ੍ਹ, 23 ਮਈ
ਪੰਜਾਬ ਭਾਜਪਾ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪ ਆਗੂ ਨੀਲ ਗਰਗ ਨੇ ਕਿਹਾ ਕਿ 'ਆਪ' ਸਰਕਾਰ ਨੇ ਨਵੀਂ ਲੈਂਡ ਪੂਲਿੰਗ ਸਕੀਮ ਸ਼ੁਰੂ ਕਰਕੇ ਭੂ-ਮਾਫ਼ੀਆ ਨੂੰ ਇੱਕ ਫੈਸਲਾਕੁੰਨ ਝਟਕਾ ਦਿੱਤਾ ਹੈ। ਇਹ ਪ੍ਰੋਜੈਕਟ ਸਿਰਫ਼ ਇੱਕ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ ਹੈ, ਸਗੋਂ ਇੱਕ ਮਹੱਤਵਪੂਰਨ ਪਹਿਲ ਹੈ ਜੋ ਪੰਜਾਬ ਦੇ ਭਵਿੱਖ ਦੀ ਨੀਂਹ ਸਥਾਪਿਤ ਕਰਦੀ ਹੈ। ਹਾਲਾਂਕਿ, ਇਸ ਲੋਕ-ਕੇਂਦ੍ਰਿਤ ਕਦਮ ਤੋਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਬੌਖਲਾ ਗਏ ਹਨ , ਜਿਨ੍ਹਾਂ ਨੇ ਭੂ-ਮਾਫ਼ੀਆ ਦੇ ਬੇਰੋਕ ਰਾਜ ਦੌਰਾਨ ਲੰਬੇ ਸਮੇਂ ਤੋਂ ਪੰਜਾਬ ਦੇ ਸਰੋਤਾਂ ਨੂੰ ਲੁੱਟਿਆ ਹੈ।
'ਆਪ' ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ, "ਇਸ ਮੁੱਦੇ 'ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ ਤਾਲਿਬਾਨ ਦੁਆਰਾ ਸ਼ਾਂਤੀ ਦੀ ਮੰਗ ਕਰਨ ਵਾਂਗ ਹੈ। ਇਹ ਉਹੀ ਭਾਜਪਾ ਹੈ ਜਿਸਦੀਆਂ ਨੀਤੀਆਂ ਦੇ ਨਤੀਜੇ ਵਜੋਂ ਕਿਸਾਨੀ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋਈ। ਅਕਾਲੀ-ਭਾਜਪਾ ਅਤੇ ਕਾਂਗਰਸ ਸ਼ਾਸਨ ਨੇ ਭੂ-ਮਾਫ਼ੀਆ ਨੂੰ ਸਮਰੱਥ ਬਣਾਇਆ, ਵਿਧਾਇਕਾਂ ਅਤੇ ਨੌਕਰਸ਼ਾਹਾਂ ਨੂੰ ਉਗਰਾਹੀ ਏਜੰਟਾਂ ਵਿੱਚ ਬਦਲ ਦਿੱਤਾ ਜਦੋਂ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ।"
ਨੀਲ ਗਰਗ ਨੇ 'ਆਪ' ਦੀ ਭੂ- ਨੀਤੀ ਦੇ ਇਨਕਲਾਬੀ ਪਹਿਲੂਆਂ ਨੂੰ ਉਜਾਗਰ ਕੀਤਾ, ਇਸ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ 'ਤੇ ਜ਼ੋਰ ਦਿੱਤਾ। ਇਸ ਨੀਤੀ ਦੇ ਤਹਿਤ, ਕੋਈ ਵੀ ਜ਼ਮੀਨ ਉਸ ਦੇ ਮਾਲਕਾਂ ਤੋਂ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਨਹੀਂ ਲਈ ਜਾਵੇਗੀ। ਜ਼ਮੀਨ ਦੇਣ ਵਾਲੇ ਹਰੇਕ ਜ਼ਮੀਨ ਮਾਲਕ ਨੂੰ 1,000 ਵਰਗ ਗਜ਼ ਰਿਹਾਇਸ਼ੀ ਪਲਾਟ ਅਤੇ 200 ਵਰਗ ਗਜ਼ ਵਪਾਰਕ ਪਲਾਟ ਮਿਲਣਗੇ, ਜਿਸ ਨਾਲ ਬਰਾਬਰ ਮੁਆਵਜ਼ਾ ਯਕੀਨੀ ਬਣਾਇਆ ਜਾਵੇਗਾ। ਕਿਸਾਨਾਂ ਨਾਲ ਸਿੱਧੀ ਭਾਈਵਾਲੀ ਸਥਾਪਤ ਕਰਕੇ ਅਤੇ ਵਿਚੋਲਿਆਂ ਨੂੰ ਖਤਮ ਕਰਕੇ, ਨੀਤੀ ਸਾਰੇ ਹਿੱਸੇਦਾਰਾਂ ਲਈ ਪਾਰਦਰਸ਼ਤਾ ਅਤੇ ਵੱਧ ਤੋਂ ਵੱਧ ਲਾਭਾਂ ਦੀ ਗਰੰਟੀ ਦਿੰਦੀ ਹੈ। ਇਸ ਤੋਂ ਇਲਾਵਾ, ਜ਼ਮੀਨ ਮਾਲਕ ਬਿਨਾਂ ਕਿਸੇ ਨੁਕਸਾਨ ਜਾਂ ਮੁਸ਼ਕਲ ਦੇ ਆਪਣੀ ਜਾਇਦਾਦ ਦੀ ਕੀਮਤ ਦਾ ਚਾਰ ਗੁਣਾ ਤੱਕ ਕਮਾਉਣ ਦਾ ਮੌਕਾ ਮਿਲੇਗਾ। ਇਹ ਪਹਿਲ ਪੰਜਾਬ ਦੇ ਵਿਕਾਸ ਲਈ ਇੱਕ ਸੱਚੀ ਗੇਮ-ਚੇਂਜਰ ਬਣੇਗੀ।
ਗਰਗ ਨੇ ਕਿਹਾ "ਇਹ ਕਦਮ ਨਿਰਪੱਖ, ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ, ਉਨ੍ਹਾਂ ਦਾ ਸ਼ੋਸ਼ਣ ਨਾ ਕਰਨ ਪ੍ਰਤੀ ਸਾਡੇ ਸਮਰਪਣ ਨੂੰ ਦਰਸਾਉਂਦਾ ਹੈ।
ਨੀਲ ਗਰਗ ਨੇ ਵਿਰੋਧੀ ਧਿਰ 'ਤੇ ਜਾਣਬੁੱਝ ਕੇ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ "ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਬੌਖਲਾ ਗਏ ਹਨ ਕਿਉਂਕਿ ਉਹ ਹੁਣ ਆਪਣੇ ਲਾਭ ਲਈ ਪੰਜਾਬ ਦੇ ਸਰੋਤਾਂ ਨੂੰ ਲੁੱਟ ਨਹੀਂ ਸਕਣਗੇ। ਅਸਲ ਸਵਾਲ ਇਹ ਹੈ ਕਿ ਕੀ ਉਹ ਲੋਕਾਂ ਦੇ ਨਾਲ ਹਨ ਜਾਂ ਭੂ-ਮਾਫ਼ੀਆ ਦੇ ਨਾਲ?"
ਗਰਗ ਨੇ ਕਿਹਾ ਕਿ ਨਿਊ ਅਰਬਨ ਅਸਟੇਟ ਪ੍ਰੋਜੈਕਟ ਪੰਜਾਬ ਦੀ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਅਤੇ ਹਰ ਨਾਗਰਿਕ ਲਈ ਨਿਆਂ ਯਕੀਨੀ ਬਣਾਉਣ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੀ ਨੀਤੀ ਪਾਰਦਰਸ਼ਤਾ, ਨਿਰਪੱਖਤਾ ਅਤੇ ਤਰੱਕੀ 'ਤੇ ਅਧਾਰਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਅਸੀਂ ਇੱਕ ਅਜਿਹਾ ਪੰਜਾਬ ਬਣਾ ਰਹੇ ਹਾਂ ਜਿੱਥੇ ਸ਼ਾਸਨ ਲੋਕਾਂ ਨੂੰ ਤਰਜੀਹ ਦਿੰਦਾ ਹੈ, ਨਾ ਕਿ ਨਿੱਜੀ ਹਿੱਤਾਂ ਨੂੰ।