ਸ੍ਰੀ ਫ਼ਤਹਿਗੜ੍ਹ ਸਾਹਿਬ/24 ਮਈ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮੁਫਤ ਸਿੱਖਿਆ ਸਕੀਮ ਤਹਿਤ ਪਹਿਲੇ ਬੈਚ ਵਿਚੋਂ ਪਾਸ ਹੋਣ ਵਾਲੀਆਂ ਅੰਮ੍ਰਿਤਧਾਰੀ ਲੜਕੀਆਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਵਾਈਸ–ਚਾਂਸਲਰ ਪ੍ਰੋਫੈਸਰ ਡਾ. ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਧਰਮ ਅਧਿਐਨ ਵਿਭਾਗ ਨੂੰ ਵਧਾਈ ਦਿੰਦਿਆਂ ਇਸ ਉਪਰਾਲੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ, ਸ੍ਰੀ ਅੰਮ੍ਰਿਤਸਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਚੋਣਵੇਂ ਵਿਦਿਆਰਥੀਆਂ ਦੀ ਪੜ੍ਹਾਈ ਦੀ ਅਕਾਦਮਿਕ ਫੀਸ, ਰਿਹਾਇਸ਼ ਅਤੇ ਖਾਣੇ ਦਾ ਖਰਚ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲੇ ਬੈਚ ਨੇ ਨਾ ਸਿਰਫ ਸਫਲਤਾ ਪੂਰਵਕ ਆਪਣਾ ਅਧਿਐਨ ਪੂਰਾ ਕੀਤਾ ਹੈ, ਸਗੋਂ ਪੜ੍ਹਾਈ ਦੇ ਨਾਲ ਨਾਲ ਹੋਰ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਵੀ ਵੱਡੀਆਂ ਮੱਲਾਂ ਮਾਰਦਿਆਂ ਯੂਨੀਵਰਸਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪੰਥ ਦਾ ਨਾਂ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕਿ ਇਸ ਸਕੀਮ ਤਹਿਤ ਯੋਗ ਵਿਦਿਆਰਥੀ ਯੂਨੀਵਰਸਿਟੀ ਦੇ ਕਿਸੇ ਵੀ ਪ੍ਰੋਗਰਾਮ ਦੀ ਮੁਫਤ ਪੜ੍ਹਾਈ ਕਰ ਸਕਦਾ ਹੈ। ਪਹਿਲੇ ਬੈਚ ਵਿਚੋਂ ਲਵਪ੍ਰੀਤ ਕੌਰ ਨੇ ਐਮ.ਐਸ.ਸੀ ਬੌਟਨੀ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਦਿਲਜੀਤ ਕੌਰ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਹੈ। ਸਿਮਰਨਜੀਤ ਕੌਰ ਨੇ ਨੈਸ਼ਨਲ ਅਸਾਮ ਗਤਕਾ ਵਿੱਚ ਪਹਿਲਾ ਸਥਾਨ ਗੋਆ ਗਤਕਾ ਮੁਕਾਬਲੇ ਵਿੱਚ ਦੂਜਾ ਸਥਾਨ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੋਨ ਤਮਗਾ ਅਤੇ ਨਗਦ ਇਨਾਮ ਵੀਹ ਹਜਾਰ ਰੁਪਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਤਕਾ ਮੁਕਾਬਲਿਆਂ ਵਿੱਚ ਨਗਦ ਨਾਮ ਸੱਤ ਹਜਾਰ ਰੁਪਏ/ਦੂਜਾ ਸਥਾਨ ਹਾਸਿਲ ਕੀਤਾ ਹੈ। ਕੁਲਵਿੰਦਰ ਕੌਰ ਨੇ ਪਟਿਆਲਾ ਵਿਖੇ ਹੋਏ ਕੌਮੀ ਦੁਮਾਲਾ ਮੁਕਾਬਲੇ ਵਿੱਚ ਪਹਿਲਾ ਸਥਾਨ, ਕਵਿਤਾ ਮੁਕਾਬਲੇ ਵਿੱਚ ਦੂਜਾ ਤੇ ਲੇਖ ਮੁਕਾਬਲੇ ਵਿੱਚ ਦੂਜਾ ਇਨਾਮ ਹਾਸਿਲ ਕੀਤਾ ਹੈ। ਪ੍ਰਭਸਿਮਰਨ ਕੌਰ ਨੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਅਤੇ ਸਵਾਲ–ਜਵਾਬ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਵਿਦਿਆਰਥੀ ਨੇ ਰਿਮਟ ਯੂਨੀਵਰਸਿਟੀ ਵਿਖੇ ਰੰਗੋਲੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਸਿੱਖਿਆ ਹਾਸਿਲ ਕਰ ਰਹੀਆਂ ਬੱਚੀਆਂ ਨੇ ਯੂਨੀਵਰਸਿਟੀ ਵਿਖੇ ਹੋਏ ਵੱਖੋ ਵੱਖ ਕੌਮੀ ਮੁਕਾਬਲਿਆਂ ਵਿੱਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਇਹ ਯੋਜਨਾ ਅੱਗੇ ਵੀ ਜਾਰੀ ਰਹੇਗੀ ਜਿਸ ਤੋਂ ਅੰਮ੍ਰਿਤਧਾਰੀ ਬੱਚੀਆਂ ਭਰਪੂਰ ਲਾਹਾ ਲੈ ਸਕਦੀਆਂ ਹਨ। ਪ੍ਰੋਫੈਸਰ ਬਿਲਿੰਗ ਨੇ ਦੱਸਿਆ ਕਿ ਮੁਫਤ ਸਿਖਿਆ ਯੋਜਨਾ ਤਹਿਤ ਪਹਿਲੇ ਬੈਚ ਵਿਚ ਸੌ ਬੱਚੀਆਂ ਦਾਖਲ ਕੀਤੀਆਂ ਗਈਆਂ ਸਨ ਜਦਕਿ ਇਸ ਯੋਜਨਾ ਨੂੰ ਧਿਆਨ ਵਿਚ ਰਖਦਿਆਂ ਧਰਮ ਪ੍ਰਚਾਰ ਕਮੇਟੀ ਵੱਲੋਂ ਅਗਲੇ ਸਾਲ ਸੱਤਰ ਸੀਟਾ ਹੋਰ ਵਧਾ ਦਿੱਤੀਆਂ ਗਈਆਂ ਸਨ। ਉਨ੍ਹਾਂ ਖੁਸ਼ੀ ਜਾਹਿਰ ਕੀਤੀ ਕਿ ਇਹ ਬੱਚੀਆਂ ਜਿਥੇ ਅਕਾਦਮਿਕ ਤੌਰ ਤੇ ਸਮਰੱਥ ਬਣ ਕੇ ਅਗਲੇਰੀ ਪੜ੍ਹਾਈ ਜਾਂ ਰੁਜਗਾਰ ਵੱਲ ਵਧ ਰਹੀਆਂ ਹਨ ਉਥੇ ਇਹ ਇਕ ਚੰਗੇ ਕਿਰਦਾਰ ਅਤੇ ਮਰਯਾਦਾ ਨੂੰ ਸਿਖ ਚੁਕੀਆਂ ਹਨ। ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ. ਅੰਕਦੀਪ ਕੌਰ, ਕੋਆਡੀਨੇਟਰ ਆਈ.ਕਿਊ.ਏ.ਸੀ. ਸੈਲ, ਡਾ. ਹਰਨੀਤ ਬਿਲਿੰਗ, ਮੁਖੀ ਸਿੱਖਿਆ ਵਿਭਾਗ, ਹੋਸਟਲ ਵਾਰਡਨ ਨਰਿੰਦਰ ਕੌਰ ਅਤੇ ਧਰਮ ਅਧਿਐਨ ਵਿਭਾਗ ਤੋਂ ਡਾ. ਪਲਵਿੰਦਰ ਕੌਰ ਤੇ ਜਸਵੀਰ ਸਿੰਘ ਹਾਜਰ ਸਨ।