ਸ੍ਰੀ ਫ਼ਤਹਿਗੜ੍ਹ ਸਾਹਿਬ/26 ਮਈ:
(ਰਵਿੰਦਰ ਸਿੰਘ ਢੀਂਡਸਾ)
“ਮੁਲਕ ਵਿਚ ਜੋ ਵੀ ਇਨਸਾਫ ਪਸੰਦ ਅਤੇ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆ ਸਖਸ਼ੀਅਤਾਂ ਹਨ, ਉਨ੍ਹਾਂ ਵਿਰੁੱਧ ਅਕਸਰ ਹੀ ਮੋਦੀ-ਬੀਜੇਪੀ-ਆਰ.ਐਸ.ਐਸ ਹਕੂਮਤ ਨਫਰਤ ਭਰੀਆ ਭਾਵਨਾਵਾ ਅਧੀਨ ਹੀ ਅਮਲ ਕਰਦੀਆ ਨਜਰ ਆ ਰਹੀਆ ਹਨ । ਜਦੋਕਿ ਅਜਿਹੀਆ ਸਖਸ਼ੀਅਤਾਂ ਦੀ ਦ੍ਰਿੜਤਾ ਤੇ ਸੱਚਾਈ ਤੇ ਪਹਿਰਾ ਦੇਣ ਦੀ ਬਦੌਲਤ ਹੀ ਇਥੋ ਦੇ ਨਿਵਾਸੀਆ ਨੂੰ ਕੁਝ ਇਨਸਾਫ਼ ਦੀ ਆਸ ਬੱਝਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੱਤਿਆਪਾਲ ਮਲਿਕ ਜੋ ਕਿ ਬੀਤੇ ਸਮੇਂ ਵਿਚ ਬਹੁਤ ਹੀ ਮਹੱਤਵਪੂਰਨ ਅਹੁਦਿਆਂ ਤੇ ਆਪਣੀਆ ਜਿੰਮੇਵਾਰੀਆ ਨਿਭਾਅ ਚੁੱਕੇ ਹਨ । ਲੇਕਿਨ ਉਨ੍ਹਾਂ ਵਿਚ ਇਨਸਾਨੀਅਤ ਅਤੇ ਸੱਚ ਏਨਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਕਿ ਉਨ੍ਹਾਂ ਨੇ ਕਦੀ ਵੀ ਝੂਠ ਫਰੇਬ ਜਾਂ ਜ਼ਬਰ-ਜੁਲਮ ਦਾ ਸਾਥ ਨਹੀ ਦਿੱਤਾ ਬਲਕਿ ਜਿਨ੍ਹਾਂ ਕੌਮਾਂ, ਲੋਕਾਂ ਵਿਰੁੱਧ ਹੁਕਮਰਾਨ ਜ਼ਬਰ ਜੁਲਮ ਕਰਦੇ ਹਨ, ਉਸ ਵਿਰੁੱਧ ਦ੍ਰਿੜਤਾ ਨਾਲ ਆਵਾਜ ਉਠਾਉਦੇ ਹੋਏ ਉਹ ਆਪਣੇ ਇਨਸਾਨੀ ਫਰਜਾਂ ਦੀ ਨਿਰੰਤਰ ਪੂਰਤੀ ਕਰਦੇ ਆ ਰਹੇ ਹਨ । ਫਿਰ ਉਹ ਸਰ ਛੋਟੂ ਰਾਮ ਵਰਗੇ ਇਤਿਹਾਸਿਕ ਆਗੂਆਂ ਦੇ ਨਾਲ ਵੀ ਵੱਡੇ ਉੱਦਮ ਕਰਦੇ ਰਹੇ ਹਨ । ਜੋ ਕਿਸਾਨਾਂ ਅਤੇ ਆਮ ਲੋਕਾਂ ਦੇ ਮਸਲਿਆਂ ਲਈ ਲੜਦੇ ਰਹੇ ਹਨ । ਅਜਿਹੇ ਇਨਸਾਨ ਵਿਰੁੱਧ ਮੰਦਭਾਵਨਾ ਅਧੀਨ ਕੇਸ ਦਰਜ ਕਰ ਦੇਣੇ ਤਾਂ ਜੰਗਲ ਦੇ ਰਾਜ ਵਾਲੇ ਅਮਲ ਹਨ । ਬੀਜੇਪੀ-ਆਰ.ਐਸ.ਐਸ ਕਿਸਾਨਾਂ ਤੇ ਆਮ ਲੋਕਾਂ ਦੇ ਵਿਰੁੱਧ ਹੈ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੱਤਿਆਪਾਲ ਮਲਿਕ ਵਿਰੁੱਧ ਬੀਜੇਪੀ-ਆਰ.ਐਸ.ਐਸ. ਵੱਲੋ ਮੰਦਭਾਵਨਾ ਅਧੀਨ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਵਜਹ ਤੰਗ ਪ੍ਰੇਸਾਨ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।