ਸ੍ਰੀ ਫਤਿਹਗੜ੍ਹ ਸਾਹਿਬ/10 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਅਧੀਨ ਹਰ ਪਰਿਵਾਰ ਨੂੰ ਸਲਾਨਾ 10 ਲੱਖ ਤੱਕ ਦਾ ਮੁਫਤ ਅਤੇ ਕੈਸ਼ਲੈਸ ਇਲਾਜ ਇਲਾਜ ਪ੍ਰਦਾਨ ਕੀਤਾ ਜਾਵੇਗਾ। ਇਸ ਸਕੀਮ ਦਾ ਲਾਭ ਪੰਜਾਬ ਦੇ ਹਰ ਪਰਿਵਾਰ ਨੂੰ ਹੋਵੇਗਾ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਸਰਕਾਰ ਵੱਲੋਂ ਇਸ ਸਿਹਤ ਯੋਜਨਾ ਦੇ ਵਿੱਚ ਕੋਈ ਆਮਦਨੀ ਦੀ ਹੱਦ, ਉਮਰ ਹੱਦ ਜਾਂ ਲਿੰਗ ਦੀ ਸੀਮਾ ਨਹੀਂ ਰੱਖੀ ਗਈ ਤੇ ਇਸ ਸਕੀਮ ਦਾ ਲਾਭ ਪੰਜਾਬ ਦੇ ਹਰ ਪਰਿਵਾਰ ਨੂੰ ਯਾਨੀ ਕੇ 65 ਲੱਖ ਪਰਿਵਾਰਾਂ (ਤਿੰਨ ਕਰੋੜ ਲੋਕਾਂ) ਨੂੰ ਦਿੱਤਾ ਜਾਵੇਗਾ।ਇਸ ਦੀ ਰਜਿਸਟਰੇਸ਼ਨ ਕਿਸੇ ਵੀ ਸੇਵਾ ਕੇਂਦਰ ਵਿੱਚ ਵੋਟਰ ਆਈਡੀ ਕਾਰਡ ਜਾਂ ਆਧਾਰ ਕਾਰਡ ਨਾਲ ਪੰਜ਼ਾਬ ਦਾ ਹਰ ਪੱਕਾ ਵਸਨੀਕ ਕਰਵਾ ਸਕਦਾ ਹੈ।ਉਹਨਾਂ ਕਿਹਾ ਕਿ ਆਯੁਸ਼ਮਾਨ ਭਾਰਤ ਬੀਮਾ ਯੋਜਨਾ ਦੇ ਤਹਿਤ ਪਹਿਲਾਂ ਉਕਤ ਇਲਾਜ ਦੇ ਲਈ 5 ਲੱਖ ਰੁਪਏ ਮਿਲਦੇ ਸਨ, ਹੁਣ ਉਸ ਨੂੰ ਵਧਾ ਕੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਕਰ ਦਿੱਤਾ ਗਿਆ ਹੈ ਜੋ ਕਿ 02 ਅਕਤੂਬਰ 2025 ਤੋਂ ਸ਼ੁਰੂ ਹੋ ਜਾਵੇਗੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਤਹਿਤ ਪੂਰਾ ਇਲਾਜ ਕੈਸ਼ਲੈਸ ਹੋਵੇਗਾ ਅਤੇ ਸਰਕਾਰੀ ਅਤੇ ਪੈਨਲ ਵਾਲੇ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਸਰਕਾਰ ਵੱਲੋਂ ਸਿੱਧੇ ਤੌਰ ਤੇ ਕਰਵਾਇਆ ਜਾਵੇਗਾ।