ਸ੍ਰੀ ਫ਼ਤਹਿਗੜ੍ਹ ਸਾਹਿਬ/12 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ "ਵਿਸ਼ਵ ਆਬਾਦੀ ਦਿਵਸ" ਦੇ ਮੌਕੇ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੀ ਲਗਾਤਾਰ ਵੱਧ ਰਹੀ ਅਬਾਦੀ ਦੇ ਮਾੜੇ ਪ੍ਰਭਾਵਾਂ , ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਬਾਦੀ ਨੂੰ ਕੰਟਰੋਲ ਕਰਨ ਲਈ ਪਰਿਵਾਰ ਭਲਾਈ ਦੇ ਸਥਾਈ ਤੇ ਅਸਥਾਈ ਤਰੀਕਿਆਂ , ਇਸ ਸਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਬਾਰੇ ਮਾਹਿਰਾਂ ਵੱਲੋਂ ਮਰੀਜ਼ਾਂ ,ਉਨਾਂ ਦੇ ਵਾਰਸਾਂ, ਯੋਗ ਜੋੜਿਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਸੰਸਾਰ ਭਰ ਵਿੱਚ "ਵਿਸਵ ਅਬਾਦੀ ਦਿਵਸ" ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ।ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਸੰਸਾਰ ਭਰ ਵਿੱਚ ਲਗਾਤਾਰ ਵਧ ਰਹੀ ਆਬਾਦੀ ਦੀਆਂ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ , ਇੱਕ ਸੰਤੁਲਿਤ ਨਿਆਪੂਰਨ ਅਤੇ ਖੁਸ਼ਹਾਲ ਸੰਸਾਰ ਲਈ ਇੱਕਜੁੱਟ ਹੋਣ ,ਪ੍ਰਜਨਨ ਸਿਹਤ, ਪਰਿਵਾਰ ਨਿਯੋਜਨ ਅਤੇ ਟਿਕਾਊ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਲਈ ਉਸ ਦੇਸ ਦੀ ਆਬਾਦੀ ਦਾ ਸਥਿਰ ਹੋਣਾ ਅਤੀ ਜਰੂਰੀ ਹੁੰਦਾ ਹੈ, ਜੇਕਰ ਦੇਸ਼ ਦੀ ਆਬਾਦੀ ਕੰਟਰੋਲ ਵਿੱਚ ਨਹੀਂ ਹੋਵੇਗੀ ਤਾਂ ਉਸ ਦੇਸ਼ ਦੀ ਤਰੱਕੀ ਵਿਖਾਈ ਨਹੀਂ ਦਿੰਦੀ, ਇਸ ਲਈ ਸਾਨੂੰ ਆਪੋ ਆਪਣੇ ਪਰਿਵਾਰ ਨੂੰ ਸੀਮਤ ਰੱਖਣਾ ਚਾਹੀਦਾ ਹੈ। ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ ਨੇ ਕਿਹਾ ਕਿ ਪਰਿਵਾਰ ਨਿਯੋਜਨ ਦੇ ਅਸਥਾਈ ਜਾਂ ਸਥਾਈ ਤਰੀਕੇ ਅਪਣਾ ਕੇ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ ਤੇ ਪਰਿਵਾਰ ਨਿਯੋਜਨ ਦੀਆਂ ਸਾਰੀਆਂ ਸੇਵਾਵਾਂ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਪਰਿਵਾਰਾਂ ਨੂੰ ਸੀਮਤ ਰੱਖਣ ਨਾਲ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਵੀ ਕਮੀਂ ਹੋਵੇਗੀ ਅਤੇ ਦੇਸ਼ ਅੰਦਰੋ ਬੇਰੁਜ਼ਗਾਰੀ, ਅਨਪੜ੍ਹਤਾ, ਕੁਪੋਸ਼ਣ, ਗਰੀਬੀ ਅਤੇ ਕੱਟੜਤਾ ਵਰਗੀਆਂ ਸਮਸਿਆਵਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ। ਇਸ ਮੌਕੇ ਅੱਖਾਂ ਦੇ ਮਾਹਰ ਡਾ. ਜਸਪ੍ਰੀਤ ਸਿੰਘ ਬੇਦੀ, ਬੱਚਿਆਂ ਦੇ ਮਾਹਰ ਡਾ. ਸਤਵਿੰਦਰ ਸਿੰਘ, ਜਿਲਾ ਐਪੀਡਿਮਾਲੋਜਿਸਟ ਡਾ. ਸੰਪਨ ਅੱਤਰੀ, ਡਾ. ਕਸੀਤਿਜ ਸੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਸਿਹਤ ਸੁਪਰਵਾਈਜਰ ਜਸਵਿੰਦਰ ਕੌਰ, ਏਐਨਐਮ ਮਨਪ੍ਰੀਤ ਕੌਰ, ਜਰਨੈਲ ਕੌਰ ,ਸਿਹਤ ਕਰਮਚਾਰੀ ਜਗਰੂਪ ਸਿੰਘ, ਨਰਸਿੰਗ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕ ਵੀ ਹਾਜ਼ਰ ਸਨ।