ਸ੍ਰੀ ਫ਼ਤਹਿਗੜ੍ਹ ਸਾਹਿਬ/15 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹਾ ਲਿਖਾਰੀ ਸਭਾ (ਰਜਿ) ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀਆਂ ਪਿਛਲੇ ਵਰ੍ਹੇ ਅਤੇ ਹੁਣੇ ਛਪੀਆਂ ਪੁਸਤਕਾਂ "ਰਿਆਸਤ-ਏ-ਰਾਣਾ" ਸਰਹਿੰਦ ਵਿਖੇ ਕਿੱਟੀ ਹਾਲ ਵਿੱਚ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿਚ ਨਿਬੰਧ-ਸੰਗ੍ਰਹਿ, 'ਉਮਰੋਂ ਲੰਮਾ ਹਾਉਕਾ', 'ਬਾਬਲ ਤੇਰਾ ਪਿੰਡ ਲੰਘ ਕੇ' ਅਤੇ ਸਮੀਖਿਆ ਦੀ ਪੁਸਤਕ 'ਤੁਸੀਂ ਕਿਹਾ ਮੈਂ ਸੁਣਿਆਂ' ਤੋਂ ਇਲਾਵਾ ਪਿਛਲੇ ਸਾਲ ਜਿਸਮਾਨੀ ਤੌਰ 'ਤੇ ਵਿੱਛੜੇ ਆਪਣੇ ਹਮਸਫ਼ਰ ਮੈਨੇਜਰ ਊਧਮ ਸਿੰਘ ਦੀ ਯਾਦ ਵਿੱਚ ਉਨ੍ਹਾਂ ਨੂੰ ਸਮਰਪਿਤ ਕਾਵਿ-ਸੰਗ੍ਰਹਿ 'ਇਹ ਕੌਣ ਜੋਗੀ ? ਸੰਖੇਪ ਤੇ ਪ੍ਰਭਾਵਸ਼ਾਲੀ ਪਰਿਵਾਰਿਕ ਸਮਾਗਮ ਕੀਤਾ ਗਿਆ। ਇਸ ਮੌਕੇ ਨੌਰਵੇ ਤੋਂ ਆਏ ਉਨ੍ਹਾਂ ਦੇ ਦਾਮਾਦ ਅੰਮ੍ਰਿਤਪਾਲ ਸਿੰਘ ਸੀਨੀਅਰ ਟੈਕਸ ਅਫ਼ਸਰ ਨੌਰਵੇ ਦੇ ਦੋਸਤ ਇੰਦਰਜੀਤ ਸਿੰਘ ਬਾਗੀ , ਉਨ੍ਹਾਂ ਦਾ ਸਾਰਾ ਸਤਿਕਾਰਤ ਚੱਢਾ ਪਰਿਵਾਰ ਤੇ ਦੋਸਤ ਮਿੱਤਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪਰਮਜੀਤ ਕੌਰ ਸਰਹਿੰਦ ਦੀ ਬੇਟੀ ਡਾ਼ ਮਨਦੀਪ ਕੌਰ ਨੌਰਵੇ , ਨੂੰਹ ਰੁਪਿੰਦਰਜੀਤ ਕੌਰ ,ਦੋਹਤਾ-ਦੋਹਤੀ ਪਾਹੁਲ ਸਿੰਘ ਤੇ ਰਿਦਮ ਕੌਰ ਨੌਰਵੇ ,ਪੋਤਰਾ ਪੂਨਮ ਪ੍ਰਤੀਕ ਸਿੰਘ ਅਤੇ ਪੋਤਰੀ ਸਾਹਿਬ ਸਵਾਬ ਕੌਰ ਵੀ ਆਪਣੇ ਦਾਦਾ ਜੀ ਨੂੰ ਸਮਰਪਿਤ ਪੁਸਤਕ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸਰਹਿੰਦ ਤੋਂ ਤਵਿੰਦਰ ਸਿੰਘ ਚੱਢਾ, ਹਰਜਿੰਦਰ ਸਿੰਘ ਚੱਢਾ, ਗੁਰਜੀਤ ਕੌਰ, ਦਰਸ਼ਨ ਕੌਰ, ਪਰਵਿੰਦਰ ਸਿੰਘ ਚੱਢਾ, ਵਿਕਰਮਜੀਤ ਸਿੰਘ, ਜਤਿੰਦਰਬੀਰ ਸਿੰਘ, ਜਸਲੀਨ ਕੌਰ, ਰਤਿੰਦਰ ਕੌਰ, ਸਵੀਟੀ, ਗੁਰਅਸੀਸ ਕੌਰ ਤੇ ਗੁਰਨਾਜ ਕੌਰ ਨੇ ਆਪਣੀ ਹਾਜ਼ਰੀ ਨਾਲ ਮੈਨੇਜਰ ਊਧਮ ਸਿੰਘ ਦੇ ਪਰਿਵਾਰ ਦਾ ਮਾਣ ਵਧਾਇਆ ਤੇ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਸਿਹਤ ਨਾਸਾਜ਼ ਹੋਣ ਕਾਰਨ ਉਹ ਇਸ ਮੁਹੱਬਤੀ ਮਿਲਣੀ ਵਿੱਚ ਥੋੜੀ ਦੇਰ ਹੀ ਸਾ਼ਮਲ ਹੋ ਸਕੇ ।ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਉਨ੍ਹਾਂ ਦੇ ਦਾਮਾਦ ਅੰਮ੍ਰਿਤਪਾਲ ਸਿੰਘ ਨੌਰਵੇ ਦੇ ਦੋਸਤ ਇੰਦਰਜੀਤ ਸਿੰਘ ਬਾਗੀ ਨੇ ਕੀਤਾ। ਇਹ ਪ੍ਰੋਗਰਾਮ ਭਾਵੇਂ ਸਾਹਿਤ ਨਾਲ ਸਬੰਧਤ ਸੀ ਪਰ ਇਹ ਵਿਲੱਖਣ ਸੀ। ਇਸ ਮੌਕੇ ਨਾ ਕੋਈ ਮੰਚ ਨਾ ਹੀ ਪ੍ਰਧਾਨਗੀ ਮੰਡਲ ਬਣਾਇਆ ਗਿਆ। ਇਹ ਪਰਿਵਾਰਕ ਮਿੱਤਰਾਂ ਤੇ ਸਖੀਆਂ ਦੀ ਮਿਲਣੀ ਸੀ। ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਸਰਹਿੰਦ ਨੇ ਆਪਣੇ ਮਹਿਬੂਬ ਪਤੀ ਦੇ ਵਿਛੋੜੇ ਤੋਂ ਬਾਅਦ ਕਲਮ ਨੂੰ ਆਪਣਾ ਸਾਥੀ ਬਣਾ ਕੇ ਆਪਣੇ ਗ਼ਮ ਨੂੰ ਗ਼ਲਤ ਕਰ ਕੇ ਪੰਜ ਪੁਸਤਕਾਂ ਦੀ ਸਿਰਜਣਾ ਕਿਸੇ ਤਪੱਸਿਆ ਵਾਂਗ ਕੀਤੀ। ਬੀਬੀ ਸਰਹਿੰਦ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਦੁੱਖਾਂ-ਗ਼ਮਾਂ ਦਾ ਇਲਾਜ ਆਪਣੇ ਆਪ ਨੂੰ ਉਸਾਰੂ ਕੰਮਾਂ ਵਿੱਚ ਲਗਾ ਕੇ ਕੀਤਾ ਜਾ ਸਕਦਾ ਹੈ ਇਹ ਮੈਂ ਆਪਣੇ ਵਿੱਛੜੇ ਸਾਥੀ ਤੋਂ ਸਿੱਖਿਆ ਹੈ। ਪੁਸਤਕ 'ਉਮਰੋਂ ਲੰਮਾਂ ਹਾਉਕਾ' ਉਨ੍ਹਾਂ ਨੇ ਸਦਮੇਂ ਤੋਂ ਸੰਭਲਣ ਸਾਰ ਲਿਖੀ। ਉਪਰੰਤ ਆਪਣੇ ਪਤੀ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਆਪਣੇ ਪੇਕੇ ਪਿੰਡ ਸੈਂਪਲੀ ਬਾਰੇ ਲਿਖੀ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ।