ਸ੍ਰੀ ਫ਼ਤਹਿਗੜ੍ਹ ਸਾਹਿਬ/17 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਜਿਲਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਨਜ਼ਦੀਕ ਚੈਕਿੰਗ ਕਰਦੇ ਹੋਏ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਕਿਤੇ ਕੋਈ ਬੱਚਾ ਭੀਖ ਤਾਂ ਨਹੀਂ ਮੰਗ ਰਿਹਾ।ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਮੂਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹੇ ਮਾਪੇ ਜੋ ਬੱਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭਿੱਖਿਆ ਕਰਵਾ ਰਹੇ ਨੇ ਉਹਨਾਂ ਦੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਕਿਉਂਕਿ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਦੂਸਰੇ ਰਾਜਾਂ ਦੇ ਵਿੱਚੋਂ ਆਏ ਬੱਚੇ ਭੀਖ ਮੰਗਦੇ ਹਨ ਤੇ ਕਈ ਵਾਰ ਉਹਨਾਂ ਦੇ ਨਾਲ ਮਾਪੇ ਬਣ ਕੇ ਘੁੰਮ ਰਹੇ ਵਿਅਕਤੀ ਉਹਨਾਂ ਦੇ ਅਸਲ ਮਾਪੇ ਨਹੀਂ ਹੁੰਦੇ ਤੇ ਜਾਂਚ ਦੌਰਾਨ ਕਈ ਬੱਚੇ ਕਿਤੋਂ ਨਾ ਕਿਤੋਂ ਚੋਰੀ ਕੀਤੇ ਨਿਕਲਦੇ ਹਨ ।ਉਪਰੋਕਤ ਜਾਣਕਾਰੀ ਚੈਕਿੰਗ ਟੀਮ ਦੀ ਅਗਵਾਈ ਕਰ ਰਹੇ ਜਿਲਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਵੱਖ ਵੱਖ ਸਥਾਨਾਂ ਤੇ ਚੈਕਿੰਗ ਕਰਕੇ ਉਹਨਾਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਜੇਕਰ ਕਿਤੇ ਕੋਈ ਅਜਿਹਾ ਬੱਚਾ ਮਿਲਦਾ ਹੈ ਤਾਂ ਉਸਦੇ ਮਾਪਿਆਂ ਦੀ ਕੌਂਸਲਿੰਗ ਕਰਕੇ ਬੱਚੇ ਨੂੰ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਹੈ। ਜੇਕਰ ਇਹ ਲੱਗਦਾ ਹੈ ਕਿ ਬੱਚੇ ਦੇ ਮਾਪੇ ਉਸ ਨੂੰ ਸਾਂਭਣ ਵਿੱਚ ਅਸਮਰਥ ਹਨ ਤਾਂ ਉਸ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਬੱਚੇ ਦੀ ਮੁਕੰਮਲ ਸਿੱਖਿਆ ਅਤੇ ਖਾਣ ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਉਹਨਾਂ ਵੱਲੋਂ ਧਾਰਮਿਕ ਅਸਥਾਨਾਂ ਨਜ਼ਦੀਕ ਸ਼ਰਧਾਲੂਆਂ ਨੂੰ ਵੀ ਉਚੇਚੇ ਤੌਰ ਤੇ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਕਿਉਂਕਿ ਬੱਚਿਆਂ ਤੋਂ ਭਿਖਿਆ ਮੰਗਵਾਉਣ ਵਾਲੇ ਮਾਪੇ ਇਸੇ ਕਾਰਨ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦੇ ਕਿ ਭਿੱਖਿਆ ਮੰਗ ਕੇ ਉਹਨਾਂ ਦੇ ਬੱਚੇ ਚੰਗੇ ਪੈਸੇ ਇਕੱਠੇ ਕਰ ਲੈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਚਾਇਲਡ ਹੈਲਪਲਾਈਨ ਨੰਬਰ 1098 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।