ਸ੍ਰੀ ਫਤਿਹਗੜ੍ਹ ਸਾਹਿਬ/17 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਵਿਸ਼ਵ ਇਨਸਾਫ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਸੀ.ਜੇ.ਐਮ. ਅਸ਼ੋਕ ਚੌਹਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦਾ ਇੱਥੇ ਆਉਣ ਦਾ ਮਕਸਦ ਵਿਦਿਆਰਥੀਆਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਅਤੇ ਕਰਤਵਾਂ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇੱਕ ਚੰਗੇ ਇਨਸਾਨ ਬਣਾਗੇ ਤਾਂ ਸਾਨੂੰ ਕਦੇ ਵੀ ਕਚਹਿਰੀਆਂ, ਥਾਣਿਆਂ ਚ ਧੱਕੇ ਨਹੀਂ ਖਾਣੇ ਪੈਣਗੇ।ਉਹਨਾਂ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ, ਭਾਵੇਂ ਸਕੂਲ ਵਿੱਚ, ਘਰ ਦੇ ਵਿੱਚ, ਪਿੰਡ ਵਿੱਚ ਜਾਂ ਕਿਤੇ ਵੀ ਹੋਰ ਤਾਂ ਉਹ ਇਸ ਦੀ ਸ਼ਿਕਾਇਤ ਕਰਕੇ ਗੁਨਾਹਗਾਰ ਨੂੰ ਇਸ ਦੀ ਸਜ਼ਾ ਦਿਵਾ ਸਕਦਾ ਹੈ। ਇਸ ਦੇ ਲਈ ਕਿਸੇ ਵਕੀਲ ਦੀ ਜਰੂਰਤ ਨਹੀਂ ਹੁੰਦੀ ਸਗੋਂ ਇੱਕ ਸਾਦੇ ਕਾਗਜ ਦੇ ਉੱਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਰਕਾਰ ਵੱਲੋਂ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਨਿਆਂ ਦਿਵਾਉਣ ਦੇ ਲਈ ਮੁਫਤ ਕਾਨੂੰਨੀ ਸਹਾਇਤਾ ਮੁਹਈਆ ਕਰਵਾਈ ਜਾਂਦੀ ਹੈ ।ਇਸ ਮੌਕੇ ਐਡਵੋਕੇਟ ਸਰਤਾਜ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵੱਖ ਵੱਖ ਕਾਨੂੰਨੀ ਨੁਕਤਿਆਂ ਦੀ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ, ਉੱਥੇ ਹੀ ਉਨ੍ਹਾਂ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸੰਦੀਪ ਸੂਦ, ਲੈਕਚਰਾਰ ਗੁਰ ਸਤਵੀਰ ਕੌਰ, ਰਜਨਦੀਪ ਕੌਰ, ਬਿਕਰਮਜੀਤ ਸਿੰਘ, ਤਰੁਣ ਮਿੱਤਲ, ਡਾ. ਜੇਪੀ ਸਿੰਘ, ਕਮਲਜੀਤ ਕੌਰ, ਜਸਵੀਰ ਕੌਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਹਾਜ਼ਰ ਸਨ।