ਸ੍ਰੀ ਫਤਿਹਗੜ੍ਹ ਸਾਹਿਬ/18 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਸਿਹਤ ਵਿਭਾਗ ਵੱਲੋਂ ਮਲੇਰੀਆ ਅਤੇ ਡੇਂਗੂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਹੁਕਮਾਂ ਤਹਿਤ ਅਤੇ ਚਨਾਰਥਲ ਕਲਾਂ ਦੇ ਐਸਐਮਓ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐਚਸੀ ਸੰਗਤਪੁਰ ਸੋਢੀਆਂ ਦੇ ਕਰਮਚਾਰੀਆਂ ਵੱਲੋਂ ਏ. ਐਮ. ਓ. ਡਾ. ਮੰਜੂ ਬਾਲਾ ਦੀ ਅਗਵਾਈ ਵਿੱਚ ਪਿੰਡ ਖਰੇ ਵਿਖੇ ਕੂਲਰਾਂ ਅਤੇ ਗਮਲਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਮਲੇਰੀਆ ਅਤੇ ਡੇਂਗੂ ਦੇ ਮੱਛਰਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਏਐਮਓ ਡਾ. ਮੰਜੂ ਬਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਮਲੇਰੀਆ ਅਤੇ ਡੇਂਗੂ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਸਾਨੂੰ ਆਪਣੇ ਘਰਾਂ ਦਾ ਆਲਾ ਦੁਆਲਾ ਸੁੱਕਾ ਅਤੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ, ਹਰ ਸ਼ੁਕਰਵਾਰ ਕੂਲਰ ਦਾ ਪਾਣੀ ਕੱਢ ਕੇ ਕੂਲਰ ਨੂੰ ਸੁਕਾਇਆ ਜਾਵੇ ਤੇ ਗਮਲਿਆਂ ਦੇ ਵਿੱਚ ਵੀ ਪਾਣੀ ਨਾ ਖੜਨ ਦਿੱਤਾ ਜਾਵੇ। ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ ਤੇ ਅਜਿਹਾ ਸਮਾਨ ਨਾ ਰੱਖਿਆ ਜਾਵੇ, ਜਿਸ ਦੇ ਵਿੱਚ ਬਰਸਾਤ ਦਾ ਪਾਣੀ ਖੜਾ ਰਹਿੰਦਾ ਹੋਵੇ। ਉਹਨਾਂ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪੂਰੀਆਂ ਬਾਹਵਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਜੇਕਰ ਕਿਸੇ ਨੂੰ ਤੇਜ਼ ਬੁਖਾਰ,ਸਿਰ ਦਰਦ, ਉਲਟੀਆਂ ਜਾਂ ਕਾਂਬਾ ਲੱਗਦਾ ਹੈ ਤਾਂ ਨੇੜੇ ਦੇ ਸਿਹਤ ਕੇਂਦਰ ਵਿਖੇ ਜਾਂਚ ਜ਼ਰੂਰ ਕਰਵਾਈ ਜਾਵੇ। ਇਸ ਮੌਕੇ ਸਿਹਤ ਕਰਮਚਾਰੀ ਰਣਦੀਪ ਸਿੰਘ ਸੀਐਚਓ ਗੁਰਦੀਪ ਕੌਰ, ਆਸ਼ਾ ਨੇਹਾ, ਵਿਲੇਜ ਸਫਾਈ ਐਂਡ ਸੈਨੀਟੇਸ਼ਨ ਕਮੇਟੀ ਦੇ ਮੈਂਬਰ ਬਿਕਰਮਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।