ਸ੍ਰੀ ਫ਼ਤਹਿਗੜ੍ਹ ਸਾਹਿਬ/22 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਵੱਖ-ਵੱਖ ਕਾਰਜਾਂ ਨਾਲ ਜੁੜੇ ਵਾਤਾਵਰਨ ਪ੍ਰੇਮੀ ਅਤੇ ਸਾਇੰਸ ਅਧਿਆਪਕ ਮਨਮੋਹਨ ਰਾਏ ਥਾਪਰ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਸਿੱਧਵਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਸਿੱਧਵਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ।ਮਨਮੋਹਨ ਰਾਏ ਥਾਪਰ ਅਤੇ ਬੱਚਿਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੀਆਂ ਜਾ ਰਹੀਆਂ ਸੰਜੀਦਾ ਕੋਸ਼ਿਸ਼ਾਂ ਦੀ ਪਿੰਡ ਵਾਸੀਆਂ ਵੱਲੋਂ ਜਿੱਥੇ ਸ਼ਲਾਘਾ ਕੀਤੀ ਗਈ ਉੱਥੇ ਹੀ ਪਿੰਡ ਦੇ ਸਰਪੰਚ ਹਰਪਾਲ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਮਨਮੋਹਨ ਰਾਏ ਥਾਪਰ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਿਲਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਅਧਿਆਪਕ ਨੌਰੰਗ ਸਿੰਘ ਦਾ ਸਨਮਾਨ ਵੀ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮਨਮੋਹਨ ਰਾਏ ਥਾਪਰ ਨੂੰ ਇਸ ਤੋਂ ਪਹਿਲਾਂ ਵੀ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਰੰਗਲਾ ਅਤੇ ਸਿਹਤਮੰਦ ਪੰਜਾਬ ਬਣਾਉਣ ਲਈ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟ ਕੇ ਸੁੱਟਣਾ ਬਹੁਤ ਜ਼ਰੂਰੀ ਹੈ ਪਰ ਇਸ ਮੁਹਿੰਮ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।ਇਸ ਮੌਕੇ ਮਨਮੋਹਨ ਰਾਏ ਥਾਪਰ ਦੀ ਅਪੀਲ 'ਤੇ ਬੱਚਿਆਂ ਅਤੇ ਪਿੰਡ ਵਾਸੀਆਂ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਅਹਿਦ ਵੀ ਲਿਆ।ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਰਵਿੰਦਰ ਕੌਰ,ਬਲਜਿੰਦਰ ਕੌਰ ਚੇਅਰਮੈਨ,ਅਜਵਿੰਦਰ ਸਿੰਘ ਉਪ ਚੇਅਰਮੈਨ,ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜ਼ੂਦ ਸਨ।