ਸ੍ਰੀ ਫ਼ਤਹਿਗੜ੍ਹ ਸਾਹਿਬ/ 22 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
“ ਜਗਦੀਪ ਧਨਖੜ ਵਾਈਸ ਪ੍ਰੈਜੀਡੈਟ ਇੰਡੀਆ ਨੇ ਜੋ ਆਪਣੇ ਇਸ ਅਤਿ ਸਤਿਕਾਰਯੋਗ ਅਹਿਮ ਅਹੁਦੇ ਤੋ ਜੋ ਸਿਹਤ ਦੀ ਵਿਗੜਦੀ ਹਾਲਤ ਨੂੰ ਮੱਦੇਨਜਰ ਰੱਖਦੇ ਹੋਏ ਅਸਤੀਫਾ ਦਿੱਤਾ ਹੈ, ਇਹ ਗੱਲ ਇੰਡੀਆਂ ਤੇ ਸਾਡੇ ਵਰਗੇ ਲੋਕਾਂ ਦੇ ਮਨ-ਆਤਮਾ ਪ੍ਰਵਾਨ ਨਹੀ ਕਰ ਸਕਦੇ । ਕਿਉਂਕਿ ਜਿਸ ਉਹ ਅਹਿਮ ਅਹੁਦੇ ਉਤੇ ਬਿਰਾਜਮਾਨ ਸਨ, ਉਨ੍ਹਾਂ ਦੀ ਸਿਹਤ ਲਈ ਤੇ ਉਨ੍ਹਾਂ ਦੇ ਇਲਾਜ ਲਈ ਸਰਕਾਰੀ ਤੌਰ ਤੇ ਦੁਨੀਆ ਭਰ ਦੀਆਂ ਸਹੂਲਤਾਂ ਪ੍ਰਾਪਤ ਕਰਨ ਦਾ ਪ੍ਰਬੰਧ ਹੈ । ਇਸ ਅਹੁਦੇ ਤੇ ਰਹਿ ਕੇ ਤਾਂ ਆਪਣੇ ਸਰੀਰਕ ਕਿਸੇ ਕਸ਼ਟ ਨੂੰ ਹੋਰ ਵਧੇਰੇ ਕਾਰਗਰ ਢੰਗ ਨਾਲ ਸਹੀ ਕਰ ਸਕਦੇ ਹਨ । ਪਰ ਅਸਲੀਅਤ ਵਿਚ ਜੋ ਗੱਲ ਹੈ ਉਹ ਇਹ ਹੈ ਕਿ ਧਨਖੜ ਆਰ.ਐਸ.ਐਸ. ਦੇ ਕੱਟੜ ਪੈਰੋਕਾਰ ਹਨ ਅਤੇ ਜੋ ਆਰ.ਐਸ.ਐਸ ਨੇ 75 ਸਾਲਾਂ ਦੀ ਉਮਰ ਪੂਰਾ ਹੋਣ ਤੇ ਹਰ ਤਰ੍ਹਾਂ ਦੇ ਸਿਆਸੀ ਤੇ ਜਥੇਬੰਦਕ ਸੰਗਠਨਾਂ ਦੇ ਅਹੁਦੇ ਉਤੋ ਫਾਰਗ ਹੋਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੋਇਆ ਹੈ ਉਸ ਨੂੰ ਲਾਗੂ ਕਰਨ ਦੀ ਹੈ । ਇਨ੍ਹਾਂ ਵੱਲੋ ਦਿੱਤਾ ਗਿਆ ਅਸਤੀਫਾ ਇਸ ਗੱਲ ਨੂੰ ਜਾਹਰ ਕਰਦਾ ਹੈ ਕਿ ਇੰਡੀਆ ਦੇ ਵਜੀਰ ਏ ਆਜ਼ਮ ਨਰਿੰਦਰ ਮੋਦੀ ਦੇ ਜਾਣ ਦਾ ਸਮਾਂ ਵੀ ਨੇੜੇ ਆ ਗਿਆ ਹੈ ਅਤੇ ਉਹ ਇਸ ਉਤੇ ਅਮਲ ਕਰਕੇ ਆਰ.ਐਸ.ਐਸ ਦੇ ਸਿਧਾਤਾਂ ਉਤੇ ਪਹਿਰਾ ਦੇਣ ।”ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਧਨਖੜ ਵੱਲੋ ਇੰਡੀਆ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋ ਸਿਹਤ ਦਾ ਹਵਾਲਾ ਦੇ ਕੇ ਅਸਤੀਫਾ ਦੇਣ ਸਬੰਧੀ ਟਿੱਪਣੀ ਕਰਦੇ ਹੋਏ ਪ੍ਰਗਟ ਕੀਤੇ ।