ਗਿੱਦੜਬਾਹਾ, 22 ਜੁਲਾਈ (ਸੁਰਿੰਦਰ ਸਿੰਘ ਚੱਠਾ)
ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਮਾਜ ਵਿਰੋਧੀ ਅਨਸਰਾਂ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਥਾਣਾ ਗਿੱਦੜਬਾਹਾ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਐੱਸ.ਐੱਚ.ਓ. ਦੀਪਿਕਾ ਰਾਣੀ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਸੰਦੀਪ ਸਿੰਘ ਉਰਫ ਗੋਰਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਏਕੇ ਖੁਰਦ ਉਰਫ ਚੱਕ ਦਾਣਾ ਜਿਲਾ ਬਠਿੰਡਾ ਨੂੰ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਗਿੱਦੜਬਾਹਾ ਪੁਲਿਸ ਨੇ ਪਿੰਡ ਰਾਏਕੇ ਖੁਰਦ ਉਰਫ ਚੱਕ ਦਾਣਾ ਨਿਵਾਸੀ ਗੁਰਭੇਜ ਸਿੰਘ ਨਾਮੀ ਇਕ ਵਿਅਕਤੀ ਨੂੰ 10 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਸੀ ਅਤੇ ਅੱਜ ਕਾਬੂ ਕੀਤੇ ਗਏ ਸੰਦੀਪ ਸਿੰਘ ਨੇ ਹੀ ਗੁਰਭੇਜ ਸਿੰਘ ਨੂੰ ਮੋਟਰਸਾਈਕਲ ਚੋਰੀ ਕਰਨ ਵਿਚ ਟਰੇਂਡ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਪਾਸੋਂ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।