ਸ੍ਰੀ ਫਤਿਹਗੜ੍ਹ ਸਾਹਿਬ/23 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਜਾਨਵਰਾਂ ਦੇ ਕੱਟਣ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਜਿਸ ਦੀ ਕੜੀ ਵਜੋਂ ਸਰਕਾਰ ਵੱਲੋਂ ਇੱਕ ਹੋਰ ਨਵੀਂ ਪਹਿਲਕਦਮੀ ਕਰਦਿਆਂ ਜਾਨਵਰਾਂ ਦੇ ਕੱਟਣ ਤੇ ਕੀਤੀ ਜਾਣ ਵਾਲੀ ਵੈਕਸੀਨੇਸ਼ਨ ਦੀ ਸਹੂਲਤ ਆਮ ਆਦਮੀ ਕਲੀਨਿਕਾਂ ਤੇ ਉਪਲਬਧ ਕਰਵਾਈ ਗਈ ਹੈ । ਉਹਨਾਂ ਦੱਸਿਆ ਕਿ ਪਹਿਲਾਂ ਇਹ ਵੈਕਸੀਨ ਬਲਾਕ ਪੱਧਰ ,ਸਬ ਡਿਵੀਜ਼ਨਲ ਪੱਧਰ ਅਤੇ ਜਿਲਾ ਪੱਧਰ ਤੇ ਉਪਲਬਧ ਸੀ ਪਰ ਹੁਣ ਇਹ ਵੈਕਸੀਨ/ਸਹੂਲਤ ਇਹਨਾਂ ਸੰਸਥਾਵਾਂ ਦੇ ਨਾਲ ਨਾਲ ਜ਼ਿਲੇ ਵਿੱਚ ਸਰਕਾਰ ਵੱਲੋਂ ਖੋਲੇ ਗਏ 20 ਆਮ ਆਦਮੀ ਕਲੀਨਿਕਾਂ ਤੇ ਵੀ ਉਪਲਬਧ ਹੋਵੇਗੀ । ਉਹਨਾਂ ਦੱਸਿਆ ਕਿ ਜਾਨਵਰ ਦੇ ਕੱਟਣ ਦੇ ਪਹਿਲੇ , ਤੀਸਰੇ , ਸੱਤਵੇਂ ਤੇ 28ਵੇਂ ਦਿਨ ਐਂਟੀ ਰੇਬੀਜ਼ ਟੀਕਾਕਰਨ ਅਤੀ ਜਰੂਰੀ ਹੁੰਦਾ ਹੈ ਜਿਸ ਨੂੰ ਲਗਵਾਉਣ ਲਈ ਹੁਣ ਆਮ ਲੋਕਾਂ ਨੂੰ ਘਰੋਂ ਬਹੁਤੀ ਦੂਰ ਨਹੀਂ ਜਾਣਾ ਪਵੇਗਾ । ਉਹਨਾਂ ਇਹ ਵੀ ਦੱਸਿਆ ਕਿ ਰੇਬੀਜ਼ ਇੱਕ ਜਾਨਲੇਵਾ ਬਿਮਾਰੀ ਹੈ ਜੋ ਕੁੱਤੇ ਜਾਂ ਹੋਰ ਜਾਨਵਰਾਂ ਦੇ ਕੱਟਣ ਨਾਲ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਜੇਕਰ ਇੱਕ ਵਾਰੀ ਇਹ ਹੋ ਜਾਵੇ ਤਾਂ ਇਸ ਦਾ ਇਲਾਜ ਮੁਸ਼ਕਿਲ ਹੈ ਪਰ ਸਮੇਂ ਸਿਰ ਵੈਕਸੀਨੇਸ਼ਨ ਕਰਵਾਉਣ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਜਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕੇ ਘਰੇਲੂ ਪਾਲਤੂ ਜਾਨਵਰਾਂ ਦਾ ਸਾਨੂੰ ਟੀਕਾਕਰਨ ਜਰੂਰ ਕਰਾਉਣਾ ਚਾਹੀਦਾ ਹੈ, ਜੇਕਰ ਕੋਈ ਵੀ ਜਾਨਵਰ ਕੱਟ ਜਾਵੇ ਤਾ ਘਰੇਲੂ ਇਲਾਜ ਕਰਨ ਦੀ ਬਜਾਏ ਜ਼ਖਮ ਨੂੰ ਸਾਬਣ ਪਾਣੀ ਨਾਲ ਚੰਗੀ ਤਰ੍ਹਾਂ ਚਲਦੇ ਪਾਣੀ ਵਿੱਚ ਧੋਣਾ ਚਾਹੀਦਾ ਹੈ ਅਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਨਿਰਧਾਰਤ ਟੀਕਾਕਰਨ ਮੁਫਤ ਕਰਵਾਇਆ ਜਾਵੇ। ਇਸ ਮੌਕੇ ਤੇ ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ, ਜਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ, ਡਾ. ਸੰਪਨ, ਡਾ. ਕਸੀਤਿਜ ਸੀਮਾ, ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ, ਡਾ. ਪੁਨੀਤ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਕੌਂਸਲਰ ਬਲਜੀਤ ਸਿੰਘ ਮਾਨਵ ਸ਼ਾਹ ਅਤੇ ਧਰਮ ਸਿੰਘ ਆਦਿ ਹਾਜ਼ਰ ਸਨ।