ਸ੍ਰੀ ਫ਼ਤਹਿਗੜ੍ਹ ਸਾਹਿਬ/24 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਡਿਜਿਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ 30 ਲੱਖ ਰੁਪਏ ਠੱਗਣ ਦੇ ਮਾਮਲੇ 'ਚ ਥਾਣਾ ਸਾਈਬਰ ਕ੍ਰਾਈਮ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਦਿੱਲੀ, ਕੇਰਲ ਅਤੇ ਉੱਤਰ ਪ੍ਰਦੇਸ਼ ਸੂਬੇ ਨਾਲ ਸੰਬੰਧਿਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਡਿਜੀਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਮੋਟੀਆਂ ਰਕਮਾਂ ਵਸੂਲਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਆਪਣੇ ਦਫਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਵਾਸੀ ਪਿੰਡ ਲੁਹਾਰੀ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਮਿਤੀ 5/4/25 ਨੂੰ ਉਸਦੇ ਫੋਨ ਉੱਤੇ ਆਈ ਇੱਕ ਵਟਸਐਪ ਕਾਲ ਰਾਹੀਂ ਨਾ ਮਾਲੂਮ ਵਿਅਕਤੀਆਂ ਨੇ ਉਸ ਨੂੰ ਘਰ ਵਿੱਚ ਹੀ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦੇ ਕੇ ਉਸਦੇ ਬੈਂਕ ਖਾਤਿਆਂ ਚੋਂ 30 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ। ਜਿਸ 'ਤੇ ਥਾਣਾ ਸਾਈਬਰ ਕ੍ਰਾਈਮ ਫਤਿਹਗੜ੍ਹ ਸਾਹਿਬ ਵਿਖੇ ਨਾਮਾਲੂਮ ਵਿਅਕਤੀਆਂ ਵਿਰੁੱਧ ਅ/ਧ 318(4),316(2),61(2) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਐਸਪੀ (ਜਾਂਚ) ਰਕੇਸ਼ ਯਾਦਵ ਅਤੇ ਡੀਐਸਪੀ(ਡੀ)ਹਰਤੇਸ਼ ਕੌਸ਼ਿਕ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਥਾਣਾ ਸਾਈਬਰ ਕ੍ਰਾਈਮ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਵੱਲੋਂ ਵਿਗਿਆਨਿਕ ਢੰਗ ਨਾਲ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਗਈ । ਤਫ਼ਤੀਸ਼ ਦੌਰਾਨ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਇਸ ਮਾਮਲੇ 'ਚ ਸੱਤ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਮਨਿੰਦਰ ਸਿੰਘ ਅਤੇ ਨਵੀਨ ਸ਼ਰਮਾ ਵਾਸੀਆਨ ਦਿੱਲੀ, ਅਨਿਲ ਕੁਮਾਰ ਵਾਸੀ ਨੋਇਡਾ (ਉੱਤਰ ਪ੍ਰਦੇਸ਼) ਅਤੇ ਅਕਬਰ ਅਲੀ ਵਾਸੀ ਮੱਲਾਪੁਰਮ (ਕੇਰਲ) ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਨਿਸ਼ਾਨਦੇਹੀ 'ਤੇ ਡਰਾਵਾ ਦੇ ਕੇ ਠੱਗੇ ਪੈਸਿਆਂ ਚੋਂ 9 ਲੱਖ ਰੁਪਏ ਦੀ ਰਕਮ ਬਰਾਮਦ ਕਰ ਲਈ ਗਈ ਹੈ ਜਦਕਿ ਇਸੇ ਮਾਮਲੇ ਵਿੱਚ ਲੋੜੀਂਦੇ ਇਹਨਾਂ ਦੇ ਤਿੰਨ ਹੋਰ ਸਾਥੀਆਂ ਜਾਵੇਦ ਆਲਮ ਵਾਸੀ ਬਿਹਾਰ, ਪ੍ਰਤੀਕ ਕੁਮਾਰ ਵਾਸੀ ਯੂ.ਪੀ. ਅਤੇ ਰਿਸ਼ਾਦ ਮੇਲੱਕਮ ਵਾਸੀ ਕੇਰਲ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ ਜਿਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।