ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਅਤੇ ਸਹਾਇਕ ਕਮਿਸ਼ਨਰ ਮਨਰੀਤ ਰਾਣਾ ਦੀ ਮੌਜੂਦਗੀ ਵਿੱਚ ਜਿ਼ਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨੈਸ਼ਨਲ ਫੂਡ ਸਕਿਓਰਟੀ ਐਕਟ -2013 ਅਤੇ ਪੰਜਾਬ ਫੂਡ ਸਕਿਓਰਟੀ ਰੂਲਜ਼- 2016 ਨੂੰ ਇੰਨ ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਜਾਇਜ਼ਾ ਲੈੈਣ ਲਈ ਜ਼ਿਲ੍ਹਿਆਂ ਦੇ ਦੌਰੇ ਆਰੰਭੇ ਹਨ।ਸਮੀਖਿਆ ਮੀਟਿੰਗ ਦੌਰਾਨ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜਿ਼ਲ੍ਹਾ ਸਿੱਖਿਆ ਅਧਿਕਾਰੀਆਂ, ਫੂਡ ਸਪਲਾਈ ਕੰਟਰੋਲਰ ਅਤੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਕੂਲਾਂ, ਰਾਸ਼ਨ ਡਿਪੂਆਂ ਤੇ ਆਂਗਣਵਾੜੀ ਕੇਂਦਰਾਂ ਦੇ ਬਾਹਰ ਕਮਿਸ਼ਨ ਦਾ ਹੈਲਪਲਾਈਨ ਨੰਬਰ 9876764545 ਦਰਸਾਉਦੇ ਸੂਚਨਾ ਬੋਰਡ ਲਗਵਾਏ ਜਾਣ ਤਾਂ ਜੋ ਕੋਈ ਵੀ ਨਾਗਰਿਕ ਆਪਣੀ ਸਿ਼ਕਾਇਤ ਜਾਂ ਸੁਝਾਅ ਲਈ ਸਿੱਧੇ ਤੌਰ 'ਤੇ ਰਾਬਤਾ ਕਰ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਦੀ ਵੈਬਸਾਈਟ
http://psfc.punjab.gov.in/ ਉਤੇ ਜਾਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੋਲ ਵੀ ਸਿ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸਮੇਤ ਹੋਰ ਅਦਾਰਿਆਂ ਦੀ ਕਾਰਗੁਜ਼ਾਰੀ ਦੀ ਸਮੇਂ ਸਮੇਂ ਸਿਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਬਕਾਇਦਾ ਪ੍ਰਗਤੀ ਦਾ ਨਿਯਮਤ ਜਾਇਜ਼ਾ ਲਿਆ ਜਾਂਦਾ ਹੈ।ਮੀਟਿੰਗ ਉਪਰੰਤ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਬਲਾਕ ਖੇੜਾ ਅਧੀਨ ਆਉਂਦੇ ਪਿੰਡ ਮਾਨੂੰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਮਿਡ ਡੇਅ ਮੀਲ ਤਹਿਤ ਪਰੋਸੇ ਜਾ ਰਹੇ ਭੋਜਨ ਦੀ ਗੁਣਵੱਤਾ ਨੂੰ ਜਾਂਚਿਆ। ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਬੈਠ ਕੇ ਖਾਣਾ ਖਾਧਾ ਤੇ ਨੰਨ੍ਹੇ ਮੁੰਨਿਆਂ ਨਾਲ ਗੱਲਬਾਤ ਕੀਤੀ। ਸੇਖੋਂ ਨੇ ਭੋਜਨ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਖਾਧ ਸਮੱਗਰੀ, ਰਸੋਈ ਦੀ ਸਾਫ਼ ਸਫਾਈ, ਸਟਾਕ ਦੇ ਇੰਦਰਾਜ ਸਬੰਧੀ ਰਜਿਸਟਰਾਂ ਦੀ ਪੜਤਾਲ ਵੀ ਕੀਤੀ ਅਤੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਖੁਰਾਕੀ ਵਸਤਾਂ ਦੇ ਸੁਚੱਜੇ ਭੰਡਾਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ।