ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸੈਸ਼ਨ 2023-24 ਦੀ ਐਮ.ਏ. ਪੰਜਾਬੀ ਦੀ ਹੋਣਹਾਰ ਵਿਦਿਆਰਥਣ ਹਰਸ਼ਦੀਪ ਕੌਰ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਰਾਸ਼ਟਰੀ ਯੋਗਤਾ ਪ੍ਰੀਖਿਆ (ਯੂ.ਜੀ.ਸੀ. ਨੈੱਟ ਅਤੇ ਜੇ.ਆਰ.ਐੱਫ.) ਨੂੰ ਸਫ਼ਲਤਾਪੂਰਵਕ ਪਾਸ ਕੀਤਾ ਅਤੇ ਆਲ ਇੰਡੀਆ ਰੈਂਕ ਤੀਸਰਾ ਹਾਸਲ ਕਰਕੇ ਵਿਸ਼ੇਸ਼ ਨਾਮਣਾ ਖੱਟਿਆ ਹੈ। ਵਰਣਨਯੋਗ ਹੈ ਕਿ ਪੰਜਾਬੀ ਵਿਭਾਗ ਦੀ ਵਿਦਿਆਰਥਣ ਹਰਸ਼ਦੀਪ ਕੌਰ ਨੇ ਸਹਾਇਕ ਪ੍ਰੋਫ਼ੈਸਰ ਦੀ ਯੋਗਤਾ ਨਾਲ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਵਿਭਾਗ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਹੋਣਹਾਰ ਵਿਦਿਆਰਥਣ ਸਮੇਤ ਸਮੂਹ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਾਲਜ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕਰਦਾ ਆ ਰਿਹਾ ਹੈ ਤਾਂ ਜੋ ਉਹ ਸਮੇਂ ਦੇ ਹਾਣੀ ਬਣ ਸਕਣ ਅਤੇ ਜੀਵਨ ਵਿੱਚ ਸਫ਼ਲਤਾ ਹਾਸਲ ਕਰ ਸਕਣ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਸ਼ਿਦ ਰਸ਼ੀਦ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਹੈ ਕਿ ਹੁਣ ਤੱਕ ਪੰਜਾਬੀ ਵਿਭਾਗ ਦੇ ਕਈ ਵਿਦਿਆਰਥੀ ਨੈੱਟ ਦੀ ਪ੍ਰੀਖਿਆ ਅਤੇ ਹੋਰ ਉੱਚ ਪੱਧਰ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਉੱਚ ਅਹੁਦਿਆਂ ਉੱਪਰ ਕਾਰਜਸ਼ੀਲ ਹਨ। ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਹਰਮਿੰਦਰ ਸਿੰਘ, ਪ੍ਰੋ. ਜਸ਼ਨਪ੍ਰੀਤ ਕੌਰ, ਪ੍ਰੋ. ਸ਼ਹਿਜੀਤ ਸਿੰਘ ਕੰਗ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।