ਸ੍ਰੀ ਫ਼ਤਹਿਗੜ੍ਹ ਸਾਹਿਬ/26 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
“ਬੀਤੇ ਸਮੇਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋ ਵੀ ਹੁਕਮਰਾਨ ਜਾਂ ਸਰਕਾਰ ਨੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੇ ਵੋਟ ਬੈਂਕ ਨੂੰ ਵਧਾਉਣ ਦੀ ਮੰਦਭਾਵਨਾ ਅਧੀਨ ਸਿੱਖ ਸਮਾਗਮਾਂ ਦੀ ਰਹਿਤ ਮਰਿਯਾਦਾ ਵਿਚ ਦਖਲ ਦੇ ਕੇ ਆਪਣੇ ਆਪ ਨੂੰ ਪੰਥ ਹਿਤੈਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੈਰ ਧਾਰਮਿਕ ਤੇ ਗੈਰ ਇਖਲਾਕੀ ਅਮਲ ਕੀਤੇ ਹਨ, ਤਾਂ ਪੰਜਾਬੀਆਂ ਤੇ ਸਿੱਖ ਕੌਮ ਨੇ ਅਜਿਹੇ ਸਵਾਰਥੀ ਹੁਕਮਰਾਨਾਂ ਜਾਂ ਸਿਆਸੀ, ਧਾਰਮਿਕ ਪਾਰਟੀਆਂ ਦਾ ਕਤਈ ਸਾਥ ਨਹੀ ਦਿੱਤਾ । ਅੱਜ ਭਗਵੰਤ ਸਿੰਘ ਮਾਨ ਅਤੇ ਉਸਦੀ ਆਮ ਆਦਮੀ ਪਾਰਟੀ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਗੁਰਪੁਰਬ ਸਮਾਗਮਾਂ ਉਤੇ ਲਾਹਾ ਲੈਣ ਹਿੱਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਉਦਮ ਵਿਚ ਸਹਿਯੋਗ ਨਾ ਦੇ ਕੇ ਵੱਖਰੇ ਤੌਰ ਤੇ ਸਮਾਗਮ ਕਰਦੇ ਹੋਏ ਮਰਿਯਾਦਾਵਾਂ ਦਾ ਘਾਣ ਕਰਦੇ ਹੋਏ ਸ੍ਰੀਨਗਰ ਵਿਚ ਸਟੇਜ ਉਤੇ ਭੰਗੜੇ ਪਵਾਏ ਗਏ ਹਨ, ਇਨ੍ਹਾਂ ਗੈਰ ਇਖਲਾਕੀ ਤੇ ਮਰਿਯਾਦਾਵਾਂ ਦੇ ਉਲਟ ਕੀਤੇ ਜਾਣ ਵਾਲੇ ਸ਼ਰਮਨਾਕ ਕੰਮਾਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਓਨੀ ਥੋੜੀ ਹੈ ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈੱਸ ਰਾਹੀਂ ਪ੍ਰਗਟ ਕੀਤੇ।