ਸ੍ਰੀ ਫ਼ਤਹਿਗੜ੍ਹ ਸਾਹਿਬ/31 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ (ਬੀ.ਬੀ.ਐਸ.ਬੀ.ਈ.ਸੀ.), ਫਤਹਿਗੜ੍ਹ ਸਾਹਿਬ ਵੱਲੋਂ ਨਵੇਂ ਦਾਖ਼ਲੇ ਲੈਣ ਵਾਲੇ 2025 ਬੈਚ ਦੇ ਵਿਦਿਆਰਥੀਆਂ ਲਈ ਕਰਵਾਏ ਗਏ ਓਰੀਏਂਟੇਸ਼ਨ ਪ੍ਰੋਗਰਾਮ ਦੇ ਆਖ਼ਰੀ ਦਿਨ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹੌਬੀ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਆਪਣੇ ਸੰਘਰਸ਼ਪੂਰਨ ਜੀਵਨ ਦੀਆਂ ਯਾਦਾਂ, ਅਨੁਭਵ ਅਤੇ ਸਿਖਲਾਈਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਫਿਲਮ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਆਪਣੀ ਥਾਂ ਬਣਾਉਣ ਲਈ ਕੀਤੇ ਗਏ ਯਤਨਾਂ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਕਿ ਜੇਕਰ ਉਹ ਵੀ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ, ਪੰਜਾਬੀ ਸਭਿਆਚਾਰ ਨੂੰ ਅਪਣਾਉਣ ਅਤੇ ਵਿਦੇਸ਼ਾਂ ਦੀ ਥਾਂ ਆਪਣੇ ਰਾਜ ਵਿੱਚ ਹੀ ਰਹਿ ਕੇ ਆਪਣਾ ਭਵਿੱਖ ਬਣਾਉਣ ਦੀ ਅਪੀਲ ਕੀਤੀ।ਉਨ੍ਹਾਂ ਨੇ ਆਪਣੇ ਜੀਵਨ ਵਿੱਚ ਆਪਣੀ ਪਤਨੀ ਵੱਲੋਂ ਮਿਲੇ ਸਹਿਯੋਗ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਇੱਕ ਮਜਬੂਤ ਪਰਿਵਾਰਕ ਆਧਾਰ ਕਿਸੇ ਵੀ ਇਨਸਾਨ ਦੇ ਸਫ਼ਲ ਜੀਵਨ ਲਈ ਕਿੰਨਾ ਜ਼ਰੂਰੀ ਹੁੰਦਾ ਹੈ। ਟਰੱਸਟ ਦੇ ਮੈਂਬਰ ਜਗਦੀਪ ਸਿੰਘ ਚੀਮਾ ਨੇ ਸਮਾਗਮ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਲਈ ਪੂਰੇ ਸਹਿਯੋਗ ਦਾ ਯਕੀਨ ਦਿਵਾਇਆ।ਟਰੱਸਟ ਮੈਂਬਰ ਅਮਰਦੀਪ ਸਿੰਘ ਧਾਰਨੀ ਨੇ ਮਹਿਮਾਨ ਦਾ ਸਨਮਾਨ ਕਰਦਿਆਂ ਉਨ੍ਹਾਂ ਨਾਲ ਆਪਣੀ ਦੋਸਤੀ ਅਤੇ ਲੰਬੇ ਸਮੇਂ ਦੇ ਨਿੱਜੀ ਜੁੜਾਅ ਦੀ ਗੱਲ ਸਾਂਝੀ ਕੀਤੀ।