ਨਵੀਂ ਦਿੱਲੀ, 4 ਅਗਸਤ
ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਖੇਤਰ ਵਿੱਚ ਇੱਕ 20 ਸਾਲਾ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਪੀੜਤ, ਜਿਸਦੀ ਪਛਾਣ ਰੋਹਿਤ ਬਰਾੜ ਵਜੋਂ ਹੋਈ ਹੈ, ਜੋ ਕਿ ਸਰਦਾਰ ਕਲੋਨੀ, ਰੋਹਿਣੀ ਸੈਕਟਰ-16 ਦਾ ਰਹਿਣ ਵਾਲਾ ਹੈ, ਨੂੰ ਐੱਚ ਬਲਾਕ, ਜਹਾਂਗੀਰਪੁਰੀ ਨੇੜੇ ਹਥਿਆਰ ਨਾਲ ਸੱਟ ਲੱਗਣ ਤੋਂ ਬਾਅਦ ਤਿੰਨ ਜਾਣਕਾਰਾਂ ਨੇ ਬੀਜੇਆਰਐਮ ਹਸਪਤਾਲ ਲਿਆਂਦਾ।
ਜਹਾਂਗੀਰ ਪੁਰੀ ਪੁਲਿਸ ਸਟੇਸ਼ਨ ਦੁਆਰਾ ਜਾਰੀ ਇੱਕ ਅਧਿਕਾਰਤ ਪ੍ਰੈਸ ਨੋਟ ਦੇ ਅਨੁਸਾਰ, "3 ਅਗਸਤ, 2025 ਨੂੰ, ਪੀਐਸ ਜਹਾਂਗੀਰ ਪੁਰੀ ਵਿਖੇ ਬੀਜੇਆਰਐਮ ਹਸਪਤਾਲ ਤੋਂ ਗੋਲੀ ਲੱਗਣ ਦੇ ਮਾਮਲੇ ਬਾਰੇ ਜਾਣਕਾਰੀ ਮਿਲੀ। ਇੱਕ ਨੌਜਵਾਨ, ਜਿਸਦੀ ਬਾਅਦ ਵਿੱਚ ਪਛਾਣ ਰੋਹਿਤ ਬਰਾੜ (20), ਨਿਵਾਸੀ ਸਰਦਾਰ ਕਲੋਨੀ, ਰੋਹਿਣੀ, ਸੈਕਟਰ-16 ਵਜੋਂ ਹੋਈ, ਨੂੰ ਉਸਦੇ ਜਾਣਕਾਰਾਂ ਪੰਕਜ ਉਰਫ਼ ਪੰਖਾ, ਆਲਮ ਅਤੇ ਆਕਾਸ਼ ਦੁਆਰਾ ਐੱਚ ਬਲਾਕ, ਜਹਾਂਗੀਰ ਪੁਰੀ ਨੇੜੇ ਹਥਿਆਰ ਨਾਲ ਸੱਟ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।"
ਮੈਡੀਕੋ-ਲੀਗਲ ਕੇਸ (ਐਮਐਲਸੀ) ਰਿਪੋਰਟ ਵਿੱਚ ਪੀੜਤ ਦੇ ਖੱਬੇ ਸਰਵਾਈਕਲ ਹੱਡੀ ਦੇ ਹੇਠਾਂ ਹਥਿਆਰ ਨਾਲ ਲੱਗੀ ਸੱਟ ਦੀ ਪੁਸ਼ਟੀ ਕੀਤੀ ਗਈ ਹੈ। ਤੁਰੰਤ ਡਾਕਟਰੀ ਸਹਾਇਤਾ ਦੇ ਬਾਵਜੂਦ, ਬਰਾੜ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ, ਪੀੜਤ ਨੂੰ ਹਸਪਤਾਲ ਲਿਆਉਣ ਵਾਲੇ ਤਿੰਨ ਵਿਅਕਤੀ ਤੁਰੰਤ ਭੱਜ ਗਏ ਅਤੇ ਫਿਲਹਾਲ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਘਟਨਾ ਦੇ ਸਬੰਧ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਪੁੱਛਗਿੱਛ ਕਰਨ ਦੇ ਯਤਨ ਜਾਰੀ ਹਨ।