ਸ੍ਰੀ ਫਤਿਹਗੜ੍ਹ ਸਾਹਿਬ/ 12 ਅਗਸਤ :
(ਰਵਿੰਦਰ ਸਿੰਘ ਢੀਂਡਸਾ)
ਸਰਕਾਰੀ ਹਾਈ ਸਕੂਲ ਪਿੰਡ ਲਟੌਰ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਲਗਾਤਾਰ ਵਰਦਾ ਰਿਹਾ ਮੀਂਹ ਵੀ ਧੀਆਂ ਮਨਾਉਣ ਲਈ ਇਸ ਮੌਕੇ ਇਕੱਠੀਆਂ ਹੋਈਆਂ ਧੀਆਂ ਦਾ ਹੌਸਲਾ ਪਸਤ ਨਹੀਂ ਕਰ ਸਕਿਆ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉੱਥੇ ਹੀ ਇਸ ਸਮਾਗਮ ਦੀ ਸ਼ਾਨ ਵਧਾਉਣ ਦੇ ਲਈ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਕਰਮਜੀਤ ਅਨਮੋਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਕਰਮਜੀਤ ਅਨਮੋਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਸਮਾਜਿਕ ਸੰਸਥਾਵਾਂ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ, ਪ੍ਰੰਤੂ ਸਾਡੇ ਸਮਾਜ ਅੰਦਰ ਲੜਕੇ ਅਤੇ ਲੜਕੀ ਦਰਮਿਆਨ ਪਾੜਾ ਹਾਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਈਏ ਕਿਉਂਕਿ ਘਰਾਂ ਵਿੱਚ ਲੜਕਾ ਅਤੇ ਲੜਕੀ , ਨੂੰਹਾਂ ਅਤੇ ਧੀਆਂ ਵਿਚ ਕੀਤੇ ਕੀਤੇ ਜਾਂਦੇ ਵਿਤਕਰੇ ਨੂੰ ਖਤਮ ਕੀਤੇ ਬਿਨਾਂ ਅਸੀਂ ਖੁਸ਼ਹਾਲ ਸਮਾਜ ਦੀ ਸਿਰਜਣਾ ਨਹੀਂ ਕਰ ਸਕਾਂਗੇ।ਵਿਧਾਇਕ ਰਾਏ ਦੀ ਪਤਨੀ ਗੁਰਪ੍ਰੀਤ ਕੌਰ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ, ਉੱਥੇ ਹੀ ਸਕੂਲੀ ਵਿਦਿਆਰਥਨਾ ਵੱਲੋਂ ਕੀਤੀ ਗਈ ਪੇਸ਼ਕਾਰੀ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਤੀਸ਼ ਲਟੌਰ, ਸਰਪੰਚ ਰੋਹਿਤ ਸਿੰਗਲਾ, ਸਾਬਕਾ ਸਰਪੰਚ ਹਰਨੇਕ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਪੰਚ ਹਰਪ੍ਰੀਤ ਸਿੰਘ, ਬਲਜੀਤ ਸਿੰਘ, ਧਰਮਿੰਦਰ ਸਿੰਘ, ਬਹਾਦਰ ਅਲੀ, ਅਮਰੀਕ ਸਿੰਘ, ਗਿਆਨ ਸਿੰਘ, ਸੁਰਿੰਦਰ ਕੁਮਾਰ, ਜਰਨੈਲ ਸਿੰਘ, ਦਿਆਲ ਸਿੰਘ, ਜਤਿੰਦਰ ਕੌਰ, ਕੌਂਸਲਰ ਦਵਿੰਦਰ ਕੌਰ, ਥਾਣਾ ਮੁਖੀ ਰਾਜਵੰਤ ਸਿੰਘ ਤੇ ਵੱਖ ਵੱਖ ਪਿੰਡਾਂ ਦੇ ਸਰਪੰਚ , ਪੰਚ ਵੀ ਹਾਜਰ ਸਨ।