ਸ੍ਰੀ ਫ਼ਤਹਿਗੜ੍ਹ ਸਾਹਿਬ/18 ਅਗਸਤ :
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਨਵੇਂ ਦਾਖਲ ਹੋਏ ਬੀ.ਏ.ਜੇ.ਐਮ.ਸੀ. ਭਾਗ-ਪਹਿਲਾ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਸ਼ੇਸ਼ ਰਚਨਾਤਮਕ ਲੇਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਪੱਤਰਕਾਰੀ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਲੇਖ ਰੂਪ ਵਿੱਚ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਸਾਰੂ ਮੁਕਾਬਲੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਹੀ ਉਨ੍ਹਾਂ ਨੂੰ ਲੇਖ ਲਿਖਣ ਦੀਆਂ ਬਰੀਕੀਆਂ ਬਾਰੇ ਪਤਾ ਲੱਗਦਾ ਹੈ। ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੇ ਵਿਹਾਰਕ ਹੁਨਰ ਨੂੰ ਨਿਖਾਰਨ ਲਈ ਅਜਿਹੇ ਮੁਕਾਬਲਿਆਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਆਮ ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਲਿਖਣ ਦੀ ਸਹੀ ਸ਼ੈਲੀ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੁਕਾਬਲੇ ਵਿੱਚ ਪੱਤਰਕਾਰੀ ਵਿਭਾਗ ਦੇ ਬੀ.ਏ.ਜੇ.ਐਮ.ਸੀ. ਭਾਗ ਪਹਿਲਾ ਦੀ ਜਸਲੀਨ ਕੌਰ, ਪ੍ਰਭਜੋਤ ਕੌਰ, ਅਮਨਪ੍ਰੀਤ ਕੌਰ, ਪ੍ਰਭਨੂਰ ਸਿੰਘ, ਸਹਿਜਪ੍ਰੀਤ ਕੌਰ ਅਤੇ ਸੰਤੋਸ਼ ਨੇ ਵਧੀਆ ਪ੍ਰਦਰਸ਼ਨ ਕੀਤਾ।ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਲਵਨੀਤ ਵਸ਼ਿਸ਼ਠ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਨਿਰਧਾਰਤ ਸਮੇਂ ਅੰਦਰ ਆਪਣੇ ਵਿਚਾਰ ਬੜੀ ਸਰਲਤਾ, ਸੰਖੇਪਤਾ ਅਤੇ ਸਪਸ਼ਟਤਾ ਨਾਲ ਪੇਸ਼ ਕੀਤੇ। ਇਸ ਮੌਕੇ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਹਰਪ੍ਰੀਤ ਕੌਰ ਪਬਰੀ, ਪ੍ਰੋ. ਨਾਦਿਸ਼ ਅਤੇ ਬੀ.ਏ.ਜੇ.ਐਮ.ਸੀ. ਭਾਗ-ਪਹਿਲਾ ਦੇ ਵਿਦਿਆਰਥੀ ਹਾਜ਼ਰ ਸਨ।