Friday, April 26, 2024  

ਲੇਖ

‘‘ਓਪਰੇਸ਼ਨ ਅੰਮ੍ਰਿਤਪਾਲ’’ ਨਹੀਂ ‘‘ਡਰਾਮਾ ਅੰਮ੍ਰਿਤਪਾਲ’’ ਰੋਡੇ ਟੂ ਰੋਡੇ-ਬਾਈ ਅਮਿਤਸ਼ਾਹ ਐਂਡ ਭਗਵੰਤ ਮਾਨ

May 07, 2023

... ... ਤੇ ਅੰਤ ‘‘ਓਪਰੇਸ਼ਨ ਅੰਮ੍ਰਿਤਪਾਲ’’ ਦਾ ਅੰਤ ਹੋ ਗਿਆ, ਡਰਾਪਸੀਨ ਹੋ ਗਿਆ। ਗੱਲ ਉਹੋ ਨਿਕਲੀ ਜਿਹੜੀ ਅਸੀਂ ਅਤੇ ਸਾਡੇ ਵਰਗੇ ਹੋਰ ਸਹੀ ਸੋਚ ਵਾਲੇ ਲੋਕ ਕਹਿੰਦੇ ਆ ਰਹੇ ਸਨ। ਅਸਲ ਵਿੱਚ ਇਹ ਕੋਈ ’’ਓਪਰੇਸ਼ਨ ਅੰਮ੍ਰਿਤਪਾਲ’’ ਨਹੀਂ ਬਲਕਿ ਇੱਕ ਡਰਾਮਾ ਸੀ, ‘‘ਡਰਾਮਾ ਅੰਮ੍ਰਿਤਪਾਲ’’। 23 ਅਪ੍ਰੈਲ ਵਾਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਸੰਤ ਭਿੰਡਰਾਂਵਾਲੇ ਦੇ ਪਿੰਡ ਰੋਡੇ (ਜ਼ਿਲ੍ਹਾ ਮੋਗਾ) ਤੋਂ ਗ੍ਰਿਫਤਾਰ ਕੀਤਾ ਗਿਆ ਵਿਖਾਇਆ ਗਿਆ। ਪੰਜਾਬ ਪੁਲਿਸ ਦਾ ਵੱਡਾ ਅਫਸਰ ਸੁਖਚੈਨ ਸਿੰਘ ਗਿੱਲ ਕਹਿੰਦਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਵਿੱਚ ਆਇਆ ਹੋਇਆ ਹੈ। ਅਸੀਂ ਉਸੇ ਵੇਲੇ ਪਿੰਡ ਨੂੰ ਘੇਰਾ ਪਾ ਲਿਆ। ਮਰਿਯਾਦਾ ਦਾ ਖਿਆਲ ਰੱਖਦੇ ਹੋਏ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਈ। ਜਿਉਂ ਹੀ ਅੰਮ੍ਰਿਤਪਾਲ ਸਿੰੰਘ ਬਾਹਰ ਨਿਕਲਿਆ, ਅਸੀਂ ਤੁਰੰਤ ਗ੍ਰਿਫਤਾਰ ਕਰ ਲਿਆ। ਹੁਣ ਉਸ ਕੋਲ ਪੁਲਿਸ ਤੋਂ ਬਚ ਨਿਕਲਣ ਦਾ ਕੋਈ ਰਸਤਾ ਬਾਕੀ ਨਹੀਂ ਸੀ ਬਚਿਆ।
ਭਾਈ ਅੰਮ੍ਰਿਤਪਾਲ ਸਿੰਘ ਨੇ ਗਿਫਤਾਰ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਵੀਡੀਓ ਪਾਈਆਂ ਕਿ ਮੈਂ ਆਪ ਆਤਮ ਸਮੱਰਪਣ (ਸੁਰੈਂਡਰ) ਕਰ ਰਿਹਾ ਹਾਂ। ਪੁਲਿਸ ਮੈਨੂੰ ਗਿਫਤਾਰ ਨਹੀਂ ਕਰ ਸਕੀ। ਪਰ ਰੋਡੇ ਪਿੰਡ ਦੇ ਲੋਕ ਅਤੇ ਉਸ ਵੇਲੇ ਦੀਆਂ ਉੱਥੇ ਦੀਆਂ ਸੀ.ਸੀ.ਟੀ.ਵੀ. ਫੁਟੇਜ਼ ਹੋਰ ਹੀ ਕਹਾਣੀ ਦਸ ਰਹੀਆਂ ਹਨ। ਪਿੰਡ ਦੇ ਲੋਕ ਕਹਿੰਦੇ ਹਨ ਕਿ ਅਸੀਂ ਪੁਲਿਸ ਵਲੋਂ ਪਿੰਡ ਨੂੰ ਕੋਈ ਘੇਰਾ ਪਾਇਆ ਹੋਇਆ ਨਹੀਂ ਵੇਖਿਆ। ਪੁਲਿਸ ਦੀਆਂ ਚਾਰ ਪੰਜ ਗੱਡੀਆਂ ਜ਼ਰੂਰ ਆਈਆਂ। ਉਹ ਜਿਧਰੋਂ ਆਏ ਕੁੱਝ ਸਮੇਂ ਬਾਅਦ ਉਧਰ ਨੂੰ ਹੀ ਮੁੜ ਗਏ। ਪਿੰਡ ਦੀਆਂ ਸੀ.ਸੀ.ਟੀ.ਵੀ. ਫੁਟੇਜ਼ ਜੋ ਕਈ ਚੈਨਲਾਂ ਨੇ ਚਲਾਈਆਂ, ਵਿਚ ਸਾਫ ਦਿਸਦਾ ਹੈ ਕਿ ਪੁਲਿਸ ਦੀਆਂ ਗੱਡੀਆਂ ਦੇ ਮੂਹਰੇ ਮੂਹਰੇ ਪਰ ਨਾਲ ਹੀ ਇੱਕ ਗੱਡੀ ਆਉਂਦੀ ਹੈ ਜਿਸ ਉੱਤੇ ਕੇਸਰੀ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਅਤੇ ‘‘ਕਾਰ ਸੇਵਾ’’ ਲਿਖਿਆ ਹੋਇਆ ਹੈ ਅਤੇ ਉਸ ਵਿੱਚ ਕੋਈ ਅੰਮ੍ਰਿਤਪਾਲ ਸਿੰਘ ਵਰਗਾ ਕੋਈ ਵਿਅਕਤੀ ਬੈਠਾ ਹੈ। ਕੁੱਝ ਸਮੇਂ ਬਾਅਦ ਗੱਡੀਆਂ ਵਾਪਸ ਮੁੜ ਜਾਂਦੀਆਂ ਹਨ। ਕੋਈ ਰੌਲਾ ਰੱਪਾ ਨਹੀਂ, ਕੋਈ ਗੜਬੜ ਨਹੀਂ। ਸੰਤ ਭਿੰਡਰਾਵਾਲੇ ਦੇ ਭਤੀਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਹਨ ਕਿ ਮੈਨੂੰ ਤਾਂ ਰਾਤ 12 ਵਜੇ ਪੁਲਿਸ ਨੇ ਪਿੰਡ ਰੋਡੇ ਪਹੁੰਚਣ ਲਈ ਕਿਹਾ ਸੀ। ਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਹੈ। ਮੈਂ ਤੜਕੇ 4 ਵਜੇ ਪਿੰਡ ਪੁੱਜਾ। ਬਹੁਤ ਸਾਰੇ ਚੈਨਲਾਂ ਵਾਲੇ ਸਪਸ਼ਟ ਕਹਿ ਰਹੇ ਹਨ ਕਿ ਇਸ ਸਾਰੀ ਪ੍ਰਕਿਰਿਆ ਤੋਂ ਸਾਫ ਤੇ ਸ਼ਪੱਸਟ ਸਿੱਧ ਹੋ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਪੁਲਿਸ ਜਾਂ ਏਜੰਸੀਆਂ ਦੇ ਕਬਜੇ ਵਿੱਚ ਸੀ। ਖੈਰ ਕੁੱਝ ਵੀ ਹੋਵੇ, 23 ਅਪ੍ਰੈਲ ਸਵੇਰੇ ਪੌਣੇ ਸੱਤ ਵਜੇ ਅੰਮ੍ਰਿਤਪਾਲ ਸਿੰਘ ਮੋਗਾ ਪੁਲਿਸ ਦੀ ਹਿਰਾਸਤ ਵਿੱਚ ਸੀ।
ਪੁਲਿਸ ਦੀ ਟੀਮ ਉਸ ਨੂੰ ਸਿੱਧਾ ਹੀ ਬਠਿੰਡਾ ਏਅਰਪੋਰਟ ’ਤੇ ਲੈ ਗਈ, ਜਿੱਥੇ ਹਵਾਈ ਜਹਾਜ ਪਹਿਲਾਂ ਹੀ ਤਿਆਰ ਬਰ ਤਿਆਰ ਰੱਖਿਆ ਹੋਇਆ ਸੀ ਅਤੇ ਦੋ ਚਾਰ ਘੰਟਿਆਂ ਵਿੱਚ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਦਾ ਕਰ ਦਿੱਤਾ ਗਿਆ। ਜਿੱਥੇ ਪਹਿਲਾਂ ਹੀ ਉਸ ਦੇ 9 ਸਾਥੀ ਹਾਜ਼ਰ ਸਨ, ਇੱਥੇ ਇੱਕ ਗੱਲ ਵਿਸ਼ੇਸ਼ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਗ੍ਰਹਿ ਮੰਤਰੀ ਅਮਿਤਸ਼ਾਹ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਇੱਕ ਦੋ ਦਿਨਾਂ ਵਿੱਚ ਫੜ ਲਿਆ ਜਾਵੇਗਾ। ਉਸ ਦੇ ਇਹ ਕਹਿਣ ਤੋਂ ਦੂਸਰੇ ਦਿਨ ਹੀ ਇਹ ਗ੍ਰਿਫਤਾਰੀ ਵਾਲਾ ਨਾਟਕ ਹੋ ਗਿਆ। ਅਮਿਤਸ਼ਾਹ ਦੇ ਇਨ੍ਹਾਂ ਐਲਾਨਾਂ/ਬਿਆਨਾਂ ਤੋਂ ਇਹ ਪੂਰੀ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਇਸ ਸਾਰੇ ਘਟਨਾ ਕਰਮ ਅਤੇ ਵਰਤਾਰੇ ਦੇ ਸੂਤਰਧਾਰ ਅਤੇ ਕਰਤਾ ਧਰਤਾ ਅਮਿਤਸ਼ਾਹ ਜੀ ਆਪ ਹੀ ਹਨ। ਪਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਲਾ ਕਿਵੇਂ ਪਿਛੇ ਰਹਿ ਸਕਦੇ ਹਨ। ਉਨ੍ਹਾਂ ਨੇ 23 ਅਪ੍ਰੈਲ ਨੂੰ ਹੀ ਦੋ ਬਿਆਨ ਠੋਕੇ। ਪਹਿਲਾਂ ਇਹ ਕਿ ਮੈਂ ਤਾਂ ਸਾਰੀ ਰਾਤ ਸੁੱਤਾ ਹੀ ਨਹੀਂ, ਮੈਂ ਲਗਾਤਾਰ ਸਾਰੀ ਰਾਤ ਰਿਪੋਰਟ ਲੈਂਦਾ ਰਿਹਾ ਹਾਂ। ਇਹ ਸਾਰਾ ਕੁੱਝ ਮੇਰੇ ਰਾਹੀਂ ਹੀ ਹੋਇਆ ਹੈ ਅਤੇ ਦੂਸਰਾ ਇਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਕਿਸੇ ਨੂੰ ਵੀ ਏਕਤਾ, ਅਮਨ, ਸ਼ਾਂਤੀ, ਭਾਈਚਾਰਕ ਸਾਂਝ ਨੂੰ ਤਬਾਹ ਕਰਨ ਦੀ ਆਗਿਆ ਨਹੀਂ ਦੇੇਵੇਗੀ। ਅਜਿਹਾ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਕੇਜਰੀਵਾਲ ਨੇ ਵੀ ਦੱਸਣਾ ਸੀ ਕਿ ਪੰਜਾਬ ਦਾ ਚੌਧਰੀ ਭਗਵੰਤ ਮਾਨ ਨਹੀਂ ਬਲਕਿ ਉਸਤੋਂ ਵੀ ਵੱਡਾ ਚੌਧਰੀ ਮੈਂ ਹਾਂ। ਉਸ ਨੇ ਵੀ ਉਸੇ ਦਿਨ ਬਿਆਨ ਦਾਗਿਆ ਕਿ ਸਾਡੀ ਸਰਕਾਰ ਪੰਜਾਬ ਵਿੱਚ ਸ਼ਾਂਤੀ ਤੇ ਸੁਰੱਖਿਆ ਲਈ ਵਚਨਬੱਧ ਹੈ। ... .. .. ਭਗਵੰਤ ਮਾਨ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਹੈ। ਕੇਜਰੀਵਾਲ ਤੋਂ ਬਾਅਦ ਹਰਪਾਲ ਸਿੰਘ ਚੀਮਾ ਤੇ ਹੋਰ ਕਈਆਂ ਦੀ ਲਾਈਨ ਲੱਗ ਗਈ।
ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਦੇ ਨਾਂ ਤੇ ਜੋ ਵਰਤਾਰਾ ਵਰਤਦਾ ਆ ਰਿਹਾ ਹੈ ਇਹ ਮੋਦੀ -ਅਮਿਤਸ਼ਾਹ ਦੀ ਕੇਂਦਰੀ ਸਰਕਾਰ, ਆਰ.ਐਸ.ਐਸ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਪਲੈਨ ਕੀਤੀ ਗਈ ਇੱਕ ਰਾਜਸੀ ਚਾਲ ਹੈ ਬਿਰਤਾਂਤ (ਨੈਰੇਟਿਵ) ਹੈ ਜਿਸ ਦਾ ਉਦੇਸ਼ ਹੈ ਪੰਜਾਬ ਨੂੰ ਇੱਕ ਗੜ੍ਹਬੜ ਵਾਲਾ ਇਲਾਕਾ ਪੇਸ਼ ਕਰਕੇ ਬਾਕੀ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਣਾ ਅਤੇ ਇਸ ਦੇ ਆਧਾਰ ’ਤੇ 2024 ਦੀਆਂ ਚੋਣਾਂ ਜਿੱਤਣਾ, ਬਿਲਕੁੱਲ ਉਸੇ ਤਰਜ਼ ’ਤੇ ਜਿਸ ਤਰ੍ਹਾਂ 1980 ਵਿਆਂ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਅੱਗੇ ਰੱਖ ਕੇ ਪੰਜਾਬ ਦਾ ਮਾਹੌਲ ਸਿਰਜਿਆ ਸੀ ਅਤੇ ਹੁਣ ਜਿਹੋ ਜਿਹੇ ਅੰਦਾਜ਼ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਵਰਤਾਰਾ ਸਿਰਜਿਆ ਗਿਆ ਹੈ, ਉਸ ਨੇ ਸਾਡੇ ਅੰਦਾਜ਼ਿਆਂ ਤੇ ਖਦਸ਼ਿਆਂ ਨੂੰ ਸਹੀ ਸਾਬਤ ਕਰ ਦਿੱਤਾ ਹੈ। ਸਾਡਾ ਇਹ ਕਹਿਣਾ ਵੀ ਸਹੀ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਉਸ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਅਮਿਤਸ਼ਾਹ ਸਰਕਾਰ ਨੇ ਆਪਣੀ ਇਸ ਪਲੈਨਿੰਗ ਦਾ ਹਿੱਸਾ ਬਣਾਇਆ ਹੋਇਆ ਹੈ।
ਪੰਜਾਬ ਵਿੱਚ ਅਮਨਾਂ ਨੂੰ ਅੱਗ ਲਾਉਣ ਵਾਲੇ ਅਨਸਰਾਂ ਦੀਆਂ ਸਰਗਰਮੀਆਂ ਤਾਂ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਆ ਰਹੀਆਂ ਹਨ, ਜਿਨ੍ਹਾਂ ਦਾ ਅਸੀਂ ਸਮੇਂ ਸਮੇਂ ਤੇ ਨੋਟਿਸ ਲੈਂਦੇ ਰਹਿੰਦੇ ਹਾਂ ਅਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਰਹਿੰਦੇ ਹਾਂ, ਇਨ੍ਹਾਂ ਸਰਗਰਮੀਆਂ ਵਿੱਚ ਭਗਵੰਤ ਮਾਨ ਸਰਕਾਰ ਬਣਨ ਨਾਲ ਤੇਜ਼ੀ ਨਾਲ ਹੋਏ ਵਾਧੇ ਨੂੰ ਵੀ ਅਸੀਂ ਲਗਾਤਾਰ ਲੋਕਾਂ ਨੂੰ ਦੱਸਦੇ ਰਹਿੰਦੇ ਹਾਂ। ਇਨ੍ਹਾਂ ਗੰਭੀਰ ਪ੍ਰਸਥਿਤੀਆਂ ਵਿੱਚ 29 ਸਤੰਬਰ 2022 ਵਾਲੇ ਦਿਨ ਸੰਤ ਜਰਨੈਲ ਸਿੰਘ ਭਿੰਡਰਾਵਲੇ ਦੇ ਪਿੰਡ ਰੋਡੇ (ਜ਼ਿਲ੍ਹਾ-ਮੋਗਾ) ਵਿਖੇ ਅਚਾਨਕ ਇੱਕ ਬਹੁਤ ਹੀ ਰਹੱਸਮਈ ਢੰਗ ਨਾਲ ਤੇ ਫਿਲਮੀ ਸਟਾਇਲ ਵਿੱਚ ਅੰਮ੍ਰਿਤਪਾਲ ਸਿੰਘ ਦੀ ਜ਼ੋਰਦਾਰ ਐਂਟਰੀ (ਦਾਖਲਾ) ਹੁੰਦੀ ਹੈ। ਹਜ਼ਾਰਾਂ ਦਾ ਇਕੱਠ ਹੁੰਦਾ ਹੈ। ਅੰਮ੍ਰਿਤਪਾਲ ਸਿੰਘ ਨੂੰ ‘‘ਵਾਰਿਸ ਪੰਜਾਬ ਦੇ’’ ਜਥੇਬੰਦੀ ਦਾ ਮੁੱਖੀ ਐਲਾਨਿਆ ਜਾਂਦਾ ਹੈ, ਰਸਮ ਪੱਗੜੀ ਹੁੰਦੀ ਹੈ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੀਡੀਆ ਹਾਜ਼ਰ ਹੁੰਦਾ ਹੈ ਤੇ ਅੰਮ੍ਰਿਤਪਾਲ ਸਿੰਘ ਸੰਤ ਭਿੰਡਰਾਂਵਾਲਾ ਵਾਂਗ ਦਿਸਦੇ ਅੰਦਾਜ਼ ਵਿੱਚ ਸਾਹਮਣੇ ਆਉਂਦਾ ਹੈ। ਇਸ ਸਾਰੇ ਸਮਾਗਮ ਦਾ ਪ੍ਰਬੰਧ ਵੀ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਹੀ ਕੀਤਾ ਸੀ ਜਿਸ ਨੇ ਹੁਣ 23 ਅਪ੍ਰੈਲ ਨੂੰ ਅਮ੍ਰਿਤਪਾਲ ਸਿੰਘ ਦੀ ‘‘ਗ੍ਰਿਫਤਾਰੀ’’ ਦੇ ਨਾਟਕ ਦਾ ਪ੍ਰਬੰਧ ਕੀਤਾ ਹੈ। ਮੀਡੀਆ ਵਿੱਚ ਇਸ ਦੀ ਚਰਚਾ ਖੂਬ ਚਲ ਰਹੀ ਹੈ ਕਿ ਪੰਜਾਬ ਆਉਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੋ ਮਹੀਨੇ ਲਈ ਗੁਪਤ ਤੌਰ ’ਤੇ ਡੁਬਈ ਤੋਂ ਯੂਰੇਸ਼ੀਆਈ ਮੁਲਖ ਜਾਰਜੀਆ ਵਿੱਚ ਦੋ ਮਹੀਨੇ ਵਾਸਤੇ ਗਿਆ ਸੀ, ਜਿੱਥੇ ਉਸਦੇ ਚਿਹਰੇ ਦੀ ਸੰਤ ਭਿੰਡਰਾਵਾਲਿਆਂ ਨਾਲ ਮਿਲਦਾ ਜੁਲਦਾ ਦਿਖਾਉਣ ਲਈ ਕੌਸਮੈਟਿਕ ਸਰਜਰੀ ਕਰਵਾਈ ਗਈ ਸੀ।
ਖੈਰ 27 ਸਤੰਬਰ ਤੋਂ ਲੈ ਕੇ 17 ਮਾਰਚ ਤੱਕਲੱਗ ਪੱਗ 6 ਮਹੀਨੇ ਅੰਮ੍ਰਿਤਪਾਲ ਸਿੰਘ ਵਲੋਂ ਜੋ ਸਰਗਰਮੀਆਂ ਕੀਤੀਆਂ, ਭੜਕਾਊ ਭਾਸ਼ਨ ਦਿੱਤੇ ਗਏ। ਰੋਜ਼ਾਨਾ ਹਥਿਆਰਬੰਦਾਂ ਦੀਆਂ ਫੌਜਾਂ ਨਾਲ ਮਾਰਚ ਕੀਤੇ ਗਏ, ਗੁਰਦਵਾਰਿਆਂ ਵਿਚੋਂ ਕੁਰਸੀਆਂ, ਮੇਜ਼, ਡੈਸਕ, ਬੈਂਚ ਆਦਿ ਚੁੱਕ ਕੇ ਭੰਨੇ ਤੇ ਸਾੜੇ ਗਏ, .. .. .. ’ਤੇ ਅੰਤ ਅਜਨਾਲਾ ਥਾਣੇ ਤੇ ਹਮਲਾ ਕੀਤਾ ਗਿਆ ਤੇ ਉਸਤੋਂ ਬਾਅਦ ਵੀ ਪ੍ਰੋਗਰਾਮ ਚਲਦੇ ਰਹੇ, ਇਸ ਸਭ ਕੁੱਝ ਬਾਰੇ ਅਸੀਂ ਵੀ ਲਿਖਦੇ ਦੱਸਦੇ ਰਹੇ ਹਾਂ ਅਤੇ ਲੋਕ ਵੀ ਸਭ ਕੁੱਝ ਜਾਣਦੇ ਰਹੇ ਹਨ। ਇਸ ਬਾਰੇ ਚਰਚਾ ਕਰਨ ਦੀ ਹੁਣ ਬਹੁਤੀ ਲੋੜ ਨਹੀਂ ਰਹਿ ਗਈ ਹੈ। ਹੁਣ ਸਵਾਲਾਂ ਦਾ ਸਵਾਲ ਅਤੇ ਸਭ ਤੋਂ ਵੱਡਾ ਸਵਾਲ ਸਭ ਦੇ ਸਾਹਮਣੇ ਇਹ ਖੜ੍ਹਾ ਹੈ ਕਿ ਇਤਨਾ ਲੰਬਾ ਸਮਾਂ ਇਹ ਸਰਗਰਮੀਆਂ ਪੰਜਾਬ ਸਰਕਾਰ ਨੇ ਅਤੇ ਕੇਂਦਰ ਸਰਕਾਰ ਨੇ ਚਲਣ ਕਿਉਂ ਦਿੱਤੀਆਂ ਗਈਆਂ? ਜਦੋਂ ਉਹ ਗੁਰਦਵਾਰਿਆਂ ਵਿੱਚ ਕੁਰਸੀਆਂ, ਮੇਜ਼, ਬੈਂਚਾਂ ਨੂੰ ਭੰਨਦੇ ਅਤੇ ਫੂਕਦੇ ਸਨ, ਜਦੋਂ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਸੀ ਕਿ ਮੈਂ ਭਾਰਤੀ ਨਹੀਂ ਹਾਂ ਅਤੇ ਭਾਰਤ ਦਾ ਨਾਗਰਿਕ ਨਹੀਂ ਹਾਂ, ਜਦੋਂ ਤੁਹਾਨੂੰ (ਸਰਕਾਰਾਂ ਨੂੰ) ਪਤਾ ਲੱਗਾ ਕਿ ਉਸਦੇ ਆਈ.ਐਸ.ਐਸ. ਨਾਲ ਸਬੰਧ ਹਨ, ਜਦੋਂ ਉਸ ਵਿਰੁੱਧ ਲਗਾਤਰ ਐਫ.ਆਈ.ਆਰਜ਼ ਦਰਜ਼ ਹੋ ਰਹੀਆਂ ਸਨ, ਜਦੋਂ ਉਹ ਸੋਧੇ ਲਾਉਣ ਦੇ ਐਲਾਨ ਕਰ ਰਿਹਾ ਸੀ ਅਤੇ ਸਭ ਤੋਂ ਵਧ ਜਦੋਂ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ ਉਤੇ ਹਮਲਾ ਕੀਤਾ ਸੀ ਤਾਂ ਇਨ੍ਹਾਂ ਸਾਰਿਆਂ ਮੌਕਿਆਂ ਉਪਰ ਉਸ ਨੂੰ ਗ੍ਰਿਫਤਾਰ ਕਿਉਂ ਨਾ ਕੀਤਾ ਗਿਆ ਅਤੇ ਅੰਤ ਜਦੋਂ 18 ਮਾਰਚ ਵਾਲੇ ਦਿਨ ਉਸ ਨੂੰ ਗ੍ਰਿਫਤਾਰ ਕਰਨ ਲਈ ‘‘ਓਪਰੇਸ਼ਨ ਅੰਮ੍ਰਿਤਪਾਲ’’ ਸ਼ੁਰੂ ਕੀਤਾ ਗਿਆ ਤਾਂ ਇਤਨਾ ਵੱਡਾ ਪਰਪੰਚ ਕਿਉਂ ਰਚਿਆ ਗਿਆ? ਉਸ ਨੂੰ ਸਵੇਰੇ ਘਰੋਂ ਹੀ ਕਿਉਂ ਨਾ ਗ੍ਰਿਫਤਾਰ ਕੀਤਾ ਗਿਆ। ਘਰੋਂ ਨਹੀਂ ਤਾਂ ਘਰੋਂ ਬਾਹਰ ਨਿਕਲਦੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਇੱਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਸਾਢੇ ਬਾਰਾਂ ਹਜ਼ਾਰ ਦੀ ਗਿਣਤੀ ਵਿੱਚ ਕੇਂਦਰੀ ਫੋਰਸਾਂ ਕਿਉਂ ਮੰਗਵਾਈਆਂ ਗਈਆਂ ? ਕੀ ਪੰਜਾਬ ਦੀ 80,000 ਤੋਂ ਵੱਧ ਗਿਣਤੀ ਦੀ ਪੁਲਿਸ ਫੋਰਸ ਇੱਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਸੀ ?
ਅਸਲੀ ਮਨਸ਼ਾ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਇਹ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਨਾ ਚਾਹੁੰਦੀਆਂ ਹਨ ਤੇ ਸਾਰੇ ਦੇਸ਼ ਸਾਹਮਣੇ ਇਹ ਪੇਸ਼ ਕਰਨਾ ਚਾਹੁੰਦੀਆਂ ਹਨ ਕਿ ਦੇਖੋ ਪੰਜਾਬ ਵਿੱਚ ਕਿਤਨੀ ਵੱਡੀ ਦੇਸ਼ ਵਿਰੋਧੀ ਸਾਜ਼ਸ਼ ਅਤੇ ਲਹਿਰ ਚਲ ਰਹੀ ਸੀ, ਜਿਸ ਨੂੰ ਅਸੀਂ ਠੱਪ ਕਰ ਦਿੱਤਾ। ਸਾਰੇ ਪੰਜਾਬ ਵਿੱਚ ਕੇਂਦਰੀ ਫੋਰਸਾਂ ਅਤੇ ਪੰਜਾਬ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ। ਦਫਾ 144 ਲਗਾ ਦਿੱਤਾ ਗਈ। ਇੰਟਰਨੈਂਟ ਬੰਦ ਕਰ ਦਿੱਤਾ ਗਿਆ। ਵੱਡੇ ਪੈਮਾਨੇ ’ਤੇ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਗਿਆ। ਕੁੱਝ ਵਿਅਕਤੀਆਂ ਵਿਰੁੱਧ ਨੈਸ਼ਨਲ ਸਕਿਊਰਟੀ ਐਕਟ (ਐਨ.ਐਸ.ਏ.) ਲਗਾ ਕੇ ਉਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਆਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਭੇਜ ਦਿੱਤਾ ਗਿਆ ਅਤੇ ਸਾਰੇ ਦੇਸ਼ ਵਿੱਚ ਗੋਦੀ ਮੀਡੀਆ ਨੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਵਿੱਚ ਬਹੁਤ ਵੱਡੀ ਦੇਸ਼ ਵਿਰੋਧੀ ਸਾਜ਼ਿਸ਼ ਚਲ ਰਹੀ ਸੀ ਜਿਸ ਨੂੰ ਦਬਾ ਦਿੱਤਾ ਗਿਆ ਹੈ। ਠੱਪ ਕਰ ਦਿੱਤਾ ਗਿਆ ਹੈ। 500 ਤੋਂ ਵੱਧ ਗ੍ਰਿਫਤਾਰੀਆਂ ਕਰ ਲਈਆਂ ਗਈਆਂ। ਅੰਮ੍ਰਿਤਪਾਲ ਸਿੰਘ ਨੂੰ ਇੱਕ ‘ਰੌਬਿਨ ਹੁੱਡ’ ਦੇ ਤੌਰ ’ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪੂਰੇ 37 ਦਿਨ ਇਹੋ ਚੀਕ ਚਿਹਾੜਾ ਪਾਇਆ ਜਾਂਦਾ ਰਿਹਾ ਕਿ ਅੱਜ ਅੰਮ੍ਰਿਤਪਾਲ ਸਿੰਘ ਸ਼ਾਹਕੋਟ ਤੋਂ ਨਿਕਲ ਗਿਆ। ਅੱਜ ਲੁਧਿਆਣਾ ਦੇਖਿਆ ਗਿਆ, ਅੱਜ ਹਰਿਆਣੇ ਵਿੱਚ, ਅੱਜ ਪਟਿਆਲੇ ਵਿੱਚ, ਅੱਜ ਦਿੱਲੀ ਵਿੱਚ, ਅੱਜ ਉੱਤਰਾਖੰਡ ਵਿੱਚ, ਅੱਜ ਨੇਪਾਲ ਬਾਰਡਰ ’ਤੇ, ਅੱਜ ਰਾਜਸਥਾਨ ਵਿੱਚ ਫਿਰ ਹੁਸ਼ਿਆਰਪੁਰ ਵਿਖੇ, ਜਾਣ ਨਹੀਂ ਦਿਆਂਗੇ, ਭੱਜਣ ਨਹੀਂ ਦਿਆਂਗੇ, ਅੱਜ ਪੱਪਲਪ੍ਰੀਤ ਸਿੰਘ ਨੂੰ ਫੜ ਲਿਆ ਗਿਆ, ਅੱਜ ਫਲਾਣਾ ਸਿੰਘ ਨੱਪਿਆ ਗਿਆ। ਅੰਮ੍ਰਿਤਪਾਲ ਸਿੰਘ ਨੂੰ ਘੇਰ ਲਿਆ ਗਿਆ ਕੋਈ ਰਾਹ ਨਹੀਂ ਛੱਡਿਆ ਗਿਆ। ਪੂਰਾ ਸਵਾ ਮਹੀਨਾ ਇਹੀ ਡਰਾਮਾ ਜਾਰੀ ਰਿਹਾ। ਬਿੱਲੀ ਚੂਹੇ ਵਾਲੀ ਖੇਡ ਖੇਡੀ ਜਾਂਦੀ ਰਹੀ। ਅੰਮ੍ਰਿਤਪਾਲ ਸਿੰਘ ਅੱਗੇ-ਅੱਗੇ ਅਤੇ ਉਸ ਨੂੰ ਫੜਨ ਵਾਲੇ ਪਿਛੇ-ਪਿਛੇ। ਅੱਜ ਅੰਮ੍ਰਿਤਪਾਲ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਤਮ ਸਮੱਰਪਣ ਕਰੇਗਾ, ਅੱਜ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ, ਅੱਜ ਸ਼੍ਰੀ ਦਮਦਮਾ ਸਾਹਿਬ ਵਿਖੇ.. .. .. ਖੂਬ ਸੁਰਖੀਆਂ ਬਟੋਰੀਆਂ ਗਈਆਂ। ਦੇਸ਼ ਦੇ ਖਰੀਦੇ ਹੋਏ ਗੋਦੀ ਮੀਡੀਆ ਦੀਆਂ ਮੌਜਾਂ ਲੱਗੀਆਂ ਰਹੀਆਂ। ਰੋਜ ਦੀ ਰੋਜ਼ ਟੀ.ਆਰ.ਪੀ. ਵਧਦੀ ਗਈ।
ਜੇਕਰ 18 ਮਾਰਚ ਨੂੰ ਹੀ ਜਾਂ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਤਨੀ ਵੱਡੀ ਪਰਚਾਰ ਮੁਹਿੰਮ ‘ਕਿ ਪੰਜਾਬ ਅੰਦਰ ਇੱਕ ਬਹੁਤ ਵੱਡੀ ਸਾਜ਼ਿਸ਼ ਅਸਫਲ ਕਰ ਦਿੱਤੀ ਗਈ ਹੈ, ਕਿਵੇਂ ਚਲਦੀ’? ਪੰਜਾਬ ਵਿੱਚ ਅਤੇ ਦੇਸ਼ਾਂ ਵਿੱਚ ਖਾਲਿਸਤਾਨੀ ਅਨਸਰਾਂ ਵਲੋਂ ਜੋ ਧਮੱਚੜ ਇਨ੍ਹਾਂ ਦਿਨਾਂ ਵਿੱਚ ਪਾਇਆ ਗਿਆ ਹੈ, ਉਹ ਕਿਵੇਂ ਪੈਂਦਾ? ਜਿਸ ਦੇਸ਼ ਦੇ ਹਾਕਮ ਹੀ ਆਪਣੇ ਸੌੜੇ ਸਿਆਸੀ ਉਦੇਸ਼ਾਂ ਵਾਸਤੇ ਆਪਣੇ ਦੇਸ਼ ਵਿਰੁੱਧ ਹੀ ਸਾਜਿਸ਼ਾਂ ਕਰਦੇ ਹੋਣ, ਉਸਦਾ ਕੀ ਬਣੇਗਾ? ਸਾਡੇ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਸੋਚਣਾ ਹੋਵੇਗਾ।
ਲਹਿੰਬਰ ਸਿੰਘ ਤੱਗੜ
ਮੋਬਾ: 94635-42023

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ