Friday, June 21, 2024  

ਲੇਖ

ਗੁਰੂਦੇਵ ਰਵਿੰਦਰ ਨਾਥ ਟੈਗੋਰ

May 07, 2023

ਸਿਰਜਣਾ ਦਾ ਚਾਨਣ ਸਦੀਆਂ ਤੱਕ ਚਮਕਦਾ ਹੈ । ਨਿੱਜੀ ਕਾਬਲੀਅਤ ਦੀਵੇ ਦੀ ਬੱਤੀ ਸਮਾਨ ਹੈ ਜੋ ਅੰਦਰੂਨੀ ਕਲਾ ਨੂੰ ਬਾਹਰ ਲਿਆਉਂਦੀ ਹੈ । ਉਸ ਸ਼ਖਸੀਅਤ ਦਾ ਪ੍ਰਭਾਵ ਸਦੀਆਂ ਤੱਕ ਰਹਿੰਦਾ ਹੈ । ਜੋ ਕਲਾ ਦੇ ਰਾਹੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ । ਅਜਿਹੀ ਉੱਚੀ -ਸੁੱਚੀ ਸ਼ਖਸੀਅਤ ਦੇ ਧਾਰਨੀ ਸਨ ਭਾਰਤੀ ਸਾਹਿਤ ਦੇਗੁਰੂਦੇਵ ਰਵਿੰਦਰ ਨਾਥ ਟੈਗੋਰ ਜੀ। ਜਿਨ੍ਹਾਂ ਆਪਣੀ ਮਾਂ-ਬੋਲੀ ਬੰਗਾਲੀ ਨਾਲ ਅਥਾਹ ਪਿਆਰ ਕੀਤਾ । ਉਨ੍ਹਾਂ ਨੂੰ ਲੋਕ ਗੀਤਕਾਰ, ਨਾਟਕਕਾਰ, ਚਿੱਤਰਕਾਰ, ਕਵੀ, ਕਲਾਕਾਰ ਆਲੋਚਕ ਵਜੋ ਜਾਣਦੇ ਹਨ । ਜਦੋਂ ਰਾਸ਼ਟਰੀ ਗਾਣ ਸਕੂਲਾਂ ਵਿਚ ਗਾਇਆ ਜਾਂ ਕੌਮੀ ਤਿਉਹਾਰ ਮੌਕੇ ਵਜਦਾ ਹੈ , ਉਸ ਸਮੇਂ ਰਵਿੰਦਰ ਨਾਥ ਟੈਗੋਰ ਆਪ ਮੁਹਾਰੇ ਯਾਦ ਅਉਂਦੇ ਹਨ । ਉਹ ਭਾਰਤੀ ਸਾਹਿਤ ਦੇ ਗੁਰੂਦੇਵ ਸਨ ਜਿਨ੍ਹਾਂ ਨੇ ਦੁਨੀਆ ਦਾ ਸਰਵਉੱਚ ਨੋਬਲ ਪੁਰਸਕਾਰ ਜਿੱਤ ਭਾਰਤ ਦਾ ਨਾਮ ਉਚਾ ਕੀਤਾ ਤੇ ਆਪਣਾ ਸਾਰਾ ਜੀਵਨ ਕਲਾ ਲਈ ਸਮਰਪਿਤ ਰੱਖਿਆ । ਇਹ ਪੁਰਸਕਾਰ 1913 ਵਿੱਚ ਪੁਸਤਕ ਗੀਤਾਂਜਲੀ ਲਈ ਹਾਸਿਲ ਕੀਤਾ । ਇਸ ਤੋਂ ਪਹਿਲਾ ਸਿਰਫ ਯੂਰਪੀ ਲੋਕਾਂ ਨੂੰ ਮਿਲਦਾ ਸੀ । ਦੇਸ਼ ਦੇ ਪਹਿਲੇ ਨੋਬਲ ਇਨਾਮ ਜੇਤੂ ਸਾਹਿਤਕਰ ਬਣ ਦੁਨੀਆ ਵਿੱਚ ਭਾਰਤੀ ਸਾਹਿਤ ਦਾ ਲੋਹਾ ਮਨਵਾਇਆ ।
ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ, 1861 ਈ. ਨੂੰ ਕੋਲਕਾਤਾ ਦੇ ਅਮੀਰ ਬੈਨਰਜ਼ੀ ਘਰਾਣੇ ਵਿਚ ਹੋਇਆ । ਪਿਤਾ ਦਾ ਨਾਂ ਸ੍ਰੀ ਦੇਵਿੰਦਰ ਨਾਥ ਤੇ ਮਾਤਾ ਸਾਰਦਾ ਦੇਵੀ ਸੀ। ਬਚਪਨ ਵਿੱਚ ਹੀ ਮਾਂ ਦੇ ਚਲੇ ਜਾਣ ਪਿਛੋਂ ਵੀ ਜ਼ਿੰਦਗੀ ਦੀਆਂ ਦੁਸਵਾਰੀਆਂ ਛੱਡ ਆਪਣਾ ਜੀਵਨ ਮਾਨਵ ਭਲਾਈ ਦੇ ਲੇਖੇ ਲਾਇਆ । ਭਾਵੇਂ ਪਿਤਾ ਇੱਕ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇਹੋਏ ਵੀ ਜ਼ਾਤ-ਪਾਤ, ਛੂਤ-ਛਾਤ ਜਿਹੇ ਭਰਮਾਂ ਤੋਂ ਕੋਹਾ ਦੂਰ ਸਨ। ਉਨ੍ਹਾਂ ਦੇ ਘਰ ਵਿਚ ਹਮੇਸ਼ਾ ਧਾਰਮਿਕ ਵੰਨਗੀ ਦਾ ਮਹੋਲ ਰਹਿੰਦਾ ਸੀ। ਜਦੋ ਹਰਿਮੰਦਰ ਸਾਹਿਬ ਪਿਤਾ ਜੀ ਨਾਲ ਦਰਸ਼ਨ ਕਰਨ ਲਈ ਗਏ ਤਾਂ ਸਭ ਧਰਮਾਂ ਦਾ ਸਨਮਾਨ ਤੇ ਬਿਨਾ ਪੱਖਪਾਤ ਦੇ ਵਰਤਾਰਾ ਦੇਖ ਸਿੱਖ ਧਰਮ ਪ੍ਰਤੀ ਸ਼ਰਧਾ ਵਿੱਚ ਹੋਰ ਵਾਧਾ ਹੋ ਗਿਆ ।
ਮੁੱਢਲੀ ਸਿੱਖਿਆ ਦੀ ਪ੍ਰਾਪਤੀ ਅਧਿਆਪਕ ਤੋ ਘਰ ਵਿੱਚ ਰਹਿ ਕੇ ਪ੍ਰਾਪਤ ਕੀਤੀ । ਪਰ ਉਚੇਰੀ ਵਿਦਿਆ ਦੀ ਲਈ ਇੰਗਲੈਂਡ ਚਲੇ ਗਏ, ਕਵਿਤਾ ਲਿਖਣ, ਚਿੱਤਰਕਾਰੀ ਕਰਨ ਜਾਂ ਕਲਾਕਾਰੀ ਦੀਆਂ ਰੁਚੀਆਂ ਨੇ ਉਥੇ ਰਹਿਣ ਨਹੀਂ ਦਿੱਤਾ ਪੜ੍ਹਾਈ ਛੱਡ ਕੇ ਭਾਰਤ ਪਰਤ ਆਏ । ਕੁਦਰਤ ਦੇ ਨਜ਼ਾਰਿਆਂ ਨਾਲ ਇਕ-ਮਿਕ ਹੋ ਕੇ ਰਹਿਣਾ ਪਸੰਦ ਕਰਦੇ ਸਨ। ਮਿ੍ਰਣਾਲਿਨੀ ਦੇਵੀ ਨਾਲ ਵਿਆਹ ਪਿਛੋਂ ਜੀਵਨ ਵਿਚ ਪ੍ਰੇਮ ਭਰੀ ਅਨੋਖੀ ਲਹਿਰ ਦੀ ਰਵਾਨਗੀ ਹੋਈ । ਜਿਸ ਨਾਲ ਕਵਿਤਾ ਵਿਚ ਪ੍ਰੇਮ ਦਾ ਅਥਾਹ ਸਾਗਰ ਸਮਾ ਗਿਆ, ਜੋ ਸ਼ਬਦ ਰੂਪੀ ਲਹਿਰਾਂ ਨਾਲ ਬਾਹਰ ਨਿਕਲਣ ਲੱਗਾ। ਜਿਸ ਦਾ ਨਤੀਜਾ ਗੀਤਾਂਜਲੀ ਨਾਂ ਦਾ ‘ਕਾਵਿ ਸੰਗ੍ਰਹਿ ਲਿਖਿਆ ਜਿਸ ਨਾਲ ਨੋਬਲ ਪੁਰਸਕਾਰ ਮਿਲਿਆ। ਗੁਰੂਦੇਵ ਦੀਆਂ ਲਿਖਤਾਂ ਅਨੇਕ ਭਸ਼ਾਵਾਂ ਵਿੱਚ ਅਨੁਵਾਦਤ ਹੋਈਆ ਹਨ ।
ਸਾਹਿਤ ਦੀ ਪਗਡੰਡੀ ’ਤੇ ਚਲਣਾ ਬਚਪਨ ਦੀਆਂ ਅਠਖੇਲ਼ੀਆਂ ਵਿੱਚ ਹੀ ਸ਼ੁਰੂ ਹੋ ਗਿਆ। ਛੋਟੀ ਉਮਰ ਤੋਂ ਹੀ ਕਵਿਤਾ, ਨਾਵਲ, ਨਾਟਕ, ਇਕਾਂਗੀਆਂ, ਕਹਾਣੀਆਂ, ਨਿਬੰਧ ਆਦਿ ਲਿਖਣ ਲੱਗੇ । ਜ਼ਿਆਦਾਤਰ ਸਹਿਤ ਮਾਂ-ਬੋਲੀ ਬੰਗਾਲੀ ਵਿਚ ਹੀ ਰਚਿਆ । ਜਿਸ ਵਿੱਚ ਗੋਰਾ, ਸਾਧਨਾ , ਨਵਾਂ ਚੰਨ, ਪ੍ਰਭਾਤ ਦੇ ਗੀਤ, ਭੁੱਖੇ ਪੱਥਰ, ਪ੍ਰਾਰਥਨਾ, ਸ਼ਾਮ ਦੇ ਗੀਤ, ਤਾਰਾ, ‘ਕਾਬਲੀ ਵਾਲਾ, ਤਸਵੀਰਾਂ ਦਾ ਰਾਗ ਜਿਹੀਆਂ ਪ੍ਰਸਿੱਧ ਰਚਨਾਵਾਂ ਲਿਖ ਕੇ ਸਾਹਿਤ ਜਗਤ ਲਈ ਨਵੇਕਲੇ ਰਾਹ ਦਸੇਰੇ ਬਣੇ। ਕੁਝ ਇਕਾਂਗੀ, ਕਹਾਣੀਆਂ, ਨਾਟਕਾਂ ਆਦਿ ‘ਤੇ ਫਿਲਮਾਂ ਵੀ ਬਣੀਆਂ ਤੇ ਨਾਟਕ ਵੀ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਾਬਲੀ ਵਾਲਾ ਕਹਾਣੀ ਅਤੇ ਡਾਕ-ਘਰ ਨਾਟਕ ਕਾਫੀ ਮਕਬੂਲ ਹਨ।
ਸਿੱਖਿਆ ਨੂੰ ਮਨੁੱਖੀ ਗਿਆਨ ਲਈ ਅਹਿਮ ਮੰਨਦੇ ਸਨ। ਆਜ਼ਾਦ ਖਿਆਲਾਂ ਦੇ ਪਸਾਰੇ ਲਈ ਸੰਸਥਾ ਦੀ ਸਥਾਪਨਾ ਕੀਤੀ ਤਾਂ ਜੋ ਵਿਦਿਆਰਥੀ ਅਸਾਨੀ ਨਾਲ ਵਿਦਿਆ ਹਾਸਲ ਕਰ ਸਕਣ। ਉਨ੍ਹਾਂ ‘ਤੇ ਕੋਈ ਕਿਤਾਬੀ ਬੋਝ ਨਾ ਹੋਵੇ ਸਕੂਲ ਵਾਂਗ ਸੀਮਤ ਦਾਇਰੇ ਦੀ ਪੜ੍ਹਾਈ ਨਾ ਕਰਨ। ਆਪਣੇ ਸੁਪਨਿਆਂ ਦੇ ਸਕੂਲ ਨੂੰ ਸੰਜੋਣ ਲਈ ਸ਼ਾਂਤੀ ਨਿਕੇਤਨ ਦੀ ਸਥਾਪਨਾ ਕੀਤੀ। ਇਹ ਇਕ ਅਜਿਹੀ ਸੰਸਥਾ ਸੀ, ਜਿਸ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ । ਉਨ੍ਹਾਂ ਨੇ ਸਿਲੇਬਸ ਵਿਚ ਕਿਤਾਬੀ ਪੜ੍ਹਾਈ ਨਾਲੋਂ ਕਲਾਤਮਕਤਾ, ਕੁਦਰਤੀ ਦਿ੍ਰਸ਼ਾਂ ਦੇ ਚਿਤਰਣ ਲਈ ਚਿੱਤਰਕਾਰੀ, ਨਾਟਕ, ਨਾਵਲ, ਕਹਾਣੀ ਲੇਖਣ ਆਦਿ ਨੂੰ ਤਰਜ਼ੀਹ ਦਿੱਤੀ।ਜਿਥੇ ਸੰਸਾਰ ਭਰ ਦੇ ਸਾਹਿਤ , ਧਰਮ, ਰਾਜਨੀਤਕ, ਇਤਿਹਾਸ ਦੀਆ ਲਿਖਤਾ ਦਾ ਅਧਿਐਨ ਦੀ ਖੁੱਲ ਸੀ । ਇਹਨਾ ਖੋਜਾ ਦਾ ਮਹੱਤਵ ਮਨੁੱਖੀ ਵਿਕਾਸ ਤੇ ਸੁਨਹਿਰੀ ਭਵਿੱਖ ਵੱਲ ਕੇਦਰਿਤ ਸੀ । ‘ਸ਼ਾਂਤੀ ਨਿਕੇਤਨ’ ਵਿਸ਼ਵ ਵਿਦਿਆਲਾ ਦੇ ਰੂਪ ਵਿੱਚ ਫਲ-ਫੁੱਲ ਰਿਹਾ ਹੈ, ਦੇਸ਼-ਵਿਦੇਸ਼ ਦੇ ਵਿਦਿਆਰਥੀ ਸੇਧ ਪ੍ਰਪਤ ਕਰ ਰਹੇ ਹਨ।
ਟੈਗੋਰ ਸਾਹਿਤਕਾਰ ਹੀ ਨਹੀਂ ਬਲਕਿ ਇਕ ਸੱਚੇ ਦੇਸ਼-ਭਗਤ ਵੀ ਸਨ। ਦੇਸ ਪ੍ਰੇਮ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਸੀ। ਭਾਵੇਂ ਸਿੱਧੇ ਰੂਪ ਕਿਸੇ ਅਜ਼ਾਦੀ ਅੰਦੋਲਨ ਵਿਚ ਹਿੱਸਾ ਨਹੀਂ ਲਿਆ ਫਿਰ ਵੀ ਲਿਖਤਾਂ ਰਾਹੀਂ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਨੂੰ ਭੰਡਦੇ ਰਹੇ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਮਨ ਤੇ ਏਨਾ ਅਸਰ ਹੋਇਆ ਸੀ ਕਿ ਆਪ ਦੀ ਆਤਮਾ ਕੰਬ ਉੱਠੀ ਸੀ। ਉਸ ਦਾ ਹੀ ਅਸਰ ਸੀ ਕਿ ਮਹਾਤਮਾ ਗਾਂਧੀ ਵੱਲੋਂ ਚਲਾਈ ਜਾ ਰਹੀ ਨਾ-ਮਿਲਵਰਤਨ ਲਹਿਰ ਤੇ ਅਮਲ ਕਰਦਿਆਂ ਅੰਗਰੇਜ਼ ਸਰਕਾਰ ਵੱਲੋਂ ਮਿਲਿਆ “ਸਰ” ਦਾ ਖਿਤਾਬ ਵਾਪਸ ਕਰ ਦਿੱਤਾ ਜਿਸ ਨੂੰ ਪ੍ਰਾਪਤ ਕਰਨਾ ਕਿਸੇ ਵੀ ਨਾਗਰਿਕ ਵਾਸਤੇ ਮਾਣ ਵਾਲੀ ਗੱਲ ਹੁੰਦੀ ਸੀ । ਇਸੇ ਕਰਕੇ ਮਹਾਤਮਾ ਗਾਂਧੀ ਨੇ ‘ਗੁਰੂਦੇਵ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ।
ਇਹ ਮਹਾਨ ਸਾਹਿਤਕਾਰ ਅਤੇ ਦੇਸ਼ ਭਗਤ 6 ਅਗਸਤ 1941 ਈ. ਵਿਚ ਦੇਸ਼ ਵਾਸੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਉਹਨਾ ਵਲੋਂ ਸਾਹਿਤ ਤੇ ਕਲਾ ਵਿਚ ਯੋਗਦਾਨ ਬੇਸ਼ਕੀਮਤੀ ਹੈ। ਗੁਰੂਦੇਵ ਦੀ ਕਲਪਨਾ, ਚਿੰਤਨ ਅਤੇ ਸੰਵੇਦਨਤਾ ਦੇ ਸਰੀਲੇ ਮੇਲ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ । ਭਾਰਤ ਦੀ ਆਜ਼ਾਦ ਫਿਜ਼ਾ ਵਿੱਚ ਗੂੰਜਦਾ ਜਨ-ਗਨ-ਮਨ ਦਾ ਤਰਾਨਾ ਉਨ੍ਹਾਂ ਦੇ ਯੋਗਦਾਨ ਦੀ ਬੁਲੰਦੀ ਦਾ ਖੂਭਸੂਰਤ ਖਜ਼ਾਨਾ ਹੈ ।
ਐਡਵੋਕੇਟ ਰਵਿੰਦਰ ਸਿੰਘ
-ਮੋਬਾ: 78374-90309

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ